ਜਸਪਾਲ ਰਾਣਾ: ਚੈਂਪੀਅਨ ਖਿਡਾਰੀ ਜਿਸ ਨੇ ਭਾਰਤੀ ਨਿਸ਼ਾਨੇਬਾਜ਼ੀ ਨੂੰ ਬਦਲਿਆ, ਉਹ ਨਿਰਾਸ਼ਾ ਤੋਂ ਬਾਹਰ ਕਿਵੇਂ ਆਉਂਦਾ ਸੀ

ਤਸਵੀਰ ਸਰੋਤ, Sondeep Shankar/Getty Images
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
ਭਾਰਤ ਦੇ ਨਾਮੀ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ ਅਗਲੇ ਮਹੀਨੇ ਚੀਨ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ 7 ਜੂਨ ਤੋਂ ਦੇਹਰਾਦੂਨ, ਉੱਤਰਾਖੰਡ ਵਿੱਚ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈ ਰਹੇ ਸਨ। ਇਸ ਕੈਂਪ ਵਿੱਚ ਰਾਸ਼ਟਰੀ 25 ਮੀਟਰ ਪਿਸਟਲ ਕੋਚ ਜਸਪਾਲ ਰਾਣਾ ਦੇ ਸ਼ਾਮਲ ਹੋਣ ਦੀ ਉਮੀਦ ਸੀ।
ਖਿਡਾਰੀ ਉਨ੍ਹਾਂ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ।
ਪਰ 12 ਜੂਨ ਦੀ ਸਵੇਰ, ਜਦੋਂ ਅਭਿਆਸ ਜਾਰੀ ਸੀ, ਇੱਕ ਅਜਿਹੀ ਖ਼ਬਰ ਆਈ ਜਿਸ ਨੇ ਪੂਰੇ ਕੈਂਪ ਅਤੇ ਭਾਰਤੀ ਖੇਡ ਜਗਤ ਨੂੰ ਸਦਮੇ ਵਿੱਚ ਪਾ ਦਿੱਤਾ। ਭਾਰਤ ਦੇ ਨਾਮੀ ਨਿਸ਼ਾਨੇਬਾਜ਼ਾਂ ਅਤੇ ਦੇਸ਼ ਦੀ ਆਧੁਨਿਕ ਨਿਸ਼ਾਨੇਬਾਜ਼ੀ ਦੇ ਘਾੜਿਆਂ 'ਚੋਂ ਇੱਕ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਭਾਰਤੀ ਨਿਸ਼ਾਨੇਬਾਜ਼ੀ ਲਈ ਇਹ ਸਿਰਫ਼ ਇੱਕ ਕੋਚ ਦਾ ਵਿਛੋੜਾ ਨਹੀਂ ਸੀ, ਸਗੋਂ ਉਸ ਬਾਨੀ ਦਾ ਵਿਛੋੜਾ ਸੀ ਜਿਸ ਨੇ ਇਸ ਖੇਡ ਨੂੰ ਦੋ ਵਾਰ ਬਦਲਿਆ—ਪਹਿਲਾਂ ਇੱਕ ਚੈਂਪੀਅਨ ਖਿਡਾਰੀ ਵਜੋਂ ਅਤੇ ਫਿਰ ਇੱਕ ਮਾਰਗਦਰਸ਼ਕ ਵੱਜੋਂ, ਜਿਨ੍ਹਾਂ ਨੇ ਓਲੰਪਿਕ ਤਮਗਾ ਜੇਤੂਆਂ ਦੀ ਨਵੀਂ ਪੀੜ੍ਹੀ ਤਿਆਰ ਕੀਤੀ।
ਰਾਸ਼ਟਰੀ 10 ਮੀਟਰ ਏਅਰ ਰਾਈਫਲ ਟੀਮ ਦੇ ਹਾਈ ਪਰਫਾਰਮੈਂਸ ਕੋਚ ਡੀ.ਐਸ. ਚੰਦੇਲ ਨੇ ਕਿਹਾ, "ਇਹ ਸਾਡੇ ਸਭ ਲਈ ਅਚਾਨਕ ਸੀ। 49 ਸਾਲ ਦੀ ਉਮਰ ਕੋਈ ਜਾਣ ਦੀ ਉਮਰ ਨਹੀਂ ਹੁੰਦੀ। ਜਸਪਾਲ ਸਭ ਤੋਂ ਫਿੱਟ ਕੋਚਾਂ ਵਿੱਚੋਂ ਇੱਕ ਸਨ।"
ਉਨ੍ਹਾਂ ਦੱਸਿਆ, "ਸਵੇਰ ਦੀ ਟ੍ਰੇਨਿੰਗ ਦੌਰਾਨ ਜਿਵੇਂ ਹੀ ਇਹ ਖ਼ਬਰ ਮਿਲੀ, ਸਾਰੇ ਖਿਡਾਰੀ ਹੈਰਾਨ ਰਹਿ ਗਏ। ਅਸੀਂ ਉਮੀਦ ਕਰ ਰਹੇ ਸੀ ਕਿ ਉਹ ਸਿਹਤਯਾਬ ਹੋ ਕੇ ਕੈਂਪ ਵਿੱਚ ਸ਼ਾਮਲ ਹੋਣਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।"
'ਸ਼ੂਟਿੰਗ ਜਗਤ ਨੂੰ ਵੱਡਾ ਘਾਟਾ'

ਤਸਵੀਰ ਸਰੋਤ, @PTI_News
ਚੰਦੇਲ ਅਤੇ ਜਸਪਾਲ ਰਾਣਾ ਦਾ ਸਾਥ ਲਗਭਗ ਤਿੰਨ ਦਹਾਕਿਆਂ ਪੁਰਾਣਾ ਸੀ।
ਉਹ ਦੱਸਦੇ ਹਨ, "ਜਸਪਾਲ ਨਾਲ ਮੇਰਾ ਸਾਥ 1999 ਤੋਂ ਹੈ, ਜਦੋਂ ਉਹ ਹਾਲੇ ਵੀ ਇੱਕ ਨਿਸ਼ਾਨੇਬਾਜ਼ ਵਜੋਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਨੇ 2000 ਦੇ ਸਿਡਨੀ ਵਰਲਡ ਕੱਪ ਵਿੱਚ ਹਿੱਸਾ ਲਿਆ ਸੀ ਅਤੇ ਮੈਂ ਉਸ ਸਮੇਂ ਕੋਚਿੰਗ ਟੀਮ ਦਾ ਹਿੱਸਾ ਸੀ। ਬਾਅਦ ਵਿੱਚ, ਜਦੋਂ ਉਹ ਕੋਚ ਬਣੇ, ਅਸੀਂ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਇਕੱਠੇ ਯਾਤਰਾ ਕੀਤੀ। ਪਿਛਲੇ ਮਹੀਨੇ ਅਸੀਂ ਮਿਊਨਿਖ ਵਰਲਡ ਕੱਪ ਵਿੱਚ ਵੀ ਇਕੱਠੇ ਸੀ। ਮੈਂ ਰਾਈਫਲ ਮੁਕਾਬਲਿਆਂ ਦੇ ਸਮਾਪਤ ਹੋਣ ਤੋਂ ਬਾਅਦ 29 ਮਈ ਨੂੰ ਵਾਪਸ ਆ ਗਿਆ ਸੀ, ਜਦਕਿ ਉਹ ਪਿਸਟਲ ਮੁਕਾਬਲਿਆਂ ਦੇ ਖ਼ਤਮ ਹੋਣ ਤੋਂ ਬਾਅਦ 31 ਮਈ ਨੂੰ ਵਾਪਸ ਪਰਤੇ ਸਨ।"
ਜਸਪਾਲ ਰਾਣਾ ਦੀ ਖੇਡ ਪ੍ਰਤੀ ਸ਼ਿੱਦਤ ਨੂੰ ਯਾਦ ਕਰਦਿਆਂ ਚੰਦੇਲ ਕਹਿੰਦੇ ਹਨ ਕਿ ਜਦੋਂ ਵੀ ਉਹ ਸ਼ੂਟਿੰਗ ਰੇਂਜ ਵਿੱਚ ਕਦਮ ਰੱਖਦੇ ਸਨ ਤਾਂ ਪੂਰੇ ਮਾਹੌਲ 'ਚ ਹੀ ਬਦਲਾਅ ਦਾ ਅਹਿਸਾਸ ਹੁੰਦਾ ਸੀ।
ਉਨ੍ਹਾਂ ਨੇ ਕਿਹਾ, "ਜਦੋਂ ਜਸਪਾਲ ਰੇਂਜ ਤੋਂ ਬਾਹਰ ਹੁੰਦੇ ਸਨ ਤਾਂ ਬਿਲਕੁਲ ਵੱਖਰੇ ਇਨਸਾਨ ਲੱਗਦੇ ਸਨ, ਪਰ ਜਿਵੇਂ ਹੀ ਰੇਂਜ ਵਿੱਚ ਦਾਖਲ ਹੁੰਦੇ, ਉਨ੍ਹਾਂ ਦਾ ਪੂਰਾ ਧਿਆਨ ਸ਼ੂਟਿੰਗ 'ਤੇ ਫੋਕਸ ਹੋ ਜਾਂਦਾ। ਕੋਚ ਬਣਨ ਤੋਂ ਬਾਅਦ ਵੀ ਉਹੀ ਸਮਰਪਣ ਉਨ੍ਹਾਂ ਵਿੱਚ ਦਿਖਾਈ ਦਿੰਦਾ ਸੀ।"
ਚੰਦੇਲ ਮੁਤਾਬਕ, ਜਿਹੜੇ ਗੁਣਾਂ ਨੇ ਜਸਪਾਲ ਰਾਣਾ ਨੂੰ ਇੱਕ ਚੈਂਪੀਅਨ ਨਿਸ਼ਾਨੇਬਾਜ਼ ਬਣਾਇਆ, ਉਹੀ ਗੁਣ ਉਨ੍ਹਾਂ ਦੀ ਕੋਚਿੰਗ ਵਿੱਚ ਵੀ ਸਾਫ਼ ਨਜ਼ਰ ਆਉਂਦੇ ਸਨ।
"ਉਹ ਬਚਪਨ ਤੋਂ ਹੀ ਚੰਗੇ ਨਿਸ਼ਾਨੇਬਾਜ਼ ਸਨ ਅਤੇ ਹਮੇਸ਼ਾ ਜਿੱਤ ਹਾਸਲ ਕਰਨ ਲਈ ਤਿਆਰ ਰਹਿੰਦੇ ਸਨ। ਇਹੀ ਸੋਚ ਉਹ ਕੋਚਿੰਗ ਵਿੱਚ ਵੀ ਲੈ ਕੇ ਆਏ। ਉਹ ਬਹੁਤ ਸਖ਼ਤ ਅਨੁਸ਼ਾਸਨ ਵਾਲੇ ਕੋਚ ਸਨ ਅਤੇ ਆਪਣੀ ਕੋਚਿੰਗ ਦੇ ਤਰੀਕਿਆਂ ਵਿੱਚ ਕਿਸੇ ਦੀ ਦਖ਼ਲਅੰਦਾਜ਼ੀ ਪਸੰਦ ਨਹੀਂ ਕਰਦੇ ਸਨ।"
'ਫਿਟਨੈੱਸ ਪ੍ਰਤੀ ਬੇਹੱਦ ਸੰਜੀਦਾ ਸਨ ਰਾਣਾ'

ਤਸਵੀਰ ਸਰੋਤ, Getty Images
ਜਸਪਾਲ ਰਾਣਾ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਨਜ਼ਦੀਕੀਆਂ ਲਈ ਵੱਡਾ ਝਟਕਾ ਇਸ ਲਈ ਵੀ ਸੀ ਕਿਉਂਕਿ ਉਹ ਫਿਟਨੈੱਸ ਅਤੇ ਸਿਹਤਮੰਦ ਜ਼ਿੰਦਗੀ ਪ੍ਰਤੀ ਸਮਰਪਿਤ ਸਨ।
ਚੰਦੇਲ ਨੇ ਯਾਦ ਕਰਦਿਆਂ ਕਿਹਾ, "ਮੇਰੇ ਲਈ ਇਹ ਗੱਲ ਅਵਿਸ਼ਵਾਸਯੋਗ ਹੈ, ਕਿਉਂਕਿ ਉਹ ਆਪਣੀ ਸਿਹਤ ਪ੍ਰਤੀ ਬੇਹੱਦ ਜਾਗਰੂਕ ਸਨ। ਉਹ ਨਿਯਮਿਤ ਤੌਰ 'ਤੇ ਯੋਗ ਕਰਦੇ ਸਨ, ਹਰ ਰੋਜ਼ ਕਸਰਤ ਕਰਦੇ ਸਨ ਅਤੇ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦੇ ਸਨ। ਰਾਸ਼ਟਰੀ ਕੈਂਪਾਂ ਅਤੇ ਅੰਤਰਰਾਸ਼ਟਰੀ ਦੌਰਿਆਂ ਦੌਰਾਨ ਉਹ ਮੈਨੂੰ ਵੀ ਯੋਗ ਅਤੇ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਹ ਹਮੇਸ਼ਾ ਕਹਿੰਦੇ ਸਨ ਕਿ ਆਖ਼ਿਰਕਾਰ ਆਪਣੀ ਸਿਹਤ ਦੀ ਸੰਭਾਲ ਸਾਨੂੰ ਖੁਦ ਹੀ ਕਰਨੀ ਪੈਂਦੀ ਹੈ।"
ਮਿਊਨਿਖ ਵਰਲਡ ਕੱਪ ਤੋਂ ਵਾਪਸੀ ਦੌਰਾਨ ਹੀ ਜਸਪਾਲ ਰਾਣਾ ਦੀ ਤਬੀਅਤ ਖਰਾਬ ਹੋ ਗਈ ਸੀ। ਉਨ੍ਹਾਂ ਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਹਵਾਈ ਅੱਡੇ ਤੋਂ ਸਿੱਧਾ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਨੇ ਦਿਲ ਦੀ ਇੱਕ ਮੁੱਖ ਧਮਨੀ ਵਿੱਚ ਗੰਭੀਰ ਰੁਕਾਵਟ ਪਾਈ। ਸਟੰਟ ਪਾਉਣ ਦੀ ਪ੍ਰਕਿਰਿਆ ਤੋਂ ਬਾਅਦ ਉਹ ਠੀਕ ਹੋ ਰਹੇ ਸਨ। ਪਰ ਬਦਕਿਸਮਤੀ ਨਾਲ ਜਿਸ ਸਵੇਰ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਣਾ ਸੀ ਉਸੇ ਸਮੇਂ ਉਨ੍ਹਾਂ ਦੇ ਦਿਲ ਦੀਆਂ ਧਮਣੀਆਂ ਅਤੇ ਵਾਲਵ (ਕਾਰਡੀਐਕ ਰਪਚਰ) ਫੱਟ ਗਏ।
ਹਸਪਤਾਲ ਨੇ ਬਿਆਨ ਵਿੱਚ ਕੀ ਦੱਸਿਆ ?

ਤਸਵੀਰ ਸਰੋਤ, @KirenRijiju
ਮੈਕਸ ਹਸਪਤਾਲ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ:
"ਜਸਪਾਲ ਰਾਣਾ ਨੂੰ ਗੰਭੀਰ ਦਿਲ ਦੇ ਦੌਰੇ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜੋ ਕਿ ਤਿੰਨ ਦਿਨ ਪਹਿਲਾਂ ਹੀ ਪੈ ਚੁੱਕਾ ਸੀ। ਉਹ ਯਾਤਰਾ ਕਰ ਰਹੇ ਸਨ ਅਤੇ ਲਗਾਤਾਰ ਛਾਤੀ ਵਿੱਚ ਦਰਦ ਮਹਿਸੂਸ ਕਰ ਰਹੇ ਸਨ। ਜਦੋਂ ਉਹ ਹਸਪਤਾਲ ਪਹੁੰਚੇ, ਉਸ ਸਮੇਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਦਿਲ ਦੇ ਦੌਰੇ ਲਈ ਜ਼ਿੰਮੇਵਾਰ ਧਮਨੀ ਪੂਰੀ ਤਰ੍ਹਾਂ ਬੰਦ ਸੀ। ਉਨ੍ਹਾਂ ਦੇ ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਬਹੁਤ ਕਮਜ਼ੋਰ ਹੋ ਚੁੱਕੀ ਸੀ ਅਤੇ ਉਹ ਹਾਰਟ ਫੇਲ੍ਹੀਅਰ ਨਾਲ ਜੂਝ ਰਹੇ ਸਨ।
"ਜਸਪਾਲ ਰਾਣਾ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋ ਗਿਆ ਸੀ ਅਤੇ ਉਹ ਅੱਜ ਹਸਪਤਾਲ ਤੋਂ ਛੁੱਟੀ ਲਈ ਪੂਰੀ ਤਰ੍ਹਾਂ ਤਿਆਰ ਸਨ। ਪਰ ਬਦਕਿਸਮਤੀ ਨਾਲ, ਨੀਂਦ ਦੌਰਾਨ ਉਨ੍ਹਾਂ ਨੂੰ ਕਾਰਡੀਐਕ ਰਪਚਰ (ਦਿਲ ਦੀਆਂ ਧਮਨੀਆਂ ਅਤੇ ਵਾਲਵ ਦਾ ਫੱਟ ਜਾਣਾ) ਹੋਇਆ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।"
ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੂਰੇ ਨਿਸ਼ਾਨੇਬਾਜ਼ੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਅਤੇ ਲੋਕਾਂ ਲਈ ਇਸ ਘਾਟੇ ਨੂੰ ਸਵੀਕਾਰ ਕਰਨਾ ਮੁਸ਼ਕਲ ਹੋ ਗਿਆ।
ਬਤੌਰ ਸ਼ੂਟਰ ਜਸਪਾਲ ਰਾਣਾ ਦਾ ਸਫ਼ਰ

ਤਸਵੀਰ ਸਰੋਤ, Craig Prentis/Getty Images
ਪਰ ਜਸਪਾਲ ਰਾਣਾ ਦੀ ਕਹਾਣੀ ਸਿਰਫ਼ ਤਮਗਿਆਂ ਤੱਕ ਸੀਮਿਤ ਨਹੀਂ ਸੀ। ਇਹ ਉਸ ਪਰਿਵਾਰ ਦੀ ਕਹਾਣੀ ਵੀ ਸੀ ਜਿਸ ਨੇ ਭਾਰਤੀ ਨਿਸ਼ਾਨੇਬਾਜ਼ੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਹ ਦੇਸ਼ ਦੇ ਸਭ ਤੋਂ ਸਫ਼ਲ ਨਿਸ਼ਾਨੇਬਾਜ਼ ਪਰਿਵਾਰਾਂ ਵਿੱਚੋਂ ਇੱਕ ਨਾਲ ਸਬੰਧਤ ਸਨ। ਉਨ੍ਹਾਂ ਦੇ ਪਿਤਾ ਐਨ.ਐਸ.ਰਾਣਾ ਜੋ ਪਹਿਲਾਂ ਅਰਧ-ਸੈਨਿਕ ਬਲਾਂ ਵਿੱਚ ਅਧਿਕਾਰੀ ਰਹੇ ਅਤੇ ਬਾਅਦ ਵਿੱਚ ਉੱਤਰਾਖੰਡ ਦੇ ਪਹਿਲੇ ਖੇਡ ਮੰਤਰੀ ਬਣੇ, ਉਨ੍ਹਾਂ ਦੇ ਪਹਿਲੇ ਕੋਚ ਸਨ ਅਤੇ ਉਨ੍ਹਾਂ ਨੇ ਹੀ ਜਸਪਾਲ ਨੂੰ ਨਿਸ਼ਾਨੇਬਾਜ਼ੀ ਨਾਲ ਜਾਣੂ ਕਰਵਾਇਆ।
ਉਨ੍ਹਾਂ ਦੇ ਭਰਾ ਸੁਭਾਸ਼ ਰਾਣਾ ਅਤੇ ਭੈਣ ਸੁਸ਼ਮਾ ਰਾਣਾ ਵੀ ਕਾਬਲ ਨਿਸ਼ਾਨੇਬਾਜ਼ ਬਣੇ। ਸੁਭਾਸ਼ ਰਾਣਾ ਬਾਅਦ ਵਿੱਚ ਇੱਕ ਸਫਲ ਕੋਚ ਵੱਜੋਂ ਉਭਰੇ ਅਤੇ ਉਨ੍ਹਾਂ ਨੂੰ 2024 ਵਿੱਚ ਦ੍ਰੋਨਾਚਾਰਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਜਿਹੇ ਮਾਹੌਲ ਵਿੱਚ ਵੱਡੇ ਹੁੰਦਿਆਂ ਜਸਪਾਲ ਰਾਣਾ ਨੇ ਛੋਟੀ ਉਮਰ ਵਿੱਚ ਹੀ ਅਨੁਸ਼ਾਸਨ, ਨਿਸ਼ਾਨੇਬਾਜ਼ੀ ਦੀ ਕਲਾ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਸਿੱਖ ਲਈ ਸੀ। ਇਹੀ ਸਬਕ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਪਿਸਟਲ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਬਣਾਉਣ ਵਿੱਚ ਮਦਦਗਾਰ ਸਾਬਤ ਹੋਏ।

ਤਸਵੀਰ ਸਰੋਤ, RABIH MOGHRABI/AFP via Getty Images
ਇੱਕ ਮਸ਼ਹੂਰ ਕੋਚ ਬਣਨ ਤੋਂ ਬਹੁਤ ਪਹਿਲਾਂ ਹੀ ਜਸਪਾਲ ਰਾਣਾ ਭਾਰਤੀ ਨਿਸ਼ਾਨੇਬਾਜ਼ੀ ਦਾ ਚਿਹਰਾ ਬਣ ਚੁੱਕੇ ਸਨ।
ਉਸ ਦੌਰ ਵਿੱਚ, ਜਦੋਂ ਭਾਰਤ ਨੂੰ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਵਿੱਚ ਸਫ਼ਲਤਾ ਹਾਲੇ ਵੀ ਬਹੁਤ ਘੱਟ ਮਿਲਦੀ ਸੀ, ਜਸਪਾਲ ਰਾਣਾ ਇੱਕ ਮਾਰਗਦਰਸ਼ਕ ਵਜੋਂ ਉਭਰੇ। ਉਹ ਲਗਾਤਾਰ ਵਿਸ਼ਵ ਪੱਧਰ 'ਤੇ ਤਮਗੇ ਜਿੱਤਦੇ ਰਹੇ ਅਤੇ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਇਸ ਖੇਡ ਵੱਲ ਆਕਰਸ਼ਿਤ ਕੀਤਾ।
1994 ਵਿੱਚ ਇਟਲੀ ਦੇ ਸ਼ਹਿਰ ਮਿਲਾਨ ਵਿੱਚ ਹੋਈ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ (ਜੂਨੀਅਰ ਵਰਗ) ਵਿੱਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤ ਕੇ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਧਾਕ ਜਮਾ ਲਈ।
ਉਹ ਸਾਲ ਉੱਤਰਾਖੰਡ ਦੇ ਇਸ ਨੌਜਵਾਨ ਲਈ ਬੇਹੱਦ ਸ਼ਾਨਦਾਰ ਸਾਬਤ ਹੋਇਆ।
ਸਿਰਫ਼ 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਹਿਰੋਸ਼ੀਮਾ ਏਸ਼ੀਅਨ ਗੇਮਜ਼ ਵਿੱਚ 25 ਮੀਟਰ ਸੈਂਟਰ ਫਾਇਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਅਤੇ ਟੀਮ ਲਈ ਕਾਂਸੇ ਦਾ ਮੈਡਲ ਹਾਸਲ ਕੀਤਾ। ਵਿਕਟੋਰੀਆ ਕਾਮਨਵੈਲਥ ਗੇਮਜ਼ ਵਿੱਚ ਵੀ ਅਜਿਹਾ ਹੀ ਪ੍ਰਦਰਸ਼ਨ ਜਾਰੀ ਰੱਖਦਿਆਂ ਉਨ੍ਹਾਂ ਨੇ ਦੋ ਗੋਲਡ, ਇੱਕ ਸਿਲਵਰ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕੀਤਾ।
ਇਨ੍ਹਾਂ ਪ੍ਰਦਰਸ਼ਨਾਂ ਨੇ ਜ਼ਾਹਰ ਕਰ ਦਿੱਤਾ ਕਿ ਨਿਸ਼ਾਨੇਬਾਜ਼ੀ ਦੀ ਦੁਨੀਆ ਵਿੱਚ ਇੱਕ ਅਸਾਧਾਰਣ ਪ੍ਰਤਿਭਾ ਦਾ ਆਗਮਨ ਹੋ ਚੁੱਕਾ ਹੈ।
ਆਪਣੇ ਕਰੀਅਰ ਦੌਰਾਨ ਜਸਪਾਲ ਰਾਣਾ ਨੇ ਏਸ਼ਿਆਈ ਖੇਡਾਂ ਵਿੱਚ 8 ਤਮਗੇ ਜਿੱਤੇ, ਜਿਨ੍ਹਾਂ ਵਿੱਚ 4 ਸੋਨੇ ਦੇ ਤਮਗੇ ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਮਨਵੈਲਥ ਖੇਡਾਂ ਵਿੱਚ 15 ਤਮਗੇ ਹਾਸਲ ਕੀਤੇ, ਜਿਨ੍ਹਾਂ ਵਿੱਚ 9 ਸੋਨੇ ਦੇ ਤਮਗੇ ਸਨ।
ਉਨ੍ਹਾਂ ਦੀਆਂ ਉਪਲੱਬਧੀਆਂ ਲਈ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨਾਂ ਨਾਲ ਨਵਾਜ਼ਿਆ ਗਿਆ। ਉਨ੍ਹਾਂ ਨੂੰ 18 ਸਾਲ ਦੀ ਉਮਰ ਵਿੱਚ ਅਰਜੁਨ ਐਵਾਰਡ, 21 ਸਾਲ ਦੀ ਉਮਰ ਵਿੱਚ ਪਦਮ ਸ਼੍ਰੀ ਅਤੇ ਬਾਅਦ ਵਿੱਚ ਕੋਚ ਵੱਜੋਂ ਯੋਗਦਾਨ ਲਈ 2020 ਵਿੱਚ ਦ੍ਰੋਣਾਚਾਰਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਤਸਵੀਰ ਸਰੋਤ, @ANINewsUP
ਨਿਸ਼ਾਨੇਬਾਜ਼ ਤੋਂ ਕੋਚ ਤੱਕ ਦਾ ਸਫ਼ਰ
ਬੇਸ਼ੱਕ ਇੱਕ ਨਿਸ਼ਾਨੇਬਾਜ਼ ਵਜੋਂ ਜਸਪਾਲ ਰਾਣਾ ਦੀਆਂ ਪ੍ਰਾਪਤੀਆਂ ਬੇਹੱਦ ਸ਼ਾਨਦਾਰ ਸਨ, ਪਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੇ ਪਿਸਟਲ ਨੂੰ ਇੱਕ ਪਾਸੇ ਰੱਖ ਕੇ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲੀ।
ਉਨ੍ਹਾਂ ਨੇ 2012 ਵਿੱਚ ਕੋਚਿੰਗ ਸ਼ੁਰੂ ਕੀਤੀ। ਜੂਨੀਅਰ ਰਾਸ਼ਟਰੀ ਕੋਚ ਵਜੋਂ ਉਨ੍ਹਾਂ ਨੇ ਅਜਿਹੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਤਿਆਰ ਕੀਤਾ, ਜਿਨ੍ਹਾਂ ਨੇ ਅੱਗੇ ਚੱਲ ਕੇ ਭਾਰਤ ਨੂੰ ਓਲੰਪਿਕ ਮੰਚ ਤੱਕ ਪਹੁੰਚਾਇਆ।
ਉਨ੍ਹਾਂ ਦੀ ਰਹਿਨੁਮਾਈ ਦਾ ਲਾਭ ਲੈਣ ਵਾਲੇ ਖਿਡਾਰੀਆਂ ਵਿੱਚ ਮਨੂ ਭਾਕਰ ਵੀ ਸ਼ਾਮਿਲ ਹਨ।
ਰਾਣਾ ਦੀ ਸਿਖਲਾਈ ਹੇਠ ਮਨੂ ਭਾਕਰ ਦੁਨੀਆ ਦੇ ਸਰਬਉੱਤਮ ਪਿਸਟਲ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਬਣੇ। 2024 ਪੈਰਿਸ ਓਲੰਪਿਕਸ ਵਿੱਚ, ਉਹ ਪਹਿਲੇ ਅਜਿਹੇ ਭਾਰਤੀ ਐਥਲੀਟ ਬਣੇ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕਸ ਮੁਕਾਬਲਿਆਂ ਦੌਰਾਨ ਇੱਕ ਤੋਂ ਵੱਧ ਮੈਡਲ ਹਾਸਲ ਕੀਤੇ। ਉਸ ਸਮੇਂ ਉਨ੍ਹਾਂ ਨੇ ਦੋ ਕਾਂਸੇ ਦੇ ਤਮਗੇ ਹਾਸਲ ਕੀਤੇ ਸਨ।
ਉਨ੍ਹਾਂ ਦੀ ਇਸ ਸਫਲਤਾ ਨਾਲ ਭਾਰਤ ਦੀ ਓਲੰਪਿਕ ਨਿਸ਼ਾਨੇਬਾਜ਼ੀ ਵਿੱਚ 12 ਸਾਲਾਂ ਦੀ ਤਮਗਿਆਂ ਦੀ ਉਡੀਕ ਵੀ ਖਤਮ ਹੋ ਗਈ।
ਪਰ ਜਿਨ੍ਹਾਂ ਲੋਕਾਂ ਨੇ ਜਸਪਾਲ ਰਾਣਾ ਨੂੰ ਨੇੜੇ ਤੋਂ ਜਾਣਿਆ ਸੀ, ਉਨ੍ਹਾਂ ਲਈ ਪੈਰਿਸ ਓਲੰਪਿਕ ਸਿਰਫ਼ ਖੇਡਾਂ ਦੀ ਸਫਲਤਾ ਨਹੀਂ ਸੀ। ਇਹ ਉਨ੍ਹਾਂ ਲਈ ਮੁੜ ਉੱਠ ਖੜ੍ਹੇ ਹੋਣ ਅਤੇ ਆਪਣੇ ਆਪ ਨੂੰ ਸਾਬਤ ਕਰਨ ਦੀ ਕਹਾਣੀ ਸੀ।

ਤਸਵੀਰ ਸਰੋਤ, @ani_digital
ਨਿਸ਼ਾਨੇਬਾਜ਼ੀ ਕੋਚ ਅਤੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਭਿਸ਼ੇਕ ਰਾਣਾ ਨੇ ਦੱਸਿਆ, "ਟੋਕੀਓ ਓਲੰਪਿਕ ਤੋਂ ਪਹਿਲਾਂ ਜਸਪਾਲ ਜੂਨੀਅਰ ਰਾਸ਼ਟਰੀ ਕੋਚ ਸਨ ਅਤੇ ਉਨ੍ਹਾਂ ਨੂੰ ਆਪਣੇ ਤਿਆਰ ਕੀਤੇ ਖਿਡਾਰੀਆਂ ਤੋਂ ਬਹੁਤ ਉਮੀਦਾਂ ਸਨ। ਜਦੋਂ ਉਮੀਦਾਂ ਅਨੁਸਾਰ ਨਤੀਜੇ ਨਹੀਂ ਆਏ ਤਾਂ ਉਹ ਬਹੁਤ ਨਿਰਾਸ਼ ਹੋਏ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਨਾਕਾਮੀ ਦਾ ਉਨ੍ਹਾਂ ਉੱਤੇ ਡੂੰਘਾ ਅਸਰ ਪਿਆ। ਕੁਝ ਸਮੇਂ ਲਈ ਉਹ ਆਪਣੇ ਆਪ ਵਿੱਚ ਹੀ ਰਹਿਣ ਲੱਗ ਪਏ ਅਤੇ ਭਗਵਤ ਗੀਤਾ ਦੇ ਅਧਿਐਨ ਵਿੱਚ ਡੁੱਬ ਗਏ। ਜਦੋਂ 2022 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਮਨੂ ਭਾਕਰ ਮੁੜ ਉਨ੍ਹਾਂ ਦੀ ਰਹਿਨੁਮਾਈ ਹੇਠ ਆਏ ਤਾਂ ਉਨ੍ਹਾਂ ਨੇ ਗੀਤਾ ਤੋਂ ਸਿੱਖੇ ਕਈ ਸਬਕ ਉਨ੍ਹਾਂ ਨਾਲ ਸਾਂਝੇ ਕੀਤੇ। ਪੈਰਿਸ ਓਲੰਪਿਕ ਵਿੱਚ ਤਮਗੇ ਜਿੱਤਣ ਤੋਂ ਬਾਅਦ ਮਨੂ ਭਾਕਰ ਨੇ ਖੁਦ ਵੀ ਇਨ੍ਹਾਂ ਸਿੱਖਿਆਵਾਂ ਦਾ ਜ਼ਿਕਰ ਕੀਤਾ ਸੀ।"
ਅਭਿਸ਼ੇਕ ਦੇ ਅਨੁਸਾਰ, ਪੈਰਿਸ ਵਿੱਚ ਹਾਸਲ ਹੋਈ ਸਫ਼ਲਤਾ ਕਿਸੇ ਹੋਰ ਸਫ਼ਲਤਾ ਨਾਲੋਂ ਕਿਤੇ ਅਹਿਮ ਸੀ।
"ਜਸਪਾਲ ਲਈ ਪੈਰਿਸ ਉਨ੍ਹਾਂ ਦੀ ਮੁੜ ਪ੍ਰਾਪਤ ਕੀਤੀ ਸਫ਼ਲਤਾ (ਰਿਡੈਂਪਸ਼ਨ) ਸੀ।"

ਤਸਵੀਰ ਸਰੋਤ, Getty Images
ਨਿਸ਼ਾਨੇਬਾਜ਼ੀ ਜਗਤ ਦੇ ਕਈ ਲੋਕ ਮੰਨਦੇ ਹਨ ਕਿ ਰਾਣਾ ਦੀ ਸੁਚੱਜੀ ਯੋਜਨਾਬੰਦੀ ਅਤੇ ਤਕਨੀਕੀ ਸਮਝ ਨੇ ਓਲੰਪਿਕ ਮੰਚ ਉੱਤੇ ਭਾਰਤ ਦੀ ਵਾਪਸੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਅਭਿਸ਼ੇਕ, ਜੋ ਓਲੰਪਿਕ ਤਮਗਾ ਜੇਤੂ ਸਰਬਜੋਤ ਸਿੰਘ ਦੇ ਕੋਚ ਰਹੇ ਹਨ, ਨੇ ਕਿਹਾ, "ਅਸੀਂ ਪੈਰਿਸ ਓਲੰਪਿਕ ਵਿੱਚ ਇਕੱਠੇ ਸੀ ਅਤੇ ਭਾਰਤੀ ਨਿਸ਼ਾਨੇਬਾਜ਼ਾਂ ਦੀ ਚਮਕਦਾਰ ਸਫ਼ਲਤਾ ਦੇ ਪਿੱਛੇ ਜਸਪਾਲ ਰਾਣਾ ਦੀ ਯੋਜਨਾਬੰਦੀ ਦਾ ਵੱਡਾ ਯੋਗਦਾਨ ਸੀ।"
ਉਨ੍ਹਾਂ ਨੇ ਦੱਸਿਆ, "ਮੈਂ 2006 ਵਿੱਚ ਜਸਪਾਲ ਰਾਣਾ ਤੋਂ ਪ੍ਰੇਰਿਤ ਹੋ ਕੇ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ। ਮੈਂ ਕੁਰੂਕਸ਼ੇਤਰ ਦੇ ਗੁਰੂਕੁਲ ਵਿੱਚ ਵਿਦਿਆਰਥੀ ਸੀ, ਜਿੱਥੇ ਸ਼ੂਟਿੰਗ ਰੇਂਜ ਉਨ੍ਹਾਂ ਦੇ ਰਾਣਾ ਇੰਸਟੀਚਿਊਟ ਆਫ਼ ਸ਼ੂਟਿੰਗ ਸਪੋਰਟਸ ਵੱਲੋਂ ਚਲਾਈ ਜਾਂਦੀ ਸੀ। ਬਾਅਦ ਵਿੱਚ ਜਦੋਂ ਮੈਂ ਕੋਚ ਬਣਿਆ ਤਾਂ ਮੈਂ ਵੀ ਉਨ੍ਹਾਂ ਦੇ ਕਈ ਤਰੀਕਿਆਂ ਨੂੰ ਅਪਣਾਇਆ।"
ਅਭਿਸ਼ੇਕ ਮੁਤਾਬਕ, ਅਨੁਸ਼ਾਸਨ ਰਾਣਾ ਦੀ ਕੋਚਿੰਗ ਦਰਸ਼ਨ ਦਾ ਆਧਾਰ ਸੀ।
"ਉਨ੍ਹਾਂ ਨੇ ਹਮੇਸ਼ਾ ਅਨੁਸ਼ਾਸਨ ਨੂੰ ਤਵੱਜੋ ਦਿੱਤੀ। ਜਦੋਂ ਵੀ ਉਹ ਕੋਚਿੰਗ ਦਿੰਦੇ ਸਨ, ਉਹ ਬਾਕੀ ਸਭ ਕੁਝ ਭੁੱਲ ਕੇ ਪੂਰੀ ਤਰ੍ਹਾਂ ਆਪਣੇ ਖਿਡਾਰੀਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਸਨ।"

ਤਸਵੀਰ ਸਰੋਤ, Getty Images
ਪਰ ਫਾਇਰਿੰਗ ਰੇਂਜ ਤੋਂ ਬਾਹਰ ਇਸ ਮਿਹਨਤੀ ਕੋਚ ਦਾ ਇੱਕ ਹੋਰ ਪੱਖ ਵੀ ਸੀ।
ਅਭਿਸ਼ੇਕ ਨੇ ਯਾਦ ਕਰਦਿਆਂ ਕਿਹਾ, "ਮੈਨੂੰ ਅੱਜ ਵੀ ਪੈਰਿਸ ਓਲੰਪਿਕ ਦੌਰਾਨ ਬਿਤਾਇਆ ਸਮਾਂ ਯਾਦ ਹੈ। ਉਨ੍ਹਾਂ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ। ਲਗਭਗ ਹਰ ਰੋਜ਼ ਉਹ ਰਾਤ ਦਾ ਖਾਣਾ ਤਿਆਰ ਕਰਦੇ ਸਨ, ਜਦਕਿ ਮੇਰੀ ਜ਼ਿੰਮੇਵਾਰੀ ਬਾਜ਼ਾਰ ਤੋਂ ਸਮਾਨ ਲਿਆਉਣ ਦੀ ਹੁੰਦੀ ਸੀ। ਉਨ੍ਹਾਂ ਦਾ ਚਲੇ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ।"
ਜਸਪਾਲ ਰਾਣਾ ਦਾ ਪ੍ਰਭਾਵ ਸਿਰਫ਼ ਤਕਨੀਕੀ ਕੋਚਿੰਗ ਤੱਕ ਸੀਮਿਤ ਨਹੀਂ ਸੀ।
ਡੀਏਵੀ ਕਾਲਜ, ਚੰਡੀਗੜ੍ਹ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਤੇ ਆਈਐਸਐਸਐਫ (ISSF) ਦੇ ਅੰਤਰਰਾਸ਼ਟਰੀ ਜੱਜ ਅਮਨੇਂਦਰ ਮਾਨ ਨੂੰ ਅੱਜ ਵੀ ਯਾਦ ਹੈ ਕਿ ਕਿਵੇਂ ਉਹ ਹਰ ਚੀਜ਼ ਦੀ ਬਰੀਕੀ 'ਤੇ ਗੌਰ ਕਰਦੇ ਸਨ।
ਉਨ੍ਹਾਂ ਨੇ ਦੱਸਿਆ, "ਪੈਰਿਸ ਓਲੰਪਿਕ ਦੌਰਾਨ ਮੈਂ ਆਪਣੇ ਕਾਲਜ ਦੇ ਵਿਦਿਆਰਥੀਆਂ ਮਨੂ ਭਾਕਰ, ਸਰਬਜੋਤ ਸਿੰਘ ਅਤੇ ਵਿਜੇਵੀਰ ਸਿੱਧੂ ਦੀ ਹੌਸਲਾ ਅਫ਼ਜ਼ਾਈ ਲਈ ਗਿਆ ਹੋਇਆ ਸੀ। ਇੱਕ ਸ਼ਾਮ ਖਾਣਾ ਖਾਂਦੇ ਸਮੇਂ ਜਸਪਾਲ ਰਾਣਾ ਨੇ ਮਜ਼ਾਕ ਵਿੱਚ ਭਾਰਤੀ ਟੀਮ ਨਾਲ ਜੁੜੇ ਇੱਕ ਵਿਦੇਸ਼ੀ ਕੋਚ ਨੂੰ ਭਾਰਤੀ ਖਾਣੇ ਦੀ ਤਸਵੀਰ ਭੇਜੀ ਅਤੇ ਕਿਹਾ ਕਿ ਇਹੀ ਸਾਡੇ ਨਿਸ਼ਾਨੇਬਾਜ਼ਾਂ ਦੀ ਸਫਲਤਾ ਦਾ ਰਾਜ਼ ਹੈ।"
ਮਾਨ ਨੇ ਕਿਹਾ, "ਇਹ ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦਾ ਸੀ। ਉਹ ਛੋਟੀ ਤੋਂ ਛੋਟੀ ਗੱਲ ਦਾ ਵੀ ਧਿਆਨ ਰੱਖਦੇ ਸਨ ਅਤੇ ਇਹੀ ਗੱਲ ਉਨ੍ਹਾਂ ਨੂੰ ਇੱਕ ਵਿਲੱਖਣ ਕੋਚ ਬਣਾਉਂਦੀ ਸੀ।"
ਲੰਡਨ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਵਿਜੇ ਕੁਮਾਰ, ਜਸਪਾਲ ਰਾਣਾ ਨੂੰ ਇੱਕ ਸਾਥੀ ਖਿਡਾਰੀ ਵੱਜੋਂ ਹੀ ਨਹੀਂ ਸਗੋਂ ਇਸ ਖੇਡ ਦੇ ਬ੍ਰਾਂਡ ਅੰਬੈਸਡਰ ਵੱਜੋਂ ਵੀ ਯਾਦ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਜਸਪਾਲ ਰਾਣਾ ਦਾ ਦੇਹਾਂਤ ਨਿਸ਼ਾਨੇਬਾਜ਼ੀ ਜਗਤ ਲਈ ਬਹੁਤ ਵੱਡਾ ਘਾਟਾ ਹੈ। ਅਸੀਂ 2006 ਦੀਆਂ ਏਸ਼ਿਆਈ ਖੇਡਾਂ ਦੌਰਾਨ ਟੀਮ ਸਾਥੀ ਰਹੇ ਅਤੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਇਕੱਠੇ ਕੀਤੀ। ਮੈਂ ਹਮੇਸ਼ਾ ਉਨ੍ਹਾਂ ਦੇ ਸਮਰਪਣ, ਜਜ਼ਬੇ ਅਤੇ ਖੇਡ ਪ੍ਰਤੀ ਯੋਗਦਾਨ ਨੂੰ ਯਾਦ ਰੱਖਾਂਗਾ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।"
ਜਸਪਾਲ ਰਾਣਾ, ਵਿਜੇ ਕੁਮਾਰ ਅਤੇ ਸਮਰੇਸ਼ ਜੰਗ ਨੇ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਵਿੱਚ 25 ਮੀਟਰ ਸੈਂਟਰ ਫਾਇਰ ਪਿਸਟਲ ਟੀਮ ਮੁਕਾਬਲੇ ਸੋਨ ਤਮਗਾ ਜਿੱਤਿਆ ਸੀ।
ਜਸਪਾਲ ਰਾਣਾ ਨੂੰ ਸ਼ਰਧਾਂਜਲੀ

ਤਸਵੀਰ ਸਰੋਤ, @narendramodi
ਉਨ੍ਹਾਂ ਦੇ ਦੇਹਾਂਤ ਉੱਤੇ ਦੇਸ਼ ਭਰ ਤੋਂ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਸ਼ਾਸਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕਰਦਿਆਂ ਕਿਹਾ, "ਜਸਪਾਲ ਰਾਣਾ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਚਲੇ ਜਾਣਾ ਭਾਰਤੀ ਖੇਡ ਜਗਤ ਲਈ ਇੱਕ ਵੱਡਾ ਘਾਟਾ ਹੈ।"
"ਉਨ੍ਹਾਂ ਨੇ ਨਿਸ਼ਾਨੇਬਾਜ਼ੀ ਵਿੱਚ ਆਪਣੀਆਂ ਅਸਾਧਾਰਣ ਪ੍ਰਾਪਤੀਆਂ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕੀਤਾ। ਇੱਕ ਮਾਰਗ ਦਰਸ਼ਕ ਵਜੋਂ ਵੀ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ। ਉਨ੍ਹਾਂ ਨੇ ਬੇਹੱਦ ਸਮਰਪਣ ਨਾਲ ਨੌਜਵਾਨ ਖਿਡਾਰੀਆਂ ਨੂੰ ਤਿਆਰ ਕੀਤਾ ਅਤੇ ਰਾਹ ਦਿਖਾਇਆ। ਉਤੱਮਤਾ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੀ ਅਟੱਲ ਵਚਨਬੱਧਤਾ ਨੇ ਉਨ੍ਹਾਂ ਨੂੰ ਹਰ ਵਰਗ ਵਿੱਚ ਸਨਮਾਨ ਦਵਾਇਆ।"
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਜਸਪਾਲ ਰਾਣਾ ਭਾਰਤੀ ਨਿਸ਼ਾਨੇਬਾਜ਼ੀ ਦਾ ਦੂਜਾ ਨਾਂਅ ਬਣੇ ਰਹੇ।
ਇੱਕ ਨੌਜਵਾਨ ਖਿਡਾਰੀ ਵਜੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ ਉੱਤੇ ਭਾਰਤ ਦੀਆਂ ਉਮੀਦਾਂ ਨੂੰ ਆਪਣੇ ਮੋਢਿਆਂ 'ਤੇ ਚੁੱਕਿਆ ਅਤੇ ਲਗਾਤਾਰ ਤਮਗੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇੱਕ ਕੋਚ ਵਜੋਂ ਉਨ੍ਹਾਂ ਨੇ ਅਜਿਹੀ ਪੀੜ੍ਹੀ ਤਿਆਰ ਕੀਤੀ ਜੋ ਦੁਨੀਆ ਦੇ ਸਰਬਉੱਤਮ ਨਿਸ਼ਾਨੇਬਾਜ਼ਾਂ ਨੂੰ ਚੁਣੌਤੀ ਦੇ ਸਕਦੀ ਸੀ।
ਉਨ੍ਹਾਂ ਦੀ ਅਸਲ ਵਿਰਾਸਤ ਹਰ ਉਸ ਨੌਜਵਾਨ ਨਿਸ਼ਾਨੇਬਾਜ਼ ਵਿੱਚ ਜ਼ਿੰਦਾ ਰਹੇਗੀ, ਜੋ ਦੂਰ ਨਿਸ਼ਾਨੇ 'ਤੇ ਨਜ਼ਰ ਟਿਕਾ ਕੇ ਉਸ ਉਤੱਮਤਾ ਦੇ ਮਿਆਰ ਤੱਕ ਪਹੁੰਚਣ ਦਾ ਸੁਪਨਾ ਦੇਖਦਾ ਹੈ, ਜਿਸ ਨੂੰ ਜਸਪਾਲ ਰਾਣਾ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਸਥਾਪਿਤ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












