ਕੀ ਕਾਰਾਂ ਤੁਹਾਡੀ 'ਜਾਸੂਸੀ' ਕਰ ਰਹੀਆਂ ਹਨ, ਤੁਹਾਡੀ ਨਿੱਜੀ ਜ਼ਿੰਦਗੀ ਤੇ ਵਿੱਤੀ ਡਾਟਾ ਇੰਝ ਹੋ ਰਿਹਾ ਰਿਕਾਰਡ

ਤਸਵੀਰ ਸਰੋਤ, Getty Images
- ਲੇਖਕ, ਥਾਮਸ ਜਰਮੇਨ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਤੁਹਾਡੇ ਵਜ਼ਨ ਤੋਂ ਲੈ ਕੇ ਚਿਹਰੇ ਦੇ ਹਾਵ-ਭਾਵ ਅਤੇ ਤੁਸੀਂ ਕਿੱਥੇ ਜਾ ਰਹੇ ਹੋ, ਕਾਰਾਂ ਤੁਹਾਡੇ ਬਾਰੇ ਹੈਰਾਨ ਕਰਨ ਵਾਲੀ ਮਾਤਰਾ ਵਿੱਚ ਡਾਟਾ ਇਕੱਠਾ ਕਰ ਰਹੀਆਂ ਹਨ।
ਇਸ ਡਾਟੇ ਦਾ ਕੁਝ ਹਿੱਸਾ ਤਾਂ ਤੁਹਾਡੇ ਬੀਮੇ ਦੀ ਕੀਮਤ ਵੀ ਵਧਾ ਸਕਦਾ ਹੈ। ਪਰ ਕੁਝ ਸੌਖੇ ਕਦਮ ਚੁੱਕ ਕੇ ਤੁਸੀਂ ਇਸ 'ਤੇ ਕਾਬੂ ਕਰ ਸਕਦੇ ਹੋ ਕਿ ਕਾਰ ਕੰਪਨੀਆਂ ਤੁਹਾਡੇ ਬਾਰੇ ਕਿੰਨੀ ਜਾਣਕਾਰੀ ਇਕੱਠੀ ਕਰਨ।
ਕਾਰਾਂ ਕਦੇ ਆਜ਼ਾਦੀ ਦੀ ਨਿਸ਼ਾਨੀ ਹੁੰਦੀਆਂ ਸਨ। ਜਦੋਂ ਮੈਨੂੰ ਪਹਿਲੀ ਵਾਰ ਘਰ ਦੀ ਪੁਰਾਣੀ ਟੋਯੋਟਾ ਦੀਆਂ ਚਾਬੀਆਂ ਮਿਲੀਆਂ, ਉਹ ਮੇਰੀ ਜ਼ਿੰਦਗੀ ਦਾ ਖ਼ਾਸ ਮੌਕਾ ਸੀ। ਇਸਦਾ ਮਤਲਬ ਸੀ ਕਿ ਹੁਣ ਮੈਂ ਇੰਨਾ ਵੱਡਾ ਹੋ ਗਿਆ ਹਾਂ ਕਿ ਮਾਪਿਆਂ ਦੀ ਨਿਗਰਾਨੀ ਤੋਂ ਬਾਹਰ ਆਪਣੀਆਂ ਮਰਜ਼ੀ ਦੇ ਫ਼ੈਸਲੇ ਕਰ ਸਕਾਂ। ਪਰ ਹੁਣ ਸਮਾਂ ਬਦਲ ਗਿਆ ਹੈ।
ਆਧੁਨਿਕ ਕਾਰਾਂ ਹੁਣ ਪਹੀਆਂ ਉੱਤੇ ਚੱਲਣ ਵਾਲੇ ਕੰਪਿਊਟਰ ਬਣ ਚੁੱਕੀਆਂ ਹਨ ਅਤੇ ਵੱਡੀਆਂ ਕੰਪਨੀਆਂ ਇਨ੍ਹਾਂ ਰਾਹੀਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਇਕੱਠੀ ਕਰਕੇ ਪੈਸਾ ਕਮਾ ਰਹੀਆਂ ਹਨ।
ਜੇ ਤੁਸੀਂ ਸੋਚਦੇ ਹੋ ਕਿ ਗੱਡੀ ਚਲਾਉਣਾ ਅੱਜ ਵੀ ਇਕੱਲੇਪਨ ਅਤੇ ਆਜ਼ਾਦੀ ਦਾ ਅਹਿਸਾਸ ਦਿੰਦਾ ਹੈ, ਤਾਂ ਇੱਥੇ ਮੁੜ ਵਿਚਾਰ ਕਰਨਾ ਬਣਦਾ ਹੈ ਅਤੇ ਲੱਗਦਾ ਹੈ ਕਿ ਹਾਲਾਤ ਹੋਰ ਵੀ ਖ਼ਰਾਬ ਹੋਣ ਵਾਲੇ ਹਨ।
ਕਾਰ ਕੰਪਨੀਆਂ ਆਪਣੀਆਂ ਪਰਾਈਵੇਸੀ ਨੀਤੀਆਂ ਵਿੱਚ ਖ਼ੁਦ ਦੱਸਦੀਆਂ ਹਨ ਕਿ ਉਹ ਕਿਹੜੀ ਜਾਣਕਾਰੀ ਇਕੱਠੀ ਕਰਦੀਆਂ ਹਨ। ਇਸ ਵਿੱਚ ਇਹ ਵੀ ਸ਼ਾਮਲ ਹੋ ਸਕਦਾ ਹੈ ਕਿ ਤੁਸੀਂ ਕਿੱਥੇ-ਕਿੱਥੇ ਜਾਂਦੇ ਹੋ, ਕਾਰ ਵਿੱਚ ਤੁਹਾਡੇ ਨਾਲ ਕੌਣ ਬੈਠਾ ਹੈ, ਰੇਡੀਓ 'ਤੇ ਕੀ ਚੱਲ ਰਿਹਾ ਹੈ ਅਤੇ ਤੁਸੀਂ ਸੀਟਬੈਲਟ ਲਗਾਈ ਹੈ ਜਾਂ ਨਹੀਂ।
ਇਹ ਵੀ ਦੇਖਿਆ ਜਾ ਸਕਦਾ ਹੈ ਕਿ ਤੁਸੀਂ ਤੇਜ਼ ਗੱਡੀ ਚਲਾਉਂਦੇ ਹੋ ਜਾਂ ਅਚਾਨਕ ਬ੍ਰੇਕ ਮਾਰਦੇ ਹੋ।
ਕੁਝ ਕਾਰਾਂ ਤੁਹਾਡੇ ਬਾਰੇ ਅਜਿਹੀਆਂ ਜਾਣਕਾਰੀਆਂ ਵੀ ਇਕੱਠੀਆਂ ਕਰ ਸਕਦੀਆਂ ਹਨ ਜਿਨ੍ਹਾਂ ਦੀ ਤੁਸੀਂ ਕਦੇ ਉਮੀਦ ਨਹੀਂ ਕਰਦੇ, ਜਿਵੇਂ ਤੁਹਾਡਾ ਵਜ਼ਨ, ਉਮਰ, ਨਸਲ ਜਾਂ ਚਿਹਰੇ ਦੇ ਹਾਵ-ਭਾਵ।
ਕੀ ਤੁਸੀਂ ਨੱਕ ਵਿੱਚ ਉਂਗਲ ਪਾਉਂਦੇ ਹੋ? ਕੁਝ ਕਾਰਾਂ ਦੇ ਅੰਦਰ ਡਰਾਈਵਰ ਸੀਟ ਵੱਲ ਮੂੰਹ ਕੀਤੇ ਕੈਮਰੇ ਵੀ ਹੁੰਦੇ ਹਨ ਅਤੇ ਜ਼ਿਆਦਾਤਰ ਕਾਰਾਂ ਵਿੱਚ ਇੰਟਰਨੈੱਟ ਕਨੈਕਸ਼ਨ ਹੁੰਦਾ ਹੈ, ਜਿਸ ਰਾਹੀਂ ਇਹ ਸਾਰਾ ਡਾਟਾ ਤੁਹਾਨੂੰ ਬਿਨਾਂ ਪਤਾ ਲੱਗੇ ਕੰਪਨੀਆਂ ਤੱਕ ਭੇਜਿਆ ਜਾ ਸਕਦਾ ਹੈ।
ਇਹ ਪਰਾਈਵੇਸੀ ਦਾ ਅਜਿਹਾ ਮਸਲਾ ਹੈ ਜੋ ਤੁਹਾਡੇ ਪੈਸਾ ਦਾ ਨੁਕਸਾਨ ਵੀ ਕਰਵਾ ਸਕਦਾ ਹੈ। ਕਾਰਾਂ ਦੇ ਡਾਟੇ ਦੇ ਸਭ ਤੋਂ ਵੱਡੇ ਗਾਹਕਾਂ ਵਿੱਚ ਬੀਮਾ ਕੰਪਨੀਆਂ ਸ਼ਾਮਲ ਹਨ ਅਤੇ ਉਹ ਇਸ ਡਾਟੇ ਦੀ ਵਰਤੋਂ ਕੁਝ ਲੋਕਾਂ ਤੋਂ ਵੱਧ ਪੈਸੇ ਲੈਣ ਲਈ ਕਰ ਰਹੀਆਂ ਹਨ।
ਪਰ ਇਹ ਪਤਾ ਨਹੀਂ ਲੱਗਦਾ ਕਿ ਤੁਹਾਡੀ ਜਾਣਕਾਰੀ ਆਖ਼ਿਰ ਕਿੱਥੇ ਜਾ ਰਹੀ ਹੈ। ਕੁਝ ਕਾਰ ਕੰਪਨੀਆਂ ਮੰਨਦੀਆਂ ਹਨ ਕਿ ਉਹ ਤੁਹਾਡਾ ਡਾਟਾ ਵੇਚਦੀਆਂ ਹਨ, ਪਰ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਇਹ ਡਾਟਾ ਕੌਣ ਖਰੀਦ ਰਿਹਾ ਹੈ।

ਤਸਵੀਰ ਸਰੋਤ, Serenity Strull/ Getty Images
ਤੁਹਾਨੂੰ ਇਹ ਸਭ ਕੁਝ ਥੋੜ੍ਹਾ ਡਰਾਉਣਾ ਵੀ ਲੱਗ ਸਕਦਾ ਹੈ। ਮਾਹਰਾਂ ਦੇ ਮੁਤਾਬਕ, ਜ਼ਿਆਦਾਤਰ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਸਭ ਹੋ ਰਿਹਾ ਹੈ।
ਵਾਸ਼ਿੰਗਟਨ ਡੀਸੀ ਦੇ ਬਰੂਕਿੰਗਜ਼ ਇੰਸਟੀਚਿਊਟ ਦੇ ਸੈਂਟਰ ਫ਼ਾਰ ਟੈਕਨਾਲੋਜੀ ਇਨੋਵੇਸ਼ਨ ਦੇ ਸੀਨੀਅਰ ਫੈਲੋ ਡੈਰਲ ਵੈਸਟ ਕਹਿੰਦੇ ਹਨ, "ਲੋਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਉਨ੍ਹਾਂ ਦੀ ਕਾਰ ਕਿੰਨੀ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਹੋਰ ਲੋਕਾਂ ਤੱਕ ਭੇਜਦੀ ਹੈ, ਭਾਵੇਂ ਉਹ ਕੰਪਨੀ ਹੋਵੇ ਜਾਂ ਥਰਡ ਪਾਰਟੀ ਐਪਲੀਕੇਸ਼ਨ ਨੂੰ।"
"ਇਸਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਲਗਭਗ ਹਰ ਸਕਿੰਟ ਦੇ ਹਿਸਾਬ ਨਾਲ ਦੁਬਾਰਾ ਸਮਝਿਆ ਜਾ ਸਕਦਾ ਹੈ।"
ਹੁਣ ਕੁਝ ਬੇਚੈਨੀ ਮਹਿਸੂਸ ਹੋ ਰਹੀ ਹੈ ਨਾ? ਇੱਕ ਸੰਘੀ ਕਾਨੂੰਨ ਜਲਦੀ ਹੀ ਇਹ ਡਾਟਾ ਵਧਾਉਣ ਵਾਲਾ ਹੈ ਕਿ ਤੁਹਾਡੀ ਕਾਰ ਤੁਹਾਡੇ ਬਾਰੇ ਕਿੰਨੀ ਜਾਣਕਾਰੀ ਇਕੱਠੀ ਕਰ ਸਕਦੀ ਹੈ।
ਇਸ ਕਾਨੂੰਨ ਤਹਿਤ ਅਮਰੀਕੀ ਕਾਰ ਕੰਪਨੀਆਂ ਨੂੰ ਇਨਫਰਾਰੈੱਡ ਬਾਇਓਮੈਟ੍ਰਿਕ ਕੈਮਰੇ ਅਤੇ ਹੋਰ ਸਿਸਟਮ ਲਗਾਉਣੇ ਪੈਣਗੇ, ਜੋ ਤੁਹਾਡੀ ਬਾਡੀ ਲੈਂਗਵੇਜ, ਅੱਖਾਂ ਦੀ ਹਰਕਤ ਜਾਂ ਹੋਰ ਵਿਹਾਰ 'ਤੇ ਨਜ਼ਰ ਰੱਖਣਗੇ ਤਾਂ ਜੋ ਪਤਾ ਲੱਗ ਸਕੇ ਕਿ ਤੁਸੀਂ ਬਹੁਤ ਨਸ਼ੇ ਵਿੱਚ ਹੋ ਜਾਂ ਗੱਡੀ ਚਲਾਉਣ ਲਈ ਬਹੁਤ ਥੱਕੇ ਹੋਏ ਹੋ।
ਪਰ ਇਸ ਨਾਲ ਤੁਹਾਡੀ ਸਿਹਤ ਅਤੇ ਆਦਤਾਂ ਬਾਰੇ ਨਵਾਂ ਡਾਟਾ ਵੀ ਇਕੱਠਾ ਹੋਵੇਗਾ ਅਤੇ ਕੋਈ ਨਿਯਮ ਨਹੀਂ ਹਨ ਜੋ ਇਹ ਤੈਅ ਕਰਨ ਕਿ ਕਾਰ ਕੰਪਨੀਆਂ ਇਸ ਜਾਣਕਾਰੀ ਨਾਲ ਕੀ ਕਰ ਸਕਦੀਆਂ ਹਨ।
ਬੇਸ਼ੱਕ, ਇਸਦੇ ਕੁਝ ਫਾਇਦੇ ਵੀ ਹਨ। ਇੰਟਰਨੈੱਟ ਨਾਲ ਜੁੜੀਆਂ ਕਾਰਾਂ ਜ਼ਿਆਦਾ ਸੁਵਿਧਾਜਨਕ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਲੱਗੇ ਸੈਂਸਰ ਡਰਾਈਵਿੰਗ ਨੂੰ ਹੋਰ ਸੁਰੱਖਿਅਤ ਅਤੇ ਆਰਾਮਦਾਇਕ ਬਣਾ ਸਕਦੇ ਹਨ।
ਇਸ ਦੇ ਨਾਲ ਹੀ ਬੀਮਾ ਕੰਪਨੀਆਂ ਇਹ ਵੀ ਫ਼ੈਸਲਾ ਕਰ ਸਕਦੀਆਂ ਹਨ ਕਿ ਤੁਸੀਂ ਚੰਗੇ ਡਰਾਈਵਰ ਹੋ, ਇਸ ਲਈ ਤੁਹਾਡੇ ਤੋਂ ਘੱਟ ਪੈਸੇ ਲਏ ਜਾਣ।
ਪਰ ਜਦੋਂ ਕਾਰ ਕੰਪਨੀਆਂ ਆਪਣੇ ਡਾਟੇ ਦਾ ਜਾਲ ਹੋਰ ਵਧਾ ਰਹੀਆਂ ਹਨ, ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕਾਰ ਦੇ ਅੰਦਰ ਅਸਲ ਵਿੱਚ ਕੀ ਹੋ ਰਿਹਾ ਹੈ ਅਤੇ ਇਸਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ।

ਤਸਵੀਰ ਸਰੋਤ, Getty Images
ਡਾਟੇ ਦਾ ਸੁਪਰਹਾਈਵੇਅ
ਜੇ ਤੁਹਾਡੀ ਕਾਰ ਕੁਝ ਹੱਦ ਤੱਕ ਵੀ ਨਵੀਂ ਹੈ, ਤਾਂ ਸੰਭਾਵਨਾ ਹੈ ਕਿ ਇਹ ਵੀ ਇਸ ਵਿੱਚ ਸ਼ਾਮਲ ਹੈ।
ਕਨਸਲਟਿੰਗ ਕੰਪਨੀ ਮੈਕਿਨਜ਼ੀ ਦੇ ਮੁਤਾਬਕ 2021 ਵਿੱਚ ਸੜਕਾਂ 'ਤੇ ਚੱਲ ਰਹੀਆਂ 50% ਕਾਰਾਂ ਇੰਟਰਨੈੱਟ ਨਾਲ ਜੁੜੀਆਂ ਹੋਈਆਂ ਸਨ ਅਤੇ ਕੰਪਨੀ ਨੇ ਅਨੁਮਾਨ ਲਾਇਆ ਸੀ ਕਿ 2030 ਤੱਕ ਇਹ ਗਿਣਤੀ 95% ਹੋ ਜਾਵੇਗੀ।
ਜੇ ਤੁਹਾਡੀ ਕਾਰ ਇੰਟਰਨੈੱਟ ਨਾਲ ਜੁੜੀ ਹੋਈ ਹੈ, ਤਾਂ ਪਰਾਈਵੇਸੀ, ਲਗਭਗ ਯਕੀਨੀ ਤੌਰ 'ਤੇ ਉਹ ਮਸਲਾ ਹੈ ਜਿਸ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ।
ਕਾਰ ਕੰਪਨੀਆਂ ਉਸ ਵੇਲੇ ਵੀ ਤੁਹਾਡੀ ਜਾਣਕਾਰੀ ਦੇਖ ਸਕਦੀਆਂ ਹਨ ਜਦੋਂ ਤੁਸੀਂ ਆਪਣਾ ਫੋਨ ਕਾਰ ਦੇ ਇਨਫੋਟੇਨਮੈਂਟ ਸਿਸਟਮ ਨਾਲ ਜੋੜਦੇ ਹੋ ਜਾਂ ਡਰਾਈਵਿੰਗ ਲਈ ਬਣੀਆਂ ਕੁਝ ਐਪਸ ਵਰਤਦੇ ਹੋ।
ਕੁਝ ਡਰਾਈਵਰ ਬੀਮਾ ਕੰਪਨੀਆਂ ਦੇ ਟੈਲੀਮੈਟ੍ਰਿਕਸ ਸਿਸਟਮ ਵੀ ਵਰਤਦੇ ਹਨ, ਜੋ ਸੰਭਾਵਿਤ ਛੂਟ ਦੇ ਬਦਲੇ ਤੁਹਾਡੀ ਨਿਗਰਾਨੀ ਕਰਦੇ ਹਨ।
2023 ਵਿੱਚ ਫਾਇਰਫਾਕਸ ਬ੍ਰਾਊਜ਼ਰ ਬਣਾਉਣ ਵਾਲੀ ਕੰਪਨੀ ਮੋਜ਼ਿਲਾ ਨੇ 25 ਕਾਰ ਬ੍ਰਾਂਡਾਂ ਦੀਆਂ ਪਰਾਈਵੇਸੀ ਨੀਤੀਆਂ ਦਾ ਅਧਿਐਨ ਕੀਤਾ।
ਹਰ ਇੱਕ ਬ੍ਰਾਂਡ ਮੋਜ਼ਿਲਾ ਦੇ ਪਰਾਈਵੇਸੀ ਅਤੇ ਸੁਰੱਖਿਆ ਮਾਪਦੰਡਾਂ 'ਤੇ ਖਰਾ ਨਹੀਂ ਉਤਰਿਆ। ਮੋਜ਼ਿਲਾ ਨੇ ਕਿਹਾ ਕਿ ਕਾਰਾਂ "ਉਹ ਸਭ ਤੋਂ ਖ਼ਰਾਬ ਉਤਪਾਦ ਸ਼੍ਰੇਣੀ ਹਨ ਜਿਸਦੀ ਅਸੀਂ ਕਦੇ ਪਰਾਈਵੇਸੀ ਦੇ ਮਾਮਲੇ ਵਿੱਚ ਸਮੀਖਿਆ ਕੀਤੀ ਹੈ।"
ਰਿਪੋਰਟ ਮੁਤਾਬਕ, ਕਾਰ ਕੰਪਨੀਆਂ ਤੁਹਾਡਾ ਨਾਮ, ਉਮਰ, ਨਸਲ, ਵਜ਼ਨ, ਵਿੱਤੀ ਜਾਣਕਾਰੀ, ਚਿਹਰੇ ਦੇ ਹਾਵ-ਭਾਵ, ਮਨੋਵਿਗਿਆਨਕ ਰੁਝਾਨ ਅਤੇ ਹੋਰ ਬਹੁਤ ਕੁਝ ਇਕੱਠਾ ਕਰਨ ਦਾ ਹੱਕ ਆਪਣੇ ਕੋਲ ਰੱਖਦੀਆਂ ਹਨ।
ਉਦਾਹਰਨ ਵਜੋਂ, ਕੀਆ ਦੀ ਪਰਾਈਵੇਸੀ ਨੀਤੀ ਇਹ ਵੀ ਦਰਸਾਉਂਦੀ ਹੈ ਕਿ ਕੰਪਨੀ ਤੁਹਾਡੀ "ਜਿਨਸੀ ਜ਼ਿੰਦਗੀ" ਅਤੇ ਆਮ ਸਿਹਤ ਬਾਰੇ ਜਾਣਕਾਰੀ ਵੀ ਇਕੱਠੀ ਕਰ ਸਕਦੀ ਹੈ।
ਕੀਆ ਦੇ ਬੁਲਾਰੇ ਜੇਮਜ਼ ਬੈਲ ਕਹਿੰਦੇ ਹਨ ਕਿ ਕੰਪਨੀ ਨੇ ਕਦੇ ਵੀ ਡਰਾਈਵਰਾਂ ਦੀ ਜਿਨਸੀ ਜ਼ਿੰਦਗੀ ਜਾਂ ਸਿਹਤ ਬਾਰੇ ਡਾਟਾ ਇਕੱਠਾ ਨਹੀਂ ਕੀਤਾ।
ਉਹ ਕਹਿੰਦੇ ਹਨ ਕਿ ਇਹ ਜਾਣਕਾਰੀ ਸਿਰਫ਼ ਇਸ ਲਈ ਪਰਾਈਵੇਸੀ ਨੀਤੀ ਵਿੱਚ ਦਰਜ ਹੈ ਕਿਉਂਕਿ ਕੰਪਨੀ ਕੈਲੀਫ਼ੋਰਨੀਆ ਵਿੱਚ "ਸੰਵੇਦਨਸ਼ੀਲ ਡਾਟੇ" ਦੀ ਪਰਿਭਾਸ਼ਾ ਦਰਸਾ ਰਹੀ ਹੈ।
ਬੈਲ ਮੁਤਾਬਕ, ਕੀਆ ਦੀਆਂ ਪਰਾਈਵੇਸੀ ਨੀਤੀਆਂ ਪਾਰਦਰਸ਼ੀ ਹਨ ਅਤੇ ਕੰਪਨੀ ਸਿਰਫ਼ ਉਸ ਵੇਲੇ ਹੀ ਬੀਮਾ ਕੰਪਨੀਆਂ ਨਾਲ ਡਾਟਾ ਸਾਂਝਾ ਕਰਦੀ ਹੈ ਜਦੋਂ ਡਰਾਈਵਰ ਇਸ ਲਈ ਸਹਿਮਤੀ ਦਿੰਦੇ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਕਿਸਮ ਦਾ "ਸੰਵੇਦਨਸ਼ੀਲ ਡਾਟਾ" ਇਕੱਠਾ ਕਰਦੀ ਹੈ।

ਤਸਵੀਰ ਸਰੋਤ, Serenity Strull/ Getty Images
ਇਹ ਸਭ ਕਲਪਨਾ ਕਰਨਾ ਥੋੜ੍ਹਾ ਔਖਾ ਹੋ ਸਕਦਾ ਹੈ, ਪਰ ਕਾਰਾਂ ਵਿੱਚ ਹਰ ਥਾਂ ਸੈਂਸਰ ਲੱਗੇ ਹੁੰਦੇ ਹਨ, ਸੀਟਾਂ ਵਿੱਚ, ਡੈਸ਼ਬੋਰਡ ਵਿੱਚ, ਇੰਜਣ ਵਿੱਚ, ਸਟੀਅਰਿੰਗ ਵਿੱਚ, ਲਗਭਗ ਹਰ ਜਗ੍ਹਾ।
ਉਦਾਹਰਨ ਲਈ, ਕਈ ਕਾਰਾਂ ਦੇ ਅੰਦਰ ਅਤੇ ਬਾਹਰ ਕੈਮਰੇ ਲੱਗੇ ਹੁੰਦੇ ਹਨ। ਜੇ ਤੁਸੀਂ ਆਧੁਨਿਕ ਕਾਰ ਵਿੱਚ ਕੁਝ ਵੀ ਕਰ ਰਹੇ ਹੋ, ਤਾਂ ਸੰਭਾਵਨਾ ਹੈ ਕਿ ਕੰਪਨੀਆਂ ਕੋਲ ਉਸ ਬਾਰੇ ਜਾਣਨ ਦਾ ਕੋਈ ਨਾ ਕੋਈ ਤਰੀਕਾ ਹੈ।
ਮੋਜ਼ਿਲਾ ਨੂੰ ਪਤਾ ਲੱਗਿਆ ਕਿ 19 ਕਾਰ ਕੰਪਨੀਆਂ ਨੇ ਕਿਹਾ ਕਿ ਉਹ ਤੁਹਾਡਾ ਡਾਟਾ ਵੇਚ ਸਕਦੀਆਂ ਹਨ ਅਤੇ ਅਸਲ ਵਿੱਚ ਇਹੀ ਹੋ ਰਿਹਾ ਹੈ।
ਉਦਾਹਰਨ ਲਈ, ਅਮਰੀਕਾ ਦੀਆਂ ਰਾਜ ਅਤੇ ਸੰਘੀ ਏਜੰਸੀਆਂ, ਦੋਵਾਂ ਨੇ ਜਨਰਲ ਮੋਟਰਜ਼ (ਜੀਐੱਮ) ਖ਼ਿਲਾਫ਼ ਕਾਰਵਾਈ ਕੀਤੀ ਕਿਉਂਕਿ ਇਲਜ਼ਾਮ ਸੀ ਕਿ ਕੰਪਨੀ ਨੇ ਬਿਨਾਂ ਮਨਜ਼ੂਰੀ ਕਾਰਾਂ ਦੀ ਲੋਕੇਸ਼ਨ ਦਾ ਡਾਟਾ ਵੇਚਿਆ।
ਅਮਰੀਕੀ ਸੈਨੇਟਰਾਂ ਨੇ ਹੋਂਡਾ ਅਤੇ ਹੁੰਡਈ ਉੱਤੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ ਅਤੇ ਇਹ ਤਾਂ ਸਿਰਫ਼ ਉਹ ਮਾਮਲੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੈ।
ਮੋਜ਼ਿਲਾ ਦੀ ਕਾਰ ਰਿਸਰਚ ਦੀ ਅਗਵਾਈ ਕਰਨ ਵਾਲੀ ਪਰਾਈਵੇਸੀ ਵਿਸ਼ਲੇਸ਼ਕ ਜੈਨ ਕੈਲਟ੍ਰਾਈਡਰ ਕਹਿੰਦੀ ਹੈ, "ਉਹ ਤੁਹਾਡੇ ਬਾਰੇ ਇਕੱਠੀ ਕੀਤੀ ਸਾਰੀ ਜਾਣਕਾਰੀ ਵਰਤ ਰਹੇ ਹਨ, ਜੋ ਕਿ ਬਹੁਤ ਜ਼ਿਆਦਾ ਹੁੰਦੀ ਹੈ।"
"ਇਸ ਦੇ ਆਧਾਰ 'ਤੇ ਇਹ ਅਨੁਮਾਨ ਲਗਾ ਰਹੇ ਹਨ ਕਿ ਤੁਸੀਂ ਕੌਣ ਹੋ, ਤੁਸੀਂ ਕਿੰਨੇ ਸਮਝਦਾਰ ਹੋ, ਤੁਹਾਡਾ ਮਨੋਵਿਗਿਆਨਕ ਪ੍ਰੋਫ਼ਾਈਲ ਕੀ ਹੈ ਅਤੇ ਤੁਹਾਡੇ ਰਾਜਨੀਤਕ ਵਿਚਾਰ ਕੀ ਹਨ। ਇਹ ਉਹ ਗੱਲਾਂ ਹਨ ਜਿਨ੍ਹਾਂ ਬਾਰੇ ਲੋਕ ਆਮ ਤੌਰ 'ਤੇ ਸੋਚਦੇ ਵੀ ਨਹੀਂ।"
ਕੈਲਟ੍ਰਾਈਡਰ ਕਹਿੰਦੀ ਹੈ ਕਿ ਇਸ ਡਾਟੇ ਨੂੰ ਕੌਣ ਖਰੀਦ ਸਕਦਾ ਹੈ ਜਾਂ ਇਸਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਬਾਰੇ ਲਗਭਗ ਕੋਈ ਨਿਯਮ ਨਹੀਂ ਹਨ। ਇਸ ਡਾਟੇ ਦੀ ਵਰਤੋਂ ਤੁਹਾਨੂੰ ਚੀਜ਼ਾਂ ਵੇਚਣ ਲਈ ਕੀਤੀ ਜਾ ਸਕਦੀ ਹੈ।
ਕੰਪਨੀਆਂ ਇਸਨੂੰ ਨੌਕਰੀ 'ਤੇ ਰੱਖਣ ਦੇ ਫ਼ੈਸਲੇ ਕਰਨ ਲਈ ਵੀ ਵਰਤ ਸਕਦੀਆਂ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਦੋਂ ਤਲਾਸ਼ੀ ਵਾਰੰਟ ਨਹੀਂ ਮਿਲਦਾ ਤਾਂ ਉਹ ਉਸ ਵੇਲੇ ਕਾਰਾਂ ਦਾ ਡਾਟਾ ਖਰੀਦ ਸਕਦੀਆਂ ਹਨ। ਜਦੋਂ ਇਹ ਡਾਟਾ ਤੁਹਾਡੀ ਕਾਰ ਤੋਂ ਬਾਹਰ ਨਿਕਲ ਜਾਂਦਾ ਹੈ, ਤਾਂ ਫਿਰ ਤੁਹਾਡਾ ਇਸ 'ਤੇ ਕੋਈ ਕਾਬੂ ਨਹੀਂ ਰਹਿੰਦਾ ਕਿ ਇਹ ਆਖ਼ਿਰ ਕਿੱਥੇ ਪਹੁੰਚਦਾ ਹੈ।
ਹਾਲਾਤ ਸ਼ਾਇਦ ਹੋਰ ਵੀ ਖ਼ਰਾਬ ਹੋ ਰਹੇ ਹਨ

ਇਹ ਸਿਰਫ਼ ਕੰਪਨੀਆਂ ਵੱਲੋਂ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਝਾਤ ਮਾਰਨ ਦੀ ਗੱਲ ਨਹੀਂ ਹੈ।
ਉਦਾਹਰਨ ਲਈ, ਜਨਰਲ ਮੋਟਰਜ਼ ਨੇ ਡਰਾਈਵਰਾਂ ਦੀ ਜਾਣਕਾਰੀ ਲੈਕਸਿਸਨੈਕਸਿਸ ਨਾਮ ਦੀ ਇਕ ਕੰਪਨੀ ਨੂੰ ਵੇਚੀ, ਜੋ ਇੱਕ ਡਾਟਾ ਬ੍ਰੋਕਰ ਹੈ ਅਤੇ ਲੋਕਾਂ ਬਾਰੇ ਜਾਣਕਾਰੀ ਖਰੀਦਦਾ ਅਤੇ ਵੇਚਦਾ ਹੈ।
ਇੱਕ ਡਰਾਈਵਰ ਨੇ ਜਦੋਂ ਇਸ ਡਾਟੇ ਦੀ ਕਾਪੀ ਲਈ, ਤਾਂ ਦੱਸਿਆ ਗਿਆ ਕਿ ਲੈਕਸਿਸਨੈਕਸਿਸ ਕੋਲ ਉਸ ਅਤੇ ਉਸ ਦੀ ਪਤਨੀ ਦੇ ਛੇ ਮਹੀਨਿਆਂ ਦੌਰਾਨ ਕੀਤੇ ਹਰ ਸਫ਼ਰ ਦੀ ਜਾਣਕਾਰੀ ਵਾਲੇ 130 ਸਫ਼ਿਆਂ ਦਾ ਰਿਕਾਰਡ ਸੀ।
ਉਸ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਜਦੋਂ ਉਸਦੇ ਬੀਮੇ ਦੀ ਕੀਮਤ 21% ਵੱਧ ਗਈ, ਤਾਂ ਇੱਕ ਬੀਮਾ ਏਜੰਟ ਨੇ ਕਿਹਾ ਕਿ ਇਸ ਡਾਟੇ ਨੇ ਵੀ ਇਸ ਵਿੱਚ ਭੂਮਿਕਾ ਨਿਭਾਈ। ਲੈਕਸਿਸਨੈਕਸਿਸ ਨੇ ਇਸ ਬਾਰੇ ਟਿੱਪਣੀ ਕਰਨ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਅਮਰੀਕੀ ਫੈਡਰਲ ਟ੍ਰੇਡ ਕਮਿਸ਼ਨ ਨੇ ਕਾਰਵਾਈ ਕੀਤੀ ਅਤੇ ਹੁਣ ਜੀਐੱਮ ਨੂੰ ਪੰਜ ਸਾਲਾਂ ਲਈ ਵਾਹਨਾਂ ਦਾ ਡਾਟਾ ਵੇਚਣ ਤੋਂ ਰੋਕ ਦਿੱਤਾ ਗਿਆ ਹੈ। ਪਰ ਜੇਕਰ ਉਹ ਡਰਾਈਵਰਾਂ ਤੋਂ ਸਪਸ਼ਟ ਮਨਜ਼ੂਰੀ ਲਏ ਅਤੇ ਹੋਰ ਸ਼ਰਤਾਂ ਦੀ ਪਾਲਣਾ ਕਰੇ ਤਾਂ ਉਹ ਇਸ ਮਿਆਦ ਤੋਂ ਬਾਅਦ ਕੰਪਨੀ ਮੁੜ ਇਹ ਕੰਮ ਕਰ ਸਕਦੀ ਹੈ।
ਇਸ ਦੌਰਾਨ, ਲੈਕਸਿਸਨੈਕਸਿਸ ਅਤੇ ਹੋਰ ਕੰਪਨੀਆਂ ਅਜੇ ਵੀ ਹੋਰ ਕਾਰ ਨਿਰਮਾਤਾਵਾਂ ਅਤੇ ਡਰਾਈਵਿੰਗ ਦੌਰਾਨ ਵਰਤੀਆਂ ਜਾਣ ਵਾਲੀਆਂ ਐਪਾਂ ਤੋਂ ਮਿਲਣ ਵਾਲਾ ਵਾਹਨਾਂ ਦਾ ਡਾਟਾ ਵੇਚ ਰਹੀਆਂ ਹਨ। ਜੀਐੱਮ ਅਤੇ ਲੈਕਸਿਸਨੈਕਸਿਸ ਨੇ ਟਿੱਪਣੀ ਕਰਨ ਦੀਆਂ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।
ਬੀਮਾ ਕੰਪਨੀਆਂ, ਕਾਰ ਨਿਰਮਾਤਾਵਾਂ ਅਤੇ ਡਾਟਾ ਬ੍ਰੋਕਰਾਂ ਵਿਚਾਲੇ ਇਸ ਤਰ੍ਹਾਂ ਦੇ ਸਮਝੌਤੇ ਆਮ ਹਨ ਅਤੇ ਜੇ ਇਹ ਗੱਲਾਂ ਉਹਨਾਂ ਪਰਾਈਵੇਸੀ ਨੀਤੀਆਂ ਵਿੱਚ ਲਿਖੀਆਂ ਹੋਣ ਜਿਨ੍ਹਾਂ ਨਾਲ ਤੁਸੀਂ ਸਹਿਮਤ ਹੁੰਦੇ ਹੋ, ਤਾਂ ਇਹ ਸਭ ਪੂਰੀ ਤਰ੍ਹਾਂ ਕਾਨੂੰਨੀ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਅਮਰੀਕਾ ਦੀ ਗ਼ੈਰ-ਮੁਨਾਫ਼ਾ ਸੰਸਥਾ ਕਨਜ਼ਿਊਮਰ ਫੈਡਰੇਸ਼ਨ ਆਫ਼ ਅਮਰੀਕਾ ਵਿੱਚ ਆਟੋ ਇੰਸ਼ੋਰੈਂਸ ਬਾਰੇ ਕੰਮ ਕਰਨ ਵਾਲੇ ਖੋਜਕਾਰ ਅਤੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਮਾਈਕਲ ਡੀਲਾਂਗ ਕਹਿੰਦੇ ਹਨ, "ਬੀਮਾ ਕੰਪਨੀਆਂ ਲੰਮੇ ਸਮੇਂ ਤੋਂ ਖਪਤਕਾਰਾਂ ਬਾਰੇ ਬਹੁਤ ਵੱਡੀ ਮਾਤਰਾ ਵਿੱਚ ਡਾਟਾ ਇਕੱਠਾ ਕਰ ਰਹੀਆਂ ਹਨ, ਖ਼ਾਸ ਕਰਕੇ ਡਰਾਈਵਿੰਗ ਨਾਲ ਜੁੜਿਆ ਡਾਟਾ।"
"ਉਹ ਇਸਦੀ ਵਰਤੋਂ ਲੋਕਾਂ ਤੋਂ ਵੱਧ ਪ੍ਰੀਮੀਅਮ ਲੈਣ, ਕਵਰੇਜ ਤੋਂ ਇਨਕਾਰ ਕਰਨ ਜਾਂ ਲੋਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਣ ਲਈ ਕਰ ਰਹੀਆਂ ਹਨ।"
ਕਾਰ ਕੰਪਨੀਆਂ ਕਹਿੰਦੀਆਂ ਹਨ ਕਿ ਉਹ ਤੁਹਾਡੀ ਨਿਗਰਾਨੀ ਕਰਨ ਤੋਂ ਪਹਿਲਾਂ ਤੁਹਾਡੀ ਇਜਾਜ਼ਤ ਲੈਂਦੀਆਂ ਹਨ। ਅਸਲ ਵਿੱਚ ਇਸਦਾ ਮਤਲਬ ਆਮ ਤੌਰ 'ਤੇ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਕਾਰ ਦਾ ਇਨਫੋਟੇਨਮੈਂਟ ਸਿਸਟਮ ਜਾਂ ਕਾਰ ਨਾਲ ਜੁੜੀਆਂ ਐਪਾਂ ਸੈੱਟ ਕਰਦੇ ਹੋ, ਤਾਂ ਤੁਸੀਂ ਕੁਝ ਫਾਰਮਾਂ ਅਤੇ ਪਰਾਈਵੇਸੀ ਨੀਤੀਆਂ ਨਾਲ ਸਹਿਮਤ ਹੋ ਜਾਂਦੇ ਹੋ।
ਕੁਝ ਵਾਹਨਾਂ ਵਿੱਚ ਇਹ ਹਰ ਵਾਰ ਇੰਜਣ ਚਾਲੂ ਕਰਨ 'ਤੇ ਸਾਹਮਣੇ ਆ ਜਾਂਦੀਆਂ ਹਨ। ਕੀ ਤੁਸੀਂ ਉਹਨਾਂ ਨੂੰ ਪੜ੍ਹਿਆ ਸੀ? ਬਿਲਕੁਲ ਨਹੀਂ।
ਅਮਰੀਕਾ ਵਿੱਚ ਰਾਸ਼ਟਰੀ ਪੱਧਰ 'ਤੇ ਕੋਈ ਪਰਾਈਵੇਸੀ ਕਾਨੂੰਨ ਨਹੀਂ ਹੈ। ਵੱਖ-ਵੱਖ ਰਾਜਾਂ ਵਿੱਚ ਜੋ ਸੁਰੱਖਿਆ ਨਿਯਮ ਹਨ, ਉਹ ਟੁਕੜਿਆਂ ਵਿੱਚ ਹਨ ਅਤੇ ਕੁਝ ਪਰਾਈਵੇਸੀ ਮਾਹਰਾਂ ਦੇ ਮੁਤਾਬਕ, ਉਹ ਕਾਫ਼ੀ ਨਹੀਂ ਹਨ।
ਯੂਰਪ, ਜਿਸ ਵਿੱਚ ਬ੍ਰਿਟੇਨ ਵੀ ਸ਼ਾਮਲ ਹੈ, ਵਿੱਚ ਹਾਲਾਤ ਕੁਝ ਬਿਹਤਰ ਹਨ, ਕਿਉਂਕਿ ਉੱਥੇ ਕੁਝ ਸੰਵੇਦਨਸ਼ੀਲ ਜਾਣਕਾਰੀ ਲਈ ਖ਼ਾਸ ਸੁਰੱਖਿਆ ਹੈ ਅਤੇ ਲੋਕਾਂ ਨੂੰ ਇਹ ਹੱਕ ਹੈ ਕਿ ਉਹ ਆਪਣਾ ਡਾਟਾ ਵੇਖ ਸਕਣ ਅਤੇ ਕੰਪਨੀਆਂ ਨੂੰ ਇਸਨੂੰ ਮਿਟਾਉਣ ਲਈ ਕਹਿ ਸਕਣ। ਪਰ ਯੂਰਪ ਵਿੱਚ ਵੀ ਇਹ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋਈ।
ਕੈਲਟ੍ਰਾਈਡਰ ਕਹਿੰਦੀ ਹੈ, "ਯੂਰਪ ਵਿੱਚ ਵੀ ਲੋਕ ਪਰਾਈਵੇਸੀ ਨੀਤੀਆਂ ਦੇ ਅਧੀਨ ਹੀ ਹਨ। ਤੁਹਾਨੂੰ ਇਹ ਉਮੀਦ ਰੱਖਣੀ ਪੈਂਦੀ ਹੈ ਕਿ ਨਿਯਮਾਂ ਦੀ ਪਾਲਣਾ ਹੋਵੇਗੀ ਤੇ ਉਹ ਲਾਗੂ ਵੀ ਕੀਤੇ ਜਾਣਗੇ, ਪਰ ਖ਼ਾਸ ਕਰਕੇ ਕਾਰਾਂ ਦੇ ਮਾਮਲੇ ਵਿੱਚ ਇਹ ਹਮੇਸ਼ਾ ਨਹੀਂ ਹੁੰਦਾ।"
ਇਹ ਸਮੱਸਿਆ ਨਵੀਂ ਨਹੀਂ ਹੈ, ਪਰ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਲੱਗਦਾ ਹੈ ਕਿ ਇਹ ਤੇਜ਼ੀ ਨਾਲ ਵੱਧ ਰਹੀ ਹੈ।

ਅਮਰੀਕੀ ਕਾਨੂੰਨ ਅਨੁਸਾਰ, ਆਉਣ ਵਾਲੇ ਕੁਝ ਸਾਲਾਂ ਵਿੱਚ ਕਾਰ ਨਿਰਮਾਤਾਵਾਂ ਨੂੰ ਨਵੀਆਂ ਯਾਤਰੀ ਕਾਰਾਂ ਵਿੱਚ "ਅਡਵਾਂਸਡ ਇੰਪੇਅਰਡ-ਡਰਾਈਵਿੰਗ ਪ੍ਰਿਵੈਂਸ਼ਨ ਟੈਕਨਾਲੋਜੀ" ਲਗਾਉਣੀ ਪਵੇਗੀ।
ਇਸ ਟੈਕਨਾਲੋਜੀ ਦਾ ਮਕਸਦ ਇਨਫਰਾਰੈੱਡ ਕੈਮਰਿਆਂ ਜਾਂ ਹੋਰ ਸਿਸਟਮਾਂ ਦੀ ਮਦਦ ਨਾਲ ਇਹ ਪਤਾ ਲਗਾਉਣਾ ਹੈ ਕਿ ਕੋਈ ਵਿਅਕਤੀ ਨਸ਼ੇ ਵਿੱਚ, ਥੱਕਿਆ ਹੋਇਆ ਜਾਂ ਗੱਡੀ ਚਲਾਉਣ ਦੇ ਯੋਗ ਨਹੀਂ ਹੈ, ਤਾਂ ਜੋ ਉਹ ਗੱਡੀ ਨਾ ਚਲਾ ਸਕੇ।
ਪਰ ਕੈਲਟ੍ਰਾਈਡਰ ਅਤੇ ਹੋਰ ਲੋਕਾਂ ਦੇ ਮੁਤਾਬਕ ਸਮੱਸਿਆ ਇਹ ਹੈ ਕਿ ਇਸ ਕਾਨੂੰਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਸਿਸਟਮਾਂ ਦੁਆਰਾ ਇਕੱਠੇ ਕੀਤੇ ਡਾਟੇ ਨਾਲ ਕੀ ਕੀਤਾ ਜਾਵੇਗਾ।
ਅਮਰੀਕੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (ਐੱਨਐੱਚਟੀਐੱਸਏ) ਦੇ ਇੱਕ ਬੁਲਾਰੇ ਨੇ ਕਿਹਾ ਕਿ "ਐੱਨਐੱਚਟੀਐੱਸਏ ਨਸ਼ੇ ਵਿੱਚ ਡਰਾਈਵਿੰਗ ਕਾਰਨ ਹੋਣ ਵਾਲੀਆਂ ਮੌਤਾਂ ਘਟਾਉਣ ਲਈ ਹਰ ਸੰਭਵ ਢੰਗ ਵਰਤਣ ਲਈ ਵਚਨਬੱਧ ਹੈ" ਅਤੇ ਇਹ "ਪਰਾਈਵੇਸੀ ਨਾਲ ਜੁੜੇ ਮਹੱਤਵਪੂਰਨ ਅਤੇ ਜਟਿਲ ਮਸਲਿਆਂ" 'ਤੇ ਕੰਮ ਕਰਦੀ ਰਹਿੰਦੀ ਹੈ।
ਸੰਭਾਵਨਾ ਹੈ ਕਿ ਇਹ ਕਾਨੂੰਨ ਲਾਗੂ ਹੋਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਟੈਕਨਾਲੋਜੀ ਹਾਲੇ ਤਿਆਰ ਨਹੀਂ ਹੈ, ਪਰ ਪਰਾਈਵੇਸੀ ਲਈ ਆਵਾਜ਼ ਉਠਾਉਣ ਵਾਲੇ ਲੋਕ ਪਹਿਲਾਂ ਹੀ ਚੇਤਾਵਨੀ ਦੇ ਰਹੇ ਹਨ।
ਕੈਲਟ੍ਰਾਈਡਰ ਕਹਿੰਦੀ ਹੈ, "ਸਾਨੂੰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਨੂੰ ਸੜਕਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਇਹ ਚੰਗੀ ਗੱਲ ਹੋਵੇਗੀ ਜੇ ਇਹ ਯਕੀਨ ਹੋਵੇ ਕਿ ਇਹ ਡਾਟਾ ਹੋਰ ਕਿਸੇ ਮਕਸਦ ਲਈ ਵਰਤਿਆ ਨਹੀਂ ਜਾਵੇਗਾ। ਪਰ ਅਜਿਹਾ ਨਹੀਂ ਹੋ ਰਿਹਾ।"
"ਕਾਰਾਂ ਵਿੱਚ ਡਾਟਾ ਇਕੱਠਾ ਕਰਨ ਵਾਲੀਆਂ ਬਹੁਤ ਸਾਰੀਆਂ ਤਕਨੀਕਾਂ ਨੂੰ ਸੁਰੱਖਿਆ ਦੇ ਨਾਂ 'ਤੇ ਲਿਆਂਦਾ ਜਾਂਦਾ ਹੈ।"
ਇਸ ਨਾਲ ਆਟੋ ਉਦਯੋਗ ਨੂੰ ਲੋਕਾਂ ਬਾਰੇ ਲਗਭਗ ਡਾਕਟਰੀ ਜਾਣਕਾਰੀ ਵਰਗਾ ਡਾਟਾ ਮਿਲ ਸਕਦਾ ਹੈ, ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ।

ਤਸਵੀਰ ਸਰੋਤ, Getty Images
ਬਾਕੀ ਬਹੁਤ ਸਾਰੀਆਂ ਪਰਾਈਵੇਸੀ ਸਮੱਸਿਆਵਾਂ ਵਾਂਗ, ਕਾਰਾਂ ਦੇ ਡਾਟੇ ਵਾਲੀ ਸਮੱਸਿਆ ਵੀ ਅਜਿਹੀ ਨਹੀਂ ਜਿਸਦਾ ਪੂਰਾ ਹੱਲ ਤੁਹਾਡੇ ਕੋਲ ਹੋਵੇ, ਪਰ ਤੁਸੀਂ ਕੁਝ ਕਦਮ ਜ਼ਰੂਰ ਚੁੱਕ ਸਕਦੇ ਹੋ।
ਡੀਲਾਂਗ ਕਹਿੰਦੇ ਹਨ, "ਜੇ ਤੁਹਾਨੂੰ ਪਰਾਈਵੇਸੀ ਬਾਰੇ ਕੋਈ ਵੀ ਚਿੰਤਾ ਹੈ, ਤਾਂ ਇੰਸ਼ੋਰੈਂਸ ਟੈਲੀਮੈਟ੍ਰਿਕਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਵੋ।"
ਪਰਾਈਵੇਸੀ ਦੇ ਖ਼ਤਰੇ ਕਾਫ਼ੀ ਵੱਡੇ ਹਨ ਅਤੇ ਫ਼ਾਇਦੇ ਦੀ ਕੋਈ ਗਰੰਟੀ ਨਹੀਂ। ਮੈਰੀਲੈਂਡ ਰਾਜ ਦੀ ਇੱਕ ਜਾਂਚ ਮੁਤਾਬਕ 31% ਡਰਾਈਵਰਾਂ ਦੇ ਬੀਮੇ ਦੇ ਰੇਟ ਘਟੇ, ਪਰ 24% ਲੋਕਾਂ ਲਈ ਕੀਮਤਾਂ ਵੱਧ ਗਈਆਂ ਅਤੇ 45% ਨੂੰ ਕੋਈ ਫ਼ਰਕ ਨਹੀਂ ਪਿਆ।
ਬ੍ਰਿਟੇਨ, ਯੂਰਪੀ ਯੂਨੀਅਨ ਅਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਤੁਸੀਂ ਇਹ ਮੰਗ ਕਰ ਸਕਦੇ ਹੋ ਕਿ ਕੰਪਨੀਆਂ ਤੁਹਾਡੇ ਬਾਰੇ ਇਕੱਠਾ ਕੀਤਾ ਡਾਟਾ ਤੁਹਾਨੂੰ ਦਿਖਾਉਣ।
ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡਾ ਡਾਟਾ ਨਾ ਵੇਚਿਆ ਜਾਵੇ ਜਾਂ ਨਾ ਸਾਂਝਾ ਕੀਤਾ ਜਾਵੇ। ਤੁਸੀਂ ਕੰਪਨੀਆਂ ਨੂੰ ਇਹ ਡਾਟਾ ਮਿਟਾਉਣ ਲਈ ਵੀ ਕਹਿ ਸਕਦੇ ਹੋ। ਵੱਡੀਆਂ ਕਾਰ ਕੰਪਨੀਆਂ ਦੇ ਪਰਾਈਵੇਸੀ ਟੂਲਾਂ ਦੇ ਲਿੰਕ ਇੱਥੇ ਮਿਲ ਸਕਦੇ ਹਨ।
ਕੁਝ ਕਾਰ ਨਿਰਮਾਤਾ ਅਜਿਹੀਆਂ ਪਰਾਈਵੇਸੀ ਸੈਟਿੰਗਾਂ ਵੀ ਦਿੰਦੇ ਹਨ ਜਿਨ੍ਹਾਂ ਨੂੰ ਬਦਲ ਕੇ ਤੁਸੀਂ ਡਾਟਾ ਸਾਂਝਾ ਕਰਨ ਅਤੇ ਇਕੱਠਾ ਕਰਨ ਨੂੰ ਘਟਾ ਸਕਦੇ ਹੋ। ਆਪਣੀ ਕਾਰ ਦੇ ਇਨਫੋਟੇਨਮੈਂਟ ਸਿਸਟਮ ਅਤੇ ਕਾਰ ਨਾਲ ਜੁੜੀ ਐਪ ਦੀਆਂ ਸੈਟਿੰਗਾਂ ਵਿੱਚ ਇਹ ਬਦਲ ਲੱਭੋ।
ਕਨਜ਼ਿਊਮਰ ਰਿਪੋਰਟਸ (ਜਿੱਥੇ ਮੈਂ ਪਹਿਲਾਂ ਕੰਮ ਕਰਦਾ ਸੀ) ਨੇ ਇਸ ਬਾਰੇ ਇੱਕ ਵਿਸਥਾਰਪੂਰਵਕ ਗਾਈਡ ਵੀ ਦਿੱਤੀ ਹੈ।
ਕੈਲਟ੍ਰਾਈਡਰ ਕਹਿੰਦੀ ਹੈ ਕਿ ਇਹ ਕਦਮ ਮਦਦ ਕਰ ਸਕਦੇ ਹਨ, ਪਰ ਕੰਪਨੀਆਂ ਨੂੰ ਤੁਹਾਡੀ ਪਰਾਈਵੇਸੀ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਸਾਰਾ ਕੰਮ ਤੁਹਾਡੀ ਜ਼ਿੰਮੇਵਾਰੀ ਨਹੀਂ ਹੋਣਾ ਚਾਹੀਦਾ।
"ਜਦੋਂ ਤੱਕ ਪੂਰਾ ਸਿਸਟਮ ਨਹੀਂ ਬਦਲਦਾ, ਜਦ ਤੱਕ ਸਾਡਾ ਡਾਟਾ ਸਾਡੇ ਆਪਣੇ ਕਾਬੂ ਵਿੱਚ ਨਹੀਂ ਆਉਂਦਾ ਅਤੇ ਕੰਪਨੀਆਂ ਨੂੰ ਇਸਨੂੰ ਵਰਤਣ ਲਈ ਸਾਡੀ ਇਜਾਜ਼ਤ ਲੈਣੀ ਲਾਜ਼ਮੀ ਨਹੀਂ ਬਣਦੀ, ਮੇਰੇ ਖ਼ਿਆਲ ਵਿੱਚ ਇਹ ਸਮੱਸਿਆ ਹੋਰ ਤੇ ਹੋਰ ਖ਼ਰਾਬ ਹੁੰਦੀ ਰਹੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































