ਆਸਟ੍ਰੇਲੀਆ ਵਿੱਚ ਇੱਕੋ ਜਿਹੇ ਚਾਰ ਬੱਚਿਆਂ ਦਾ ਜਨਮ ਹੋਇਆ, ਇਹ ਕਿਵੇਂ ਵਿਲੱਖਣ ਹੈ

ਤਸਵੀਰ ਸਰੋਤ, Metro North Health
- ਲੇਖਕ, ਐਮੀ ਵਾਲਕਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਇੱਕ ਆਸਟਰੇਲੀਆਈ ਮਹਿਲਾ ਨੇ ਕੁਦਰਤੀ ਤੌਰ 'ਤੇ ਗਰਭ ਧਾਰਨ ਕਰਨ ਬਾਅਦ ਦਰੁਲੱਭ ਇੱਕੋ ਜਿਹੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਪ੍ਰੈਗਨੈਂਸੀ ਨੂੰ ਰਾਇਲ ਬ੍ਰਿਸਬੇਨ ਅਤੇ ਵੂਮਨ ਹਸਪਤਾਲ ਨੇ 'ਅਤਿ ਜੋਖਮ ਭਰਪੂਰ' ਦੱਸਿਆ ਸੀ।
ਔਰਤ ਨੇ 14 ਜੁਲਾਈ ਨੂੰ ਗਰਭ ਦੇ 28 ਹਫਤਿਆਂ ਤੇ 4 ਦਿਨਾਂ 'ਤੇ ਚਾਰ ਬੱਚੀਆਂ ਨੂੰ ਸੀ-ਸੈਕਸ਼ਨ ਜ਼ਰੀਏ ਜਨਮ ਦਿੱਤਾ। ਇਹ ਇੱਕ ਅੰਡੇ ਤੋਂ ਬਣੇ ਚਾਰ ਬੱਚੇ ਸਨ ਜਿਸ ਵਿੱਚ ਇੱਕ ਫਰਟੀਲਾਈਜ਼ਡ ਅੰਡਾ ਚਾਰ ਭਰੂਣਾਂ ਵਿੱਚ ਵੰਡਿਆ ਗਿਆ।
ਹਸਪਤਾਲ ਨੇ ਦੱਸਿਆ ਕਿ ਮਾਂ 34 ਸਾਲਾ ਜੇਨੀਟਾਰ ਨਾ'ਆਮੋਆਨਾ ਅਤੇ ਉਸ ਦੇ ਪਤੀ ਜੋਰਥਮ ਦੇ ਪਹਿਲਾਂ ਹੀ ਚਾਰ ਬੱਚੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਸ ਵਾਰ ਚਾਰ ਬੱਚੇ ਹੋਣ ਬਾਰੇ ਦੱਸਿਆ ਗਿਆ ਤਾਂ ਉਹ ਬਹੁਤ ਹੈਰਾਨ ਹੋਏ।
ਗਰਭ ਦੀ ਸ਼ੁਰੂਆਤ ਤੋਂ ਹੀ ਮਾਂ ਦੀ ਦੇਖਭਾਲ ਕਰਨ ਵਾਲੀ ਡਾ.ਅਲੈਕਸਾ ਬੇਂਡਾਲ ਨੇ ਅੰਦਾਜ਼ਾ ਲਗਾਇਆ ਕਿ ਇੱਕੋ ਜਿਹੇ ਚਾਰ ਬੱਚੇ ਹਰ 15 ਮਿਲੀਅਨ ਪ੍ਰੈਗਨੈਂਸੀਜ਼ ਵਿੱਚੋਂ ਇੱਕ ਹੁੰਦੇ ਹਨ। ਉਨ੍ਹਾਂ ਕਿਹਾ, "ਪਰ ਇਕੋ ਪਲੈਸੈਂਟਾ ਸਾਂਝਾ ਕਰਨਾ, ਇਹ ਬਿਲਕੁਲ ਅਣਸੁਣਿਆ ਹੈ।"

ਤਸਵੀਰ ਸਰੋਤ, Jenitar Na’amoana/Gofundme
ਭਰੂਣ ਮੈਡੀਸਨ ਮਾਹਿਰ ਅਤੇ ਜਣੇਪਾ ਮਾਹਿਰ ਡਾ. ਬੇਂਡਲ ਨੇ ਕਿਹਾ ਕਿ ਇਹ ਗਰਭ ਅਵਸਥਾ ਬਹੁਤ ਜ਼ਿਆਦਾ ਜੋਖਮ ਵਾਲੀ ਸੀ ਜਿਸ ਕਾਰਨ ਹਸਪਤਾਲ ਨੇ ਨਾ'ਆਮੋਆਨਾ ਨੂੰ 25ਵੇਂ ਹਫਤੇ ਵਿੱਚ ਦਾਖਲ ਕਰ ਲਿਆ ਸੀ ਤਾਂ ਜੋ ਉਨ੍ਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾ ਸਕੇ।
ਬੇਂਡਲ ਨੇ ਕਿਹਾ, " ਅਸੀਂ ਹਮੇਸ਼ਾ ਕਹਿੰਦੇ ਸੀ ਕਿ ਜੇ ਅਸੀਂ ਇਸ ਨੂੰ 28 ਹਫ਼ਤਿਆਂ ਤੱਕ ਲੈ ਗਏ ਤਾਂ ਅਸੀਂ ਸਫਲ ਹੋਵਾਂਗੇ।"
ਉਨ੍ਹਾਂ ਇਹ ਵੀ ਕਿਹਾ, "ਇਸ ਲਈ 28 ਹਫਤਿਆਂ ਤੇ 4 ਦਿਨਾਂ 'ਤੇ ਸੁੰਦਰ ਤੰਦਰੁਸਤ ਬੱਚੀਆਂ ਮਿਲਣਾ, ਇਹ ਬਹੁਤ ਅਦਭੂਤ ਹੈ ਅਤੇ ਅਸੀਂ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।"
ਡਾ.ਬੇਂਡਲ ਨੇ ਕਿਹਾ, "ਜੇਨੀਟਾਰ ਨੇ ਪਹਿਲੇ ਹੀ ਦਿਨ ਤੋਂ ਬਹੁਤ ਹੌਂਸਲੇ ਨਾਲ ਹਰ ਚੀਜ਼ ਦਾ ਸਾਹਮਣਾ ਕੀਤਾ ਹੈ। ਇਸ ਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅਤੇ ਆਪਣੇ ਬੱਚਿਆਂ ਲਈ ਹਰ ਮੁਸ਼ਕਿਲ ਅਤੇ ਜ਼ੋਖਿਮ ਨੂੰ ਟਾਲ ਦਿੱਤਾ ਹੈ।"
ਨਵਜੰਮੀਆਂ ਬੱਚੀਆਂ ਦਾ ਨਾਮ ਐਮਿਲੀ, ਹੈਰੀਏਟ, ਕੈਥਰੀਨ ਅਤੇ (ਡਾ. ਅਲੈਕਸਾ ਬੇਂਡਲ ਦੇ ਨਾਮ 'ਤੇ) ਅਲੈਕਸਾ ਰੱਖਿਆ ਗਿਆ ਹੈ ਜਿਨ੍ਹਾਂ ਨੇ ਇਸ ਨੂੰ ਇੱਕ ਬਹੁਤ ਖੂਬਸੂਰਤ ਸਨਮਾਨ ਦੱਸਿਆ ਹੈ।
ਬੱਚੇ ਪਾਲਣ ਵਿੱਚ ਮਦਦ ਲਈ ਅਪੀਲ

ਤਸਵੀਰ ਸਰੋਤ, Metro North Health
ਬੱਚੀਆਂ ਫੁੱਲ ਟਰਮ ਹੋ ਜਾਣ ਤੱਕ ਹਸਪਾਤਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਰਹਿਣਗੀਆਂ ਅਤੇ ਫ਼ਿਲਹਾਲ ਉਹ ਤੰਦੁਰਸਤ ਹਨ।
ਜੋੜੇ ਦੇ ਬਾਕੀ ਬੱਚੇ ਇੱਕ ਤੋਂ ਦਸ ਸਾਲ ਦੀ ਉਮਰ ਵਿਚਕਾਰ ਹਨ ਅਤੇ ਮਾਂ ਨੇ ਹਾਲ ਹੀ ਵਿੱਚ ਘੱਟੋ ਘੱਟ 10 ਸੀਟਾਂ ਵਾਲੀ ਇੱਕ ਵੈਨ ਖ਼ਰੀਦਣ ਵਿੱਚ ਮਦਦ ਲਈ ਇੱਕ ਆਨਲਾਈਨ ਫੰਡਰੇਜ਼ਿੰਗ ਕੈਂਪੇਨ ਸ਼ੁਰੂ ਕੀਤੀ ਹੈ।

ਪਹਿਲਾਂ ਤੋਂ ਹੀ 37 ਹਜ਼ਾਰ ਆਸਟਰੇਲੀਆਈ ਡਾਲਰ ਤੋਂ ਵੱਧ ਦਾਨ ਹਾਸਿਲ ਕਰ ਚੁੱਕੀ ਫੰਡ ਇਕੱਠਾ ਕਰਨ ਦੀ ਮੁਹਿੰਮ ਨਾਲ ਦਿੱਤੇ ਸੰਦੇਸ਼ ਵਿੱਚ ਨਾ'ਆਮੋਆਨਾ ਨੇ ਲਿਖਿਆ, "ਸਾਡੇ ਚਾਰ ਕੀਮਤੀ ਚਮਤਕਾਰ ਸੁਰੱਖਿਅਤ ਢੰਗ ਨਾਲ ਆ ਗਏ ਹਨ ਅਤੇ ਭਾਵੇਂ ਸਾਡੇ ਦਿਲ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ ਪਰ ਇੱਕੋ ਸਮੇਂ ਚਾਰ ਨਵਜਾਤ ਬੱਚਿਆਂ ਦੀ ਦੇਖਭਾਲ ਕਰਨ ਦੀ ਅਸਲੀਅਤ ਅਜਿਹੀਆਂ ਚੁਣੌਤੀਆਂ ਲੈ ਕੇ ਆਈ ਹੈ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ।"
ਕੁਦਰਤੀ ਤੌਰ 'ਤੇ ਗਰਭਵਤੀ ਹੋਏ ਚਾਰ ਬੱਚੇ ਬਹੁਤ ਹੀ ਦੁਰਲੱਭ ਹੁੰਦੇ ਹਨ ਅਤੇ ਡਾਕਟਰਾਂ ਦਾ ਅੰਦਾਜ਼ਾ ਹੈ ਕਿ ਅਜਿਹਾ ਲਗਭਗ ਸੱਤ ਲੱਖਾਂ ਜਨਮਾਂ ਵਿੱਚੋਂ ਇਕ ਵਿੱਚ ਹੁੰਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















