ਨੇਪਾਲ-ਤਿੱਬਤ ਬਾਰਡਰ 'ਤੇ ਆਇਆ ਹੜ੍ਹ ਕਿਵੇਂ ਪੂਰਾ ਬਾਜ਼ਾਰ ਵਹਾ ਲੈ ਗਿਆ, 400 ਤੋਂ ਵੱਧ ਲੋਕਾਂ ਦੀ ਮੌਤ ਅਤੇ ਸੈਂਕੜੇ ਸੈਲਾਨੀ ਲਾਪਤਾ

ਨੇਪਾਲ

ਤਸਵੀਰ ਸਰੋਤ, Arun SANKAR / AFP via Getty Images

ਤਸਵੀਰ ਕੈਪਸ਼ਨ, ਹੜ੍ਹ ਤੋਂ ਬਾਅਦ ਫਸੇ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਾਹਤ ਕਰਮਚਾਰੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 10 ਮਿੰਟ

ਨੇਪਾਲ ਵਿੱਚ ਭੋਟੇਕੋਸ਼ੀ ਨਦੀ ਵਿੱਚ ਬੁੱਧਵਾਰ ਨੂੰ ਅਚਾਨਕ ਆਏ ਹੜ੍ਹ ਕਾਰਨ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ।

ਇਸ ਆਫ਼ਤ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਹਾਲ ਦੇ ਸਾਲਾਂ ਵਿੱਚ ਨੇਪਾਲ ਵਿੱਚ ਆਈਆਂ ਸਭ ਤੋਂ ਭਿਆਨਕ ਆਫ਼ਤਾਂ ਵਿੱਚੋਂ ਇੱਕ ਹੈ।

ਨੇਪਾਲ ਪੁਲਿਸ ਨੇ ਤਾਜ਼ਾ ਅਪਡੇਟ ਵਿੱਚ ਦੱਸਿਆ ਹੈ ਕਿ ਹੜ੍ਹ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉੱਥੇ ਹੀ ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨਡੀਡੀਆਰਐੱਮਏ) ਮੁਤਾਬਕ ਹੜ੍ਹ ਤੋਂ ਬਾਅਦ 800 ਤੋਂ ਵੱਧ ਲੋਕ ਲਾਪਤਾ ਹਨ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਹੜ੍ਹ ਦੇ ਮਲਬੇ ਵਿੱਚ ਫਸੀ ਇਮਾਰਤ

ਤਸਵੀਰ ਸਰੋਤ, SAFAL PRAKASH SHRESTHA/ANADOLU VIA GETTY IMAGES

ਤਸਵੀਰ ਕੈਪਸ਼ਨ, ਨੇਪਾਲ ਵਿਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ।

ਇਨ੍ਹਾਂ ਲਾਪਤਾ ਲੋਕਾਂ ਵਿੱਚ 517 ਵਿਦੇਸ਼ੀ ਨਾਗਰਿਕ, ਨੇਪਾਲੀ ਫੌਜ ਦੇ 44 ਮੈਂਬਰ ਅਤੇ ਨੇਪਾਲ ਪੁਲਿਸ ਦੇ 28 ਅਧਿਕਾਰੀ ਸ਼ਾਮਲ ਹਨ।

ਐੱਨਡੀਡੀਆਰਐੱਮਏ ਨੇ ਕਿਹਾ ਕਿ ਹੁਣ ਤੱਕ 258 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 351 ਲੋਕਾਂ ਨੂੰ ਬਚਾਇਆ ਗਿਆ ਹੈ।

ਨੇਪਾਲ ਪੁਲਿਸ ਨੇ ਸੋਸ਼ਲ ਮੀਡੀਆ ਐਕਸ 'ਤੇ ਦੱਸਿਆ ਹੈ ਕਿ ਰਸੁਵਾ ਜ਼ਿਲ੍ਹੇ ਵਿੱਚ ਮਾਰੇ ਗਏ ਉਨ੍ਹਾਂ ਲੋਕਾਂ ਬਾਰੇ, ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ, ਜਾਣਕਾਰੀ ਲੈਣ ਲਈ ਲੋਕ ਪੁਲਿਸ ਦੀ ਵੈੱਬਸਾਈਟ 'ਤੇ ਜਾਂਚ ਕਰ ਸਕਦੇ ਹਨ।

ਨੇਪਾਲ ’ਚ ਆਏ ਹੜ੍ਹਾਂ ਵਿੱਚ 500 ਤੋਂ ਜ਼ਿਆਦਾ ਲੋਕ ਲਾਪਤਾ ਹਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨੇਪਾਲ ’ਚ ਆਏ ਹੜ੍ਹਾਂ ਵਿੱਚ 500 ਤੋਂ ਜ਼ਿਆਦਾ ਲੋਕ ਲਾਪਤਾ ਹਨ

ਕਿੰਨੇ ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ

ਹੜ੍ਹ ਉਸ ਵੇਲੇ ਆਏ ਜਦੋਂ ਬਰਫ਼ ਖਿਸਕਣ ਨੇ ਭੋਟੇਕੋਸ਼ੀ ਨਦੀ ਦੀ ਸਹਾਇਕ ਨਦੀ ਲਹੇਂਦੇ ਦਾ ਵਹਾਅ ਰੋਕ ਦਿੱਤਾ। ਇਸ ਤੋਂ ਬਾਅਦ ਹੜ੍ਹ ਸਭ ਤੋਂ ਪਹਿਲਾਂ ਚੀਨ ਦੀ ਸਰਹੱਦ ਕੋਲ ਰਸੂਵਾਗੜੀ ਦੇ ਨੇੜੇ ਤਿਮੁਰੇ ਪਹੁੰਚਿਆ। ਸੈਂਕੜੇ ਲੋਕਾਂ ਦੀ ਅਬਾਦੀ ਵਾਲੇ ਇਸ ਇਲਾਕੇ ਦਾ ਵੱਡਾ ਹਿੱਸਾ ਵਹਿ ਗਿਆ ਅਤੇ ਇਸ ਤੋਂ ਬਾਅਦ ਹੜ੍ਹ ਦਾ ਪਾਣੀ ਤੇਜ਼ੀ ਨਾਲ ਥੱਲੇ ਵੱਲ ਵਧਿਆ।

ਇਲਾਕੇ ਵਿੱਚ ਬਾਰਿਸ਼ ਦੀ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਲੋਕਾਂ ਨੂੰ ਇਸ ਆਫ਼ਤ ਦੀ ਕੋਈ ਚੇਤਾਵਨੀ ਨਹੀਂ ਮਿਲੀ। ਹੜ੍ਹ ਆਉਣ ਵੇਲੇ ਲੋਕ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਸੀ।

ਨੈਸ਼ਨਲ ਡਿਜਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਹੈ ਕਿ ਰਸੂਵਾ ਵਿੱਚ ਭੋਟੇਕੋਸ਼ੀ-ਤ੍ਰਿਸ਼ੂਲੀ ਹੜ੍ਹਾਂ ਕਾਰਨ 800 ਤੋਂ ਵੱਧ ਲੋਕ ਲਾਪਤਾ ਹਨ।

ਨੇਪਾਲ ਵਿੱਚ ਆਇਆ ਹੜ੍ਹ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ ਰਾਹਤ ਕਾਰਜ ਵਿੱਚ ਵੀ ਮੁਸ਼ਕਿਲ ਪੇਸ਼ ਆਈ ਹੈ

ਅਥਾਰਟੀ ਮੁਤਾਬਕ ਸੁਰੱਖਿਆ ਬਲਾਂ, ਸੈਲਾਨੀਆਂ ਅਤੇ ਆਮ ਲੋਕਾਂ ਸਮੇਤ 826 ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਸੈਲਾਨੀਆਂ ਦੀ ਗਿਣਤੀ 529 ਤੋਂ ਵੱਧ ਹੈ।

ਨੇਪਾਲੀ ਫੌਜ ਨੇ ਦੱਸਿਆ ਹੈ ਕਿ ਰਸੂਵਾ ਦੇ ਹਾਕੂ ਵਿੱਚ ਇੱਕ ਪਣਬਿਜਲੀ ਪ੍ਰਾਜੈਕਟ ਦੀ ਸੁਰੰਗ ਵਿੱਚ ਫਸੇ ਸੱਤ ਲੋਕਾਂ ਨੂੰ ਜਿਉਂਦਾ ਬਚਾ ਲਿਆ ਗਿਆ ਹੈ। ਇਸ ਦੇ ਇਲਾਵਾ ਨੇਪਾਲੀ ਫੌਜ ਨੇ ਦੱਸਿਆ ਹੈ ਕਿ ਤਿੰਨ ਹੋਰ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

ਫੌਜ ਮੁਤਾਬਕ ਰਸੂਵਾ ਦੇ ਤਿਮੁਰੇ ਇਲਾਕੇ ਵਿੱਚੋਂ 95 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਬਚਾਏ ਗਏ ਲੋਕਾਂ ਵਿੱਚ 21 ਭਾਰਤੀ ਸੈਲਾਨੀ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਕੱਲ੍ਹ ਤਿਮੁਰੇ ਇਲਾਕੇ ਤੋਂ ਸੰਪਰਕ ਟੁੱਟ ਗਿਆ ਸੀ।

ਨੇਪਾਲ ਹੜ੍ਹ

ਇਸ ਤੋਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਬੁੱਧਵਾਰ ਨੂੰ ਪ੍ਰਤਿਨਿਧੀ ਸਭਾ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਰਸੂਵਾ ਵਿੱਚ ਆਫ਼ਤ ਦੀ ਸਥਿਤੀ ਭੂਚਾਲ ਦੇ ਨਾਲ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਪੈਦਾ ਹੋਈ ਸੀ ਅਤੇ ਇਸ ਦੀ ਅੱਗੇ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਨੇਪਾਲ ਟੂਰਿਜ਼ਮ ਬੋਰਡ ਦੇ ਮੁਤਾਬਕ, ਜਿਨ੍ਹਾਂ ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤ ਦੀ ਹੈ ਅਤੇ 100 ਤੋਂ ਵੱਧ ਭਾਰਤੀ ਇਸ ਵਿੱਚ ਸ਼ਾਮਲ ਹਨ।

ਉੱਤਰੀ ਨੇਪਾਲ ਦੇ ਕੁਝ ਹਿੱਸਿਆਂ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਜਾਨ-ਮਾਲ ਦੇ ਭਾਰੀ ਨੁਕਸਾਨ ਦਾ ਖਦਸ਼ਾ ਜਤਾਈ ਜਾ ਰਿਹਾ ਹੈ। ਹੜ੍ਹ ਵਿੱਚ ਕਈ ਪਿੰਡ ਵਹਿ ਗਏ ਹਨ ਅਤੇ ਇੱਕ ਪਨਬਿਜਲੀ ਡੈਮ ਸਮੇਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।

ਹੜ੍ਹ ਨਾਲ ਕਈ ਅਰਬ ਰੁਪਏ ਦਾ ਨੁਕਸਾਨ, ਕਈ ਪੁਲ ਅਤੇ ਸੜਕ ਤਬਾਹ

ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਕਰੀਬ 400 ਵਿਦੇਸ਼ੀ ਸੈਲਾਨੀ ਲਾਪਤਾ ਹਨ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਕਰੀਬ 400 ਵਿਦੇਸ਼ੀ ਸੈਲਾਨੀ ਲਾਪਤਾ ਹਨ।

ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਨਾਲ ਸੜਕਾਂ ਅਤੇ ਪੁਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਹੜ੍ਹ ਨਾਲ 15 ਅਰਬ ਨੇਪਾਲੀ ਰੁਪਏ ਦਾ ਨੁਕਸਾਨ ਹੋਇਆ ਹੈ।

ਸੜਕ ਵਿਭਾਗ ਦੇ ਡਾਇਰੈਕਟਰ ਜਨਰਲ ਵਿਜੇ ਜੈਸੀ ਨੇ ਬੀਬੀਸੀ ਨੇਪਾਲੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਕਾਰਨ ਹੁਣ ਤੱਕ 9 ਪੁਲ ਅਤੇ 40 ਕਿੱਲੋਮੀਟਰ ਸੜਕ ਨੁਕਸਾਨੀ ਜਾ ਚੁੱਕੀ ਹੈ।

ਉਨ੍ਹਾਂ ਮੁਤਾਬਕ, ਨੁਕਸਾਨ ਦਾ ਅੰਦਾਜ਼ਾ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ ਪਰ ਇਸ ਦੇ ਵਧਣ ਦਾ ਖ਼ਦਸ਼ਾ ਹੈ।

ਪੁਲਾਂ ਦਾ ਨੁਕਸਾਨ ਹੋਣ ਕਰਕੇ ਕਈ ਇਲਾਕਿਆਂ ਵਿੱਚ ਸੜਕੀ ਸੰਪਰਕ ਪ੍ਰਭਾਵਿਤ ਹੋਇਆ ਹੈ। ਸੰਪਰਕ ਬਹਾਲ ਕਰਨ ਲਈ ਪ੍ਰਭਾਵਿਤ ਥਾਂਵਾਂ 'ਤੇ ਬੇਲੀ ਬ੍ਰਿਜ(ਇਕ ਕਿਸਮ ਦੇ ਪੋਰਟੇਬਲ ਪੁਲ) ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਿਜੇ ਜੈਸੀ ਨੇ ਦੱਸਿਆ ਕਿ ਨੇਪਾਲ ਦੇ ਕੋਲ ਬੇਲੀ ਬ੍ਰਿਜ ਉਪਲਬਧ ਹਨ। ਇਸ ਤੋਂ ਇਲਾਵਾ ਭਾਰਤ ਅਤੇ ਚੀਨ ਤੋਂ ਵੀ ਇਨ੍ਹਾਂ ਨੂੰ ਉਪਲਬਧ ਕਰਾਉਣ ਦੀ ਅਪੀਲ ਕੀਤੀ ਗਈ ਹੈ।

ਨੇਪਾਲ ਵਿੱਚ ਹੜ੍ਹ ਆਇਆ ਹੈ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਨੇਪਾਲ ਵਿੱਚ ਹੜ੍ਹ ਆਉਣ ਤੋਂ ਬਾਅਦ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ

ਸੜਕ ਵਿਭਾਗ ਮੁਤਾਬਕ, ਸਿਯਾਬ੍ਰੁਬੇਸੀ ਅਤੇ ਰਸੁਵਾਗੜੀ ਵਿਚਕਾਰ ਸੜਕ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਿਛਲੇ ਸਾਲ ਆਏ ਹੜ੍ਹਾਂ ਬਾਅਦ ਚੀਨ ਦੀ ਮਦਦ ਨਾਲ ਇਸ ਸੜਕ ਦਾ ਪੁਨਰ ਨਿਰਮਾਣ ਕਰਾਇਆ ਜਾ ਰਿਹਾ ਸੀ। ਹਾਲਾਂਕਿ ਇੱਕ ਵਾਰ ਫਿਰ ਹੜ੍ਹ ਦੀ ਲਪੇਟ ਵਿੱਚ ਆਉਣ ਨਾਲ ਆਵਾਜਾਈ ਵਿਚ ਰੁਕਾਵਟ ਆ ਗਈ ਹੈ।

ਉਧੜ, ਗਾਲਛੀ-ਬੈਰੇਨੀ ਸੜਕ ਦਾ ਹਿੱਸਾ ਵੀ ਹੜ੍ਹ ਕਾਰਨ ਬੰਦ ਹੈ। ਅਧਿਕਾਰੀਆਂ ਮੁਤਾਬਕ, ਸੜਕ 'ਤੇ ਜਮ੍ਹਾ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

ਤਸਵੀਰਾਂ ’ਚ ਨੇਪਾਲ ’ਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਦਾ ਮੰਜ਼ਰ

ਨੇਪਾਲ ਦੇ ਉੱਤਰੀ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਆਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ 95 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨੇਪਾਲ ਦੇ ਉੱਤਰੀ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਆਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ 95 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਨੇਪਾਲ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਕਿਹਾ ਕਿ ਤ੍ਰਿਸ਼ੂਲੀ ਨਦੀ ਦਾ ਤੱਟ ਖੇਤਰ ਚਿਤਵਨ ਤੱਕ ਖਤਰੇ ਵਿੱਚ ਪੈ ਸਕਦਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨੇਪਾਲ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਕਿਹਾ ਕਿ ਤ੍ਰਿਸ਼ੂਲੀ ਨਦੀ ਦਾ ਤੱਟ ਖੇਤਰ ਚਿਤਵਨ ਤੱਕ ਖਤਰੇ ਵਿੱਚ ਪੈ ਸਕਦਾ ਹੈ।
ਹੜ੍ਹਾਂ ਤੋਂ ਬਾਅਦ ਨੇਪਾਲ ਵਿੱਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੜ੍ਹਾਂ ਤੋਂ ਬਾਅਦ ਨੇਪਾਲ ਵਿੱਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ।
ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਿਤ ਇੱਕ ਪਣ-ਬਿਜਲੀ ਪਲਾਂਟ ਦੇ ਸਾਹਮਣੇ ਮਿੱਟੀ ਅਤੇ ਰੇਤ ਦਾ ਢੇਰ ਜਮ੍ਹਾ ਹੋ ਗਿਆ ਹੈ।

ਤਸਵੀਰ ਸਰੋਤ, Shaktimaya Tamang

ਤਸਵੀਰ ਕੈਪਸ਼ਨ, ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਿਤ ਇੱਕ ਪਣ-ਬਿਜਲੀ ਪਲਾਂਟ ਦੇ ਸਾਹਮਣੇ ਮਿੱਟੀ ਅਤੇ ਰੇਤ ਦਾ ਢੇਰ ਜਮ੍ਹਾ ਹੋ ਗਿਆ।

ਬੁੱਧਵਾਰ ਸਵੇਰੇ ਤੜਕੇ ਰਾਜਧਾਨੀ ਕਾਠਮੰਡੂ ਦੇ ਉੱਤਰ ਵਿੱਚ ਸਥਿਤ ਰਸੁਵਾ ਖੇਤਰ ਵਿੱਚ ਹੜ੍ਹ ਆਇਆ ਸੀ। ਇਹ ਖੇਤਰ ਤਿੱਬਤ ਨਾਲ ਲੱਗਦਾ ਹੈ ਅਤੇ ਚੀਨ ਨਾਲ ਨੇਪਾਲ ਦੇ ਮੁੱਖ ਵਪਾਰਕ ਮਾਰਗ 'ਤੇ ਪੈਂਦਾ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹੜ੍ਹ ਤਿੱਬਤ ਤੋਂ ਨੇਪਾਲ ਵੱਲ ਵਹਿਣ ਵਾਲੀ ਭੋਟੇ ਕੋਸ਼ੀ ਨਦੀ ਵਿੱਚ ਬਰਫ਼ ਪਿਘਲਣ ਕਾਰਨ ਆਇਆ ਸੀ। ਇਸ ਦੇ ਨਾਲ ਹੀ ਤ੍ਰਿਸ਼ੂਲੀ ਨਦੀ ਵਿੱਚ ਵੀ ਹੜ੍ਹ ਆ ਗਿਆ ਹੈ।

ਦਰਿਆ ਦੇ ਹੇਠਲੇ ਇਲਾਕਿਆਂ ਵਿੱਚ ਸਥਿਤ ਕਈ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨਰਿੰਦਰ ਪਰਿਆਰ ਨੇ ਬੀਬੀਸੀ ਨਿਊਜ਼ ਨੇਪਾਲੀ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਭਾਰੀ ਨੁਕਸਾਨ ਦਾ ਖਦਸ਼ਾ ਹੈ। ਫਿਲਹਾਲ ਨੁਕਸਾਨ ਦੇ ਪੈਮਾਨੇ ਦਾ ਸਹੀ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ।

ਕਈ ਲੋਕਾਂ ਨੂੰ ਬਚਾਇਆ ਗਿਆ

ਹੜ੍ਹ ਦਾ ਇੱਕ ਦ੍ਰਿਸ਼

ਤਸਵੀਰ ਸਰੋਤ, RSS

ਤਸਵੀਰ ਕੈਪਸ਼ਨ, ਉੱਤਰਗਯਾ ਗ੍ਰਾਮੀਣ ਨਗਰ ਪਾਲਿਕਾ ਵਿੱਚ ਤ੍ਰਿਸ਼ੂਲੀ ਨਦੀ ਦਾ ਨੇੜਲਾ ਖੇਤਰ ਰਸੁਵਾ ਵਿੱਚ ਭੋਟੇਕੋਸ਼ੀ ਨਦੀ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ।

ਬੁੱਧਵਾਰ ਦੱਸਿਆ ਗਿਆ ਸੀ ਕਿ ਰਾਹਤ ਅਤੇ ਬਚਾਅ ਮੁਹਿੰਮ ਦੌਰਾਨ ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ।

ਬੁੱਧਵਾਰ ਨੂੰ ਸਸ਼ਸਤ੍ਰ ਪੁਲਿਸ ਬਲ ਨੇ ਕਿਹਾ ਸੀ ਕਿ ਉਸ ਦੇ 13 ਸੁਰੱਖਿਆ ਮੁਲਾਜ਼ਮਾਂ ਦੇ ਲਾਪਤਾ ਹੋਣ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਸਸ਼ਸਤ੍ਰ ਪੁਲਿਸ ਬਲ ਦੇ ਉਪ-ਬੁਲਾਰੇ ਸ਼ੈਲੇਂਦਰ ਥਾਪਾ ਨੇ ਕਿਹਾ ਕਿ ਰਸੁਵਾ ਦੇ ਮੈਲੁੰਗ ਤੋਂ ਚਾਰ ਅਤੇ ਤਿਮੁਰੇ ਤੋਂ ਨੌਂ ਲੋਕ ਲਾਪਤਾ ਹਨ।

ਉਨ੍ਹਾਂ ਕਿਹਾ ਸੀ, "ਅਸੀਂ ਬਲੰਬੂ ਵਿੱਚ ਸਥਿਤ 100 ਬਿਸਤਰਿਆਂ ਵਾਲੇ ਹਸਪਤਾਲ ਨੂੰ ਤਿਆਰ ਰੱਖਿਆ ਹੋਇਆ ਹੈ।"

ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਕਿਹਾ ਹੈ ਕਿ ਰਸੁਵਾ ਅਤੇ ਨੁਵਾਕੋਟ ਰਾਹੀਂ ਵਹਿਣ ਵਾਲੀਆਂ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਡੂੰਘਾ ਦੁੱਖ ਹੋਇਆ ਹੈ।

ਕਾਠਮੰਡੂ ਵਿੱਚ ਰਹਿਣ ਵਾਲੇ ਚੀਨੀ ਕਾਰੋਬਾਰੀ ਯੀ ਲਿਆਂਗ ਨੇ ਬੀਬੀਸੀ ਨੂੰ ਦੱਸਿਆ, "ਸਾਡੀ ਲੌਜਿਸਟਿਕਸ ਕੰਪਨੀ ਦੇ ਸੱਤ ਕੰਟੇਨਰ ਟਰੱਕ ਉੱਥੇ ਮੌਜੂਦ ਹਨ, ਜਿਨ੍ਹਾਂ ਵਿੱਚ ਸਾਰੇ ਨੇਪਾਲੀ ਕਰਮਚਾਰੀ ਕੰਮ ਕਰਦੇ ਹਨ। ਸਾਡਾ ਉਨ੍ਹਾਂ ਸਭ ਨਾਲ ਸੰਪਰਕ ਟੁੱਟ ਗਿਆ ਹੈ। ਉੱਥੇ ਸਿਗਨਲ ਨਹੀਂ ਹੈ, ਇਸ ਲਈ ਅਸੀਂ ਕਿਸੇ ਨਾਲ ਵੀ ਗੱਲ ਨਹੀਂ ਕਰ ਸਕ ਰਹੇ ਹਾਂ।"

"ਜਿੱਥੋਂ ਤੱਕ ਮੈਨੂੰ ਪਤਾ ਹੈ, ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਕਦੇ-ਕਦਾਈਂ ਢਿੱਗਾਂ ਡਿੱਗਣ ਅਤੇ ਮਿੱਟੀ ਖਿਸਕਣ ਦੀਆਂ ਘਟਨਾਵਾਂ ਹੁੰਦੀਆਂ ਸਨ, ਖਾਸ ਕਰਕੇ ਮੀਂਹ ਦੇ ਮੌਸਮ ਵਿੱਚ, ਪਰ ਇਹ ਘਟਨਾ ਕਾਫ਼ੀ ਜ਼ਿਆਦਾ ਗੰਭੀਰ ਲੱਗਦੀ ਹੈ।"

ਨੇਪਾਲ ਦੇ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਸੰਵੇਦਨਸ਼ੀਲ ਖੇਤਰਾਂ ਵਿੱਚ ਦਰਿਆ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

26 ਅਗਸਤ, 2026 ਨੂੰ ਆਏ ਹੜ੍ਹ ਤੋਂ ਬਾਅਦ ਨੇਪਾਲ ਵਿੱਚ ਨੁਕਸਾਨੀ ਗਈ ਜਾਇਦਾਦ ਅਤੇ ਪਾਣੀ ਨਾਲ ਭਰੀਆਂ ਸੜਕਾਂ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 26 ਅਗਸਤ, 2026 ਨੂੰ ਆਏ ਹੜ੍ਹ ਤੋਂ ਬਾਅਦ ਨੇਪਾਲ ਵਿੱਚ ਨੁਕਸਾਨੀ ਗਈ ਜਾਇਦਾਦ ਅਤੇ ਪਾਣੀ ਨਾਲ ਭਰੀਆਂ ਸੜਕਾਂ।

ਸਥਿਤੀ ਦਾ ਜਾਇਜ਼ਾ ਲੈਣ ਲਈ ਐਮਰਜੈਂਸੀ ਮੀਟਿੰਗ ਕਰਨ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ, "ਮੈਡੀਕਲ ਟੀਮਾਂ, ਸਕਾਊਟਸ ਅਤੇ ਰੈੱਡ ਕ੍ਰਾਸ ਦੇ ਤਾਲਮੇਲ ਨਾਲ ਲੋੜੀਂਦੇ ਕਦਮ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ।"

ਅਧਿਕਾਰੀਆਂ ਨੇ ਦੱਸਿਆ ਸੀ ਕਿ ਰਸੁਵਾ ਜ਼ਿਲ੍ਹੇ ਵਿੱਚ ਦੋ ਚੌਕੀਆਂ ਤੋਂ ਪੁਲਿਸ ਦੇ 13 ਅਧਿਕਾਰੀ ਲਾਪਤਾ ਹਨ। ਇਸ ਤੋਂ ਇਲਾਵਾ ਦਰਜਨਾਂ ਹੋਰ ਪੁਲਿਸ ਅਧਿਕਾਰੀਆਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਹੈ।

ਪਿਛਲੇ ਸਾਲ ਰਸੁਵਾ ਵਿੱਚ ਵੀ ਭਿਆਨਕ ਹੜ੍ਹ ਆਇਆ ਸੀ, ਜਿਸ ਵਿੱਚ ਸਰਹੱਦ ਦੇ ਚੀਨੀ ਹਿੱਸੇ ਵਿੱਚ ਇੱਕ ਗਲੇਸ਼ੀਅਰ ਟੁੱਟਣ ਤੋਂ ਬਾਅਦ 18 ਲੋਕਾਂ ਦੀ ਮੌਤ ਹੋ ਗਈ ਸੀ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਬੁੱਧਵਾਰ ਨੂੰ ਆਈ ਇਹ ਆਫ਼ਤ ਪਿਛਲੇ ਸਾਲ ਦੇ ਹੜ੍ਹ ਨਾਲੋਂ ਕਿਤੇ ਵੱਡੇ ਪੱਧਰ ਦੀ ਹੈ।

ਇਤਿਹਾਸਕ ਤ੍ਰਿਸ਼ੂਲੀ ਬਾਜਾਰ ਨੂੰ ਭਾਰੀ ਨੁਕਸਾਨ

ਨਿਰੰਜਨ ਰਾਜਬੰਸ਼ੀ, ਬੀਬੀਸੀ ਨਿਊਜ਼ ਨੇਪਾਲੀ

ਵਿਦੁਰ ਨਗਰਪਾਲਿਕਾ ਦੇ ਵਾਰਡ ਨੰਬਰ 1 ਦੇ ਵਾਰਡ ਚੇਅਰਮੈਨ ਲੇਨਿਨ ਰੰਜਿਤ ਨੇ ਕਿਹਾ ਕਿ ਰਸੂਵਾ ਅਤੇ ਨੁਵਾਕੋਟ ਰਾਹੀਂ ਵਹਿਣ ਵਾਲੀਆਂ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਆਏ ਹੜ੍ਹ ਕਾਰਨ ਨੁਵਾਕੋਟ ਦਾ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਲਗਭਗ ਪੂਰੀ ਤਰ੍ਹਾਂ ਡੁੱਬ ਗਿਆ ਹੈ।

ਲੇਨਿਨ ਰੰਜਿਤ ਨੇ ਬੀਬੀਸੀ ਨਿਊਜ਼ ਨੇਪਾਲੀ ਨਾਲ ਗੱਲਬਾਤ ਦੌਰਾਨ ਕਿਹਾ, "ਬਾਜ਼ਾਰ ਦਾ ਅੱਧ ਤੋਂ ਵੱਧ ਹਿੱਸਾ ਪੂਰੀ ਤਰ੍ਹਾਂ ਡੁੱਬ ਗਿਆ ਹੈ। ਤ੍ਰਿਸ਼ੂਲੀ ਜਲ ਬਿਜਲੀ ਪਲਾਂਟ, ਬਾਜ਼ਾਰ ਵਿੱਚ ਬਣੇ ਨਵੇਂ ਅਤੇ ਪੁਰਾਣੇ ਦੋਵੇਂ ਕੰਕਰੀਟ ਦੇ ਪੁਲ, ਤ੍ਰਿਸ਼ੂਲੀ ਸਕੂਲ, ਮੰਦਰ ਅਤੇ ਘਰ ਹੜ੍ਹ ਵਿੱਚ ਵਹਿ ਗਏ ਹਨ।"

ਉਨ੍ਹਾਂ ਕਿਹਾ, "ਦੋਸਤਾਂ ਨੇ ਆਪਣੀਆਂ ਅੱਖਾਂ ਸਾਹਮਣੇ ਲੋਕਾਂ ਨੂੰ ਪਾਣੀ ਵਿੱਚ ਵਹਿੰਦੇ ਦੇਖਿਆ ਹੈ। ਬਾਜ਼ਾਰ ਦੇ ਕੁਝ ਵਸਨੀਕਾਂ ਨਾਲ ਅਜੇ ਵੀ ਸੰਪਰਕ ਨਹੀਂ ਹੋ ਸਕਿਆ ਹੈ।"

ਉਨ੍ਹਾਂ ਇਹ ਵੀ ਦੱਸਿਆ ਕਿ ਬਚਾਅ ਕਾਰਜਾਂ ਲਈ ਹੈਲੀਕਾਪਟਰ ਮੰਗਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਫ਼ਿਲਹਾਲ ਬਾਜ਼ਾਰ ਦੇ ਲੋਕ ਵਿਦੁਰ ਅਤੇ ਕਾਲੋਨੀ ਇਲਾਕਿਆਂ ਵਿੱਚ ਸ਼ਰਨ ਲੈ ਰਹੇ ਹਨ।

ਉਨ੍ਹਾਂ ਦੇ ਮੁਤਾਬਕ, ਤ੍ਰਿਸ਼ੂਲੀ ਦੇ ਵਸਨੀਕਾਂ ਨੂੰ ਹੜ੍ਹ ਦੀ ਚੇਤਾਵਨੀ ਦੇ ਕੇ ਤੁਰੰਤ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਸੀ, ਪਰ ਕੁਝ ਲੋਕਾਂ ਨੇ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਵਾਰਡ ਚੇਅਰਮੈਨ ਰੰਜਿਤ ਨੇ ਕਿਹਾ, "ਨਦੀ ਦੇ ਨੇੜੇ ਸਥਿਤ ਹੇਠਲੇ ਬਾਜ਼ਾਰ ਦੇ ਲੋਕ ਤੁਰੰਤ ਉਥੋਂ ਨਿਕਲ ਗਏ ਸਨ, ਪਰ ਉੱਪਰਲੇ ਬਾਜ਼ਾਰ ਦੇ ਸਥਾਨਕ ਵਸਨੀਕ ਹਾਲੇ ਉਥੋਂ ਨਹੀਂ ਨਿਕਲੇ ਸਨ। ਇਸ ਤੋਂ ਪਹਿਲਾਂ ਵੀ ਅਜਿਹੀਆਂ ਅਫ਼ਵਾਹਾਂ ਫੈਲਦੀਆਂ ਰਹੀਆਂ ਸਨ, ਪਰ ਬਾਜ਼ਾਰ ਨੂੰ ਵਹਾ ਕੇ ਲੈ ਜਾਣ ਵਾਲੇ ਹੜ੍ਹ ਕਦੇ ਨਹੀਂ ਆਏ ਸਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਇੰਨੇ ਭਿਆਨਕ ਹੜ੍ਹ ਆਉਣਗੇ।"

ਨੇਪਾਲ ਦਾ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਪਾਣੀ ਨਾਲ ਭਰ ਗਿਆ ਹੈ।

ਤਸਵੀਰ ਸਰੋਤ, Lenin Ranjit

ਤਸਵੀਰ ਕੈਪਸ਼ਨ, ਨੇਪਾਲ ਦਾ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਪਾਣੀ ਨਾਲ ਭਰ ਗਿਆ ਹੈ।

ਉਨ੍ਹਾਂ ਕਿਹਾ, "ਜਦੋਂ ਤ੍ਰਿਸ਼ੂਲੀ ਦਾ ਪੁਰਾਣਾ ਪੁਲ ਹੜ੍ਹ ਦੀ ਲਪੇਟ ਵਿੱਚ ਆਇਆ, ਉਦੋਂ ਮੈਂ ਮਾਈਕ ਰਾਹੀਂ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਸੀ। ਜਦੋਂ ਮੈਂ ਨਵੇਂ ਪੁਲ ਤੱਕ ਪਹੁੰਚਿਆ ਤਾਂ ਪਾਣੀ ਮੇਰੇ ਪੈਰਾਂ ਤੱਕ ਆ ਗਿਆ ਸੀ। ਮੈਂ ਚੱਟਾਨਾਂ ਤੱਕ ਪਹੁੰਚ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।"

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 1985 ਵਿੱਚ ਰਸੂਵਾ ਦੇ ਧੁੰਚੇ ਇਲਾਕੇ ਵਿੱਚ ਜ਼ਮੀਨ ਖਿਸਕੀ ਸੀ, ਜਿਸ ਕਾਰਨ ਤ੍ਰਿਸ਼ੂਲੀ ਨਦੀ ਦਾ ਰਾਹ ਬੰਦ ਹੋ ਗਿਆ ਸੀ। ਉਸ ਸਮੇਂ ਬਾਜ਼ਾਰ ਦੇ ਵਹਿ ਜਾਣ ਦੇ ਡਰ ਕਾਰਨ ਪੂਰੇ ਬਾਜ਼ਾਰ ਨੂੰ ਖਾਲੀ ਕਰਵਾ ਲਿਆ ਗਿਆ ਸੀ। ਹਾਲਾਂਕਿ, ਉਸ ਵੇਲੇ ਹੜ੍ਹ ਬਾਜ਼ਾਰ ਤੱਕ ਨਹੀਂ ਪਹੁੰਚੇ ਸਨ।

ਅਧਿਕਾਰੀਆਂ ਦੇ ਮੁਤਾਬਕ, ਨੁਵਾਕੋਟ ਦੇ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਨੂੰ "ਸੰਗੁਬਾਜ਼ਾਰ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਕਰੀਬ 500 ਘਰ ਹਨ ਅਤੇ ਆਬਾਦੀ 2,000 ਤੋਂ ਵੱਧ ਹੈ।

ਭਾਰਤ ਅਤੇ ਚੀਨ ਨਾਲ ਮਦਦ ਲਈ ਗੱਲਬਾਤ ਜਾਰੀ

ਤ੍ਰਿਸ਼ੂਲੀ ਨਦੀ ਵਿੱਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।

ਤਸਵੀਰ ਸਰੋਤ, RSS

ਤਸਵੀਰ ਕੈਪਸ਼ਨ, ਤ੍ਰਿਸ਼ੂਲੀ ਨਦੀ ਵਿੱਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।

ਨੇਪਾਲ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਰਸੁਵਾ ਅਤੇ ਨੁਵਾਕੋਟ ਵਿੱਚੋਂ ਲੰਘਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਆਏ ਹੜ੍ਹ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜਾਂ ਲਈ ਚੀਨ ਅਤੇ ਭਾਰਤ ਨਾਲ ਗੱਲਬਾਤ ਜਾਰੀ ਹੈ।

ਸਰਕਾਰੀ ਬੁਲਾਰੇ ਸਸਮਿਤ ਪੋਖਰੇਲ ਨੇ ਕਿਹਾ, "ਚੀਨੀ ਸਰਕਾਰ ਅਤੇ ਭਾਰਤੀ ਸਰਕਾਰ ਨਾਲ ਗੱਲਬਾਤ ਜਾਰੀ ਹੈ। ਵਿਦੇਸ਼ ਮੰਤਰਾਲੇ ਰਾਹੀਂ ਤਾਲਮੇਲ ਕੀਤਾ ਜਾ ਰਿਹਾ ਹੈ। ਚੀਨੀ ਸਰਕਾਰ ਨੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ ਅਤੇ ਭਾਰਤੀ ਸਰਕਾਰ ਨੇ ਵੀ ਅਜਿਹਾ ਹੀ ਭਰੋਸਾ ਦਿੱਤਾ ਹੈ।"

ਪੋਖਰੇਲ ਨੇਪਾਲ ਦੇ ਸਿੱਖਿਆ ਮੰਤਰੀ ਵੀ ਹਨ।

ਖਬਰ ਏਜੰਸੀ ਸ਼ਿਨਹੂਆ ਮੁਤਾਬਕ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਸਵੇਰੇ ਨੇਪਾਲ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਅਤੇ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੋਖਰੇਲ ਨੇ ਦੱਸਿਆ ਕਿ ਆਫ਼ਤ ਤੋਂ ਬਾਅਦ ਹੋਈ ਕੈਬਨਿਟ ਮੀਟਿੰਗ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਲਈ ਸਰਕਾਰੀ ਅਤੇ ਨਿੱਜੀ ਖੇਤਰ ਦੇ ਹੈਲੀਕਾਪਟਰਾਂ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸਬੰਧਤ ਮੰਤਰਾਲਿਆਂ ਨੂੰ ਹੜ੍ਹ ਕਾਰਨ ਉਜੜੇ ਲੋਕਾਂ ਲਈ ਭੋਜਨ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ, ਸੜਕਾਂ ਦੀ ਮੁਰੰਮਤ ਕਰਵਾਉਣ, ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ, ਬਿਜਲੀ ਸੇਵਾਵਾਂ ਬਹਾਲ ਕਰਨ ਅਤੇ ਦੂਰਸੰਚਾਰ ਪ੍ਰਣਾਲੀ ਨੂੰ ਮੁੜ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਨੇਪਾਲ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਦੇਣ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਆਫ਼ਤ-ਪ੍ਰਭਾਵਿਤ ਇਲਾਕੇ ਘੋਸ਼ਿਤ ਕਰਨ ਦਾ ਵੀ ਫ਼ੈਸਲਾ ਕੀਤਾ ਹੈ।

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਚਾਅ ਕਾਰਜਾਂ ਲਈ ਹੈਲੀਕਾਪਟਰ ਦੀ ਲੋੜ ਹੋਵੇ ਤਾਂ ਐਮਰਜੈਂਸੀ ਸਹਾਇਤਾ ਨੰਬਰ 1234 'ਤੇ ਸੰਪਰਕ ਕੀਤਾ ਜਾਵੇ।

ਭਾਰਤ ਨੇ ਵੀ ਨੇਪਾਲ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਨਾਲ ਜੁੜੀ ਮਦਦ ਅਤੇ ਜਾਣਕਾਰੀ ਦੇ ਲਈ ਐਮਰਜੈਂਸੀ ਨੰਬਰ +977 985 131 6807, +977 970 910 7500 ਜਾਰੀ ਕੀਤੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)