ਕੌਣ ਸੀ ਪਰਵਿੰਦਰ ਸਿੰਘ ਝੋਟਾ ਜਿਸ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਉਸ ਨਾਲ ਕੀ ਵਿਵਾਦ ਜੁੜੇ ਰਹੇ

ਤਸਵੀਰ ਸਰੋਤ, PARVINDER SINGH JHOTA/FB
ਮਾਨਸਾ ਦੇ ਬਜ਼ਾਰ ਵਿੱਚ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚੱਲੀਆਂ। ਘਟਨਾ ਵਿੱਚ ਖੁਦ ਨੂੰ ਨਸ਼ਿਆਂ ਵਿਰੋਧੀ ਕਾਰਕੁਨ ਦੱਸਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ।
ਮਾਨਸਾ ਤੋਂ ਬੀਬੀਸੀ ਸਹਿਯੋਗੀ ਰਾਜੇਸ਼ ਗੋਲਡੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ, ਇੱਕ ਫਾਇਰ ਪਰਵਿੰਦਰ ਸਿੰਘ ਝੋਟਾ ਦੇ ਸੱਜੇ ਪੱਟ ਅਤੇ ਦੋ ਫਾਇਰ ਪੇਟ ਵਿਚ ਹੋਏ ਹਨ। ਜਾਣਕਾਰੀ ਮੁਤਾਬਕ ਘਟਨਾ ਵਿੱਚ ਚਾਰ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਘਟਨਾ ਤੋਂ ਬਾਅਦ ਸੂਬਾ ਸਰਕਾਰ ਵੀ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਪੀ, ਐਸਡੀਐਮ ਅਤੇ ਡੀਐਸਪੀਜ਼ ਨਾਲ ਹਾਈ ਲੈਵਲ ਮੀਟਿੰਗ ਸੱਦੀ ਹੈ।

ਤਸਵੀਰ ਸਰੋਤ, AAP
ਬਠਿੰਡਾ ਰੇਂਜ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ, "ਅੱਜ ਸਵੇਰੇ ਇਸ ਘਟਨਾ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਸ਼ਵਨੀ ਨਾਮ ਦੇ ਕੈਮਿਸਟ ਸ਼ਾਪ ਮਾਲਕ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਐਂਟੀ-ਡਰੱਗ ਕਾਰਕੁਨ ਪਰਵਿੰਦਰ ਸਿੰਘ ਝੋਟਾ 'ਤੇ ਗੋਲੀਆਂ ਚਲਾਈਆਂ। ਪਰਵਿੰਦਰ ਸਿੰਘ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਸਰਗਰਮੀ ਨਾਲ ਕੰਮ ਕਰ ਰਹੇ ਸਨ।"
"ਮੁੱਢਲੀ ਜਾਂਚ ਮੁਤਾਬਕ, ਇਸ ਘਟਨਾ ਪਿੱਛੇ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਸ ਨਾਲ ਜੁੜੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।"

ਤਸਵੀਰ ਸਰੋਤ, rajesh goldy/bbc
ਉਧਰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾਕਾਰੀ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਮਾਮਲੇ ਵਿੱਚ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।

ਤਸਵੀਰ ਸਰੋਤ, rajesh goldy/bbc
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ, "ਮਾਨਸਾ ਵਿੱਚ ਜਿਹੜੀ ਘਟਨਾ ਵਾਪਰੀ ਹੈ, ਸਭ ਤੋਂ ਪਹਿਲਾਂ ਮੈਂ ਉਸ ਘਟਨਾ ਦੀ ਨਿੰਦਾ ਕਰਦਾ ਹਾਂ। ਦੂਜੀ ਗੱਲ, ਜਿਸ ਵਿਅਕਤੀ ਨੇ ਕਤਲ ਕੀਤਾ ਹੈ ਅਤੇ ਜਿਸ ਦਾ ਕਤਲ ਹੋਇਆ ਹੈ, ਉਨ੍ਹਾਂ ਵਿਚਕਾਰ ਪਹਿਲਾਂ ਤੋਂ ਆਪਸੀ ਰੰਜਿਸ਼ ਅਤੇ ਲੜਾਈ-ਝਗੜਾ ਚੱਲ ਰਿਹਾ ਸੀ।"
"ਪਰ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਜਿਹੜਾ ਵੀ ਅਜਿਹਾ ਕਰੇਗਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।"
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਅਧਿਕਾਰਤ ਬੁਲਾਰੇ ਬਲਤੇਜ ਪੰਨੂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ, 'ਕੋਈ ਵੀ ਵਿਅਕਤੀ ਜੋ ਕਾਨੂੰਨ ਹੱਥ ਵਿਚ ਲਵੇਗਾ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।'
ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਚੌਵੀ ਘੰਟਿਆਂ ਅੰਦਰ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਸਾਹਮਣੇ ਆਏਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੇ ਜਾਣਕਾਰੀ ਦਿੱਤੀ ਕਿ ਫੋਰੈਂਸਿਕ ਟੀਮਾਂ ਵੀ ਘਟਨਾ ਵਾਲੀ ਥਾਂ 'ਤੇ ਜਾਂਚ ਕਰ ਰਹੀਆਂ ਹਨ।

ਤਸਵੀਰ ਸਰੋਤ, rajesh goldy/bbc
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਨਾਮ ਦੇ ਵਿਅਕਤੀ ਖਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸ ਵਿੱਚ ਝੋਟਾ, ਦੁਕਾਨ ਮਾਲਿਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।
ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ ਜੋ ਕਿ ਪਰਮਿੰਦਰ ਸਿੰਘ ਝੋਟਾ ਨੂੰ ਲਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ। ਇੱਕ ਹੋਰ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਨਾਮ ਦੇ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਬਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਅਵਾਜ਼ ਇਸ ਵੀਡੀਓ ਵਿਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ ਜ਼ਖਮੀ ਹਾਲਤ ਵਿਚ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਾਨਸਾ ਦੇ ਐੱਸਐੱਮਓ ਡਾਕਟਰ ਗੁਰਮੇਲ ਸਿੰਘ ਮੁਤਾਬਕ ਦੋ ਹੋਰ ਜਣਿਆਂ ਨੂੰ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਦੋ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪਰਵਿੰਦਰ ਝੋਟਾ ਦੇ ਪਰਿਵਾਰ ਨੇ ਕੀ ਕਿਹਾ ?

ਤਸਵੀਰ ਸਰੋਤ, rajesh goldy/bbc
ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਘਟਨਾ ਤੋਂ ਬਾਅਦ ਰੋਸ ਜ਼ਾਹਿਰ ਕਰਦਿਆਂ 'ਅਸਫਲ' ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ।
ਉਨ੍ਹਾਂ ਫ਼ਿਲਹਾਲ ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਕਮੇਟੀ ਜੋ ਫ਼ੈਸਲਾ ਕਰੇਗੀ ਉਸ ਮੁਤਾਬਕ ਚੱਲਾਂਗੇ।
ਉਨ੍ਹਾਂ ਕਿਹਾ, "ਮੇਰਾ ਪੁੱਤ ਅੱਜ ਮਰ ਗਿਆ ਪਰ ਉਸ ਨੇ ਹਜ਼ਾਰਾਂ ਧੀਆਂ ਪੁੱਤ ਬਚਾ ਦਿੱਤੇ। "
ਘਟਨਾ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਸਮਰਥਕਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਮਾਨਸਾ ਦੇ ਸਿਵਲ ਹਸਪਤਾਲ ਬਾਹਰ ਵੀ ਇਕੱਠੇ ਹੋ ਰਹੇ ਹਨ।
ਕੌਣ ਸਨ ਪਰਵਿੰਦਰ ਸਿੰਘ ਝੋਟਾ ?

ਤਸਵੀਰ ਸਰੋਤ, Parvinder singh jhota / fb
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਹਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ ਹਨ।
ਉਹ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਨਾਲ ਕੁਝ ਸਾਲ ਪਹਿਲਾਂ ਚਰਚਾ ਵਿਚ ਆਏ ਸਨ ਜਦੋਂ ਆਪਣਾ ਸੰਗਠਨ ਬਣਾ ਕੇ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ।
ਬੀਬੀਸੀ ਪੰਜਾਬੀ ਦੀ ਜੁਲਾਈ 2023 ਨੂੰ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਮੁਤਾਬਕ ਪਹਿਲਾਂ ਵੀ ਪਰਵਿੰਦਰ ਝੋਟਾ ਅਤੇ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਕੁਮਾਰ ਵਿਚਕਾਰ ਵਿਵਾਦ ਰਿਹਾ ਹੈ।
ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ, 12 ਜੁਲਾਈ 2023 ਦੀ ਸ਼ਾਮ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਆਪਣੇ 7-8 ਸਮਰਥਕਾਂ ਨਾਲ ਮੈਡੀਕਲ ਸਟੋਰ ਅੰਦਰ ਦਾਖ਼ਲ ਹੋ ਗਿਆ ਅਤੇ ਸਟੋਰ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ।
ਪੁਲਿਸ ਮੁਤਾਬਕ, ਫਿਰ ਝੋਟਾ ਨੇ ਜ਼ਬਰਦਸਤੀ ਉਸ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਅਤੇ ਮਾਲਕ ਅਸ਼ਵਨੀ ਕੁਮਾਰ ਦੇ ਗਲ਼ੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮੁੱਖ ਬਾਜ਼ਾਰ, ਮਾਨਸਾ ਰਾਹੀਂ ਸਿਟੀ ਥਾਣੇ ਲੈ ਗਿਆ। ਇਸੇ ਘਟਨਾ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਸੁਰਖੀਆਂ ਵਿੱਚ ਆਇਆ ਸੀ।
ਅਸ਼ਵਨੀ ਕੁਮਾਰ ਵਿਰੁੱਧ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਪਰ ਪੁਲਿਸ ਨੇ ਸਾਰੀ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ 5 ਹੋਰਾਂ ਖ਼ਿਲਾਫ਼ ਧਾਰਾ 355, 451, 323,148,149 ਆਈਪੀਸੀ ਤਹਿਤ ਐੱਫਆਈਆਰ ਦਰਜ ਕਰ ਲਈ ਪਰਵਿੰਦਰ ਝੋਟਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ।
19 ਜੁਲਾਈ 2023 ਨੂੰ ਪ੍ਰਕਾਸ਼ਿਤ ਬੀਬੀਸੀ ਪੰਜਾਬੀ ਦੀ ਰਿਪੋਰਟ ਮੁਤਾਬਕ ਪੁਲਿਸ ਦਾ ਇਲਜ਼ਾਮ ਸੀ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਝੋਟਾ ਇਕੱਲਾ ਅਤੇ ਇੱਕ ਵਾਰ ਆਪਣੇ ਇੱਕ ਸਾਥੀ ਨਾਲ ਮੈਡੀਕਲ ਦੀ ਦੁਕਾਨ 'ਤੇ ਗਿਆ ਸੀ ਅਤੇ ਮਾਲਕ ਦੇ ਵਿਰੋਧ ਦੇ ਬਾਵਜੂਦ ਦੁਕਾਨ ਦੇ ਦਰਾਜ 'ਚੋਂ ਪੈਸੇ ਕੱਢ ਲਏ ਸੀ।
ਇਸੇ ਤਰ੍ਹਾਂ ਉਹ ਹੋਰਾਂ ਨੂੰ ਵੀ ਪੈਸੇ ਦੇਣ ਲਈ ਧਮਕੀਆਂ ਦੇਣ ਦਾ ਇਲਜ਼ਾਮ ਸੀ। ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।
ਪੁਲਿਸ ਵੱਲੋਂ ਝੋਟਾ ਨੂੰ 5 ਜੂਨ 2023 ਨੂੰ ਇੱਕ ਇਰਾਦਾ-ਏ-ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਵੇਲੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਮਾਮਲੇ ਨੂੰ ਵਾਪਿਸ ਲੈ ਕੇ ਝੋਟਾ ਨੂੰ ਛੱਡ ਦਿੱਤਾ ਗਿਆ ਸੀ।
ਅਕਾਲ ਤਖ਼ਤ ਦੇ ਜਥੇਦਾਰ ਨੇ ਕੀਤੀ ਨਿੰਦਾ

ਤਸਵੀਰ ਸਰੋਤ, RAVINDER SINGH ROBIN/BBC
ਇਸ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਹੋਏ ਬੇਹੱਦ ਮੰਦਭਾਗੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਮਿਲਿਆ ਜਾਵੇਗਾ।
ਉਨ੍ਹਾਂ ਨੇ ਕਿਹਾ, "ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਦੀ ਪੁਰਜ਼ੋਰ ਨਿਖੇਧੀ ਕਰਦਾ ਹਾਂ। ਸਾਹਮਣੇ ਆਏ ਤੱਥ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਹੁਤ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਪਰਵਿੰਦਰ ਸਿੰਘ ਲੰਬੇ ਸਮੇਂ ਤੋਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਿਹਾ ਸੀ।"
"ਉਸ ਦਾ ਕਤਲ ਸਮੁੱਚੇ ਪੰਜਾਬ ਲਈ ਵੱਡਾ ਘਾਟਾ ਹੈ। ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।"
ਵਿਰੋਧੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੀ 'ਆਪ' ਸਰਕਾਰ

ਤਸਵੀਰ ਸਰੋਤ, Rajesh Goldy/BBC
ਵਿਰੋਧੀ ਪਾਰਟੀਆਂ ਨੇ ਘਟਨਾ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਕਸ 'ਤੇ ਲਿਖਿਆ ਕਿ ਇਹ ਘਿਨਾਉਣਾ ਕਤਲ ਇਸ ਗੱਲ ਨੂੰ ਸਪਸ਼ਟ ਤੌਰ 'ਤੇ ਯਾਦ ਸਵਾਉਂਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ।
ਉਨ੍ਹਾਂ ਲਿਖਿਆ, "ਮ੍ਰਿਤਕ ਲਗਾਤਾਰ ਨਸਿਆ ਖ਼ਿਲਾਫ਼ ਅਵਾਜ਼ ਚੁੱਕ ਰਿਹਾ ਸੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਉਸ ਦਾ ਸਾਥ ਨਹੀਂ ਦਿੱਤਾ। ਬਹੁਤ ਪ੍ਰਚਾਰਿਆ ਗਿਆ ਯੁੱਧ ਨਸਿਆ ਵਿਰੁੱਧ ਇੱਕ ਡਰਾਮੇ ਤੋਂ ਬਿਨ੍ਹਾਂ ਕੁਝ ਵੀ ਨਹੀਂ ਅਤੇ ਇਹ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ ਹੈ।"
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਲਿਖਿਆ ਕਿ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਕਤਲ ਹੋਣਾ ਫੇਲ੍ਹ ਕਾਨੂੰਨ ਵਿਵਸਥਾ ਅਤੇ ਫੇਲ੍ਹ 'ਯੁੱਧ ਨਸਿਆ ਵਿਰੁੱਧ' ਦਾ ਨਤੀਜਾ ਹੈ।
ਉਨ੍ਹਾਂ ਇਹ ਵੀ ਲਿਖਿਆ, "ਪੀੜਤ ਪਰਿਵਾਰ ਅਤੇ ਸਮਰਥਕਾਂ ਨਾਲ ਮੇਰੀ ਹਮਦਰਦੀ ਹੈ। ਮੈਂ ਪਰਵਿੰਦਰ ਦੇ ਪਿਤਾ ਅਤੇ ਪਰਿਵਾਰ ਨੂੰ ਉਸ ਵੇਲੇ ਮਿਲਿਆ ਸੀ ਜਦੋਂ 2023 ਵਿੱਚ ਉਸ 'ਤੇ ਝੂਠਾ ਇਲਜ਼ਾਮ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।"
ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲਿਖਿਆ, "ਬਦਲਾਅ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਦੱਸੇ, ਕੀ ਇਹੀ ਹੈ ਤੁਹਾਡਾ ਬਦਲਾਅ ? ਭਗਵੰਤ ਮਾਨ ਜੀ, ਪੰਜਾਬੀਆਂ 'ਤੇ ਰਹਿਮ ਕਰੋ, ਅਸਤੀਫਾ ਦਿਓ ਅਤੇ ਪੰਜਾਬ ਨੂੰ ਬਖਸ਼ ਦਿਓ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































