ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਰਾਸ਼ਟਰਪਤੀ ਨੂੰ ਮਿਲੇ ਇੰਡੀਆ ਬਲਾਕ ਦੇ ਸੰਸਦ ਮੈਂਬਰ, ਸ਼ਨੀਵਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ 'ਚ ਕਿਹੜੀਆਂ ਪਾਬੰਦੀਆਂ

ਤਸਵੀਰ ਸਰੋਤ, ANI
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ਉੱਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਵੱਲੋਂ ਕਈ ਸਖਤ ਕਦਮ ਚੁੱਕੇ ਗਏ ਹਨ।
ਸ਼ਨੀਵਾਰ ਨੂੰ ਦਿੱਲੀ ਆਉਣ-ਜਾਣ ਵਾਲੀਆਂ ਕਈ ਟ੍ਰੇਨਾਂ ਸਵੇਰੇ ਚਾਰ ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ 57 ਮੈਟਰੋ ਸਟੇਸ਼ਨ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇੰਟਰਨੈੱਟ ਨੂੰ ਲੈਕੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਤਸਵੀਰ ਸਰੋਤ, ANI
ਉਧਰ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਵੀ ਲਗਾਤਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸ਼ੁੱਕਰਵਾਰ ਨੂੰ ਵਿਰੋਧੀ ਧਿਰਾਂ ਵੱਲੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੀਤਾ ਗਿਆ।
ਇੰਡੀਆ ਬਲਾਕ ਦੇ 10 ਸਾਂਸਦਾਂ ਦੇ ਵਫ਼ਦ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰ ਮੰਗ-ਪੱਤਰ ਸੌਂਪਿਆ ਗਿਆ।
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਕੀ ਬੋਲੇ ਸੰਸਦ ਮੈਂਬਰ

ਤਸਵੀਰ ਸਰੋਤ, ANI
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਰਾਸ਼ਟਰਪਤੀ ਨੂੰ ਇੱਕ ਮੈਮੋਰੈਂਡਮ ਸੌਂਪਿਆ, ਜਿਸ ਵਿੱਚ ਅਸੀਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਭਾਰਤੀ ਲੋਕਤੰਤਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਹੈ। ਰਾਸ਼ਟਰਪਤੀ ਨੇ ਕਿਸੇ ਵੀ ਤਰ੍ਹਾਂ ਸਾਡੀ ਗੱਲ ਤੋਂ ਇਨਕਾਰ ਨਹੀਂ ਕੀਤਾ, ਨਾ ਹੀ ਸਾਡੇ ਬਿਆਨ 'ਤੇ ਸਵਾਲ ਉਠਾਏ ਅਤੇ ਨਾ ਹੀ ਸਾਡੀ ਗੱਲ ਨਾਲ ਅਸਹਿਮਤੀ ਜਤਾਈ।"
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਨੇ ਸਾਡੇ ਤੋਂ 'ਵੋਟ ਚੋਰੀ ਹੋਣ ਦੇ ਸਬੂਤ' ਮੰਗੇ ਹਨ। ਉਨ੍ਹਾਂ ਕਿਹਾ ਕਿ ਜੋ ਸਬੂਤ ਅਸੀਂ ਇਕੱਠੇ ਕੀਤੇ ਹਨ, ਉਹ ਅਸੀਂ ਪੇਸ਼ ਕਰਨ ਲਈ ਤਿਆਰ ਹਾਂ ਜੇਕਰ ਰਾਸ਼ਟਰਪਤੀ ਇਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋਣ।"
ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ। ਮਮਤਾ ਬੈਨਰਜੀ ਨੇ ਕਿਹਾ, "ਅਸੀਂ ਇੱਕ ਮੰਗ ਪੱਤਰ ਸੌਂਪਿਆ ਹੈ। ਅਸੀਂ ਇਸ ਗੱਲ ਨੂੰ ਹਾਂ-ਪੱਖੀ ਨਜ਼ਰੀਏ ਨਾਲ ਦੇਖਿਆ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਉਹ ਜਾਂਚ ਕਰਨਗੇ, ਵੇਰਵਿਆਂ ਦੀ ਘੋਖ ਕਰਨਗੇ ਅਤੇ ਉਨ੍ਹਾਂ ਨੂੰ ਸਬੂਤਾਂ ਦੀ ਲੋੜ ਹੈ। ਉਨ੍ਹਾਂ ਨੇ ਸਾਨੂੰ ਸਬੂਤ ਭੇਜਣ ਲਈ ਕਿਹਾ ਹੈ, ਜਿਸ ਬਾਰੇ ਅਸੀਂ ਕਿਹਾ ਕਿ ਅਸੀਂ ਅਜਿਹਾ ਕਰਾਂਗੇ।"
ਪੰਜਾਬ-ਚੰਡੀਗੜ੍ਹ ਤੋਂ ਕਿਹੜੀਆਂ ਟ੍ਰੇਨਾਂ ਪ੍ਰਭਾਵਿਤ ?

ਤਸਵੀਰ ਸਰੋਤ, Getty Images
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਨੂੰ ਦੇਖਦਿਆਂ ਦਿੱਲੀ ਆਉਣ-ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਕਰਨ ਅਤੇ 57 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਅਤੇ ਚੰਡੀਗੜ੍ਹ ਤੋਂ 10 ਅਕਤੂਬਰ ਨੂੰ ਦਿੱਲੀ ਜਾਣ ਵਾਲੀਆਂ ਵੀ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਦੀ ਰਿਪੋਰਟ ਮੁਤਾਬਕ 10 ਅਕਤੂਬਰ ਨੂੰ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਕਾਲਕਾ-ਦਿੱਲੀ ਸ਼ਤਾਬਦੀ ਟ੍ਰੇਨ (ਟ੍ਰੇਨ ਨੰਬਰ 12006) ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ (ਟ੍ਰੇਨ ਨੰਬਰ 12014) ਅਤੇ ਜੰਮੂ ਤਵੀ ਟ੍ਰੇਨ (ਟ੍ਰੇਨ ਨੰਬਰ 12426) ਵੀ ਰੱਦ ਕੀਤੀ ਗਈ ਹੈ।
ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੇ ਇਛੁੱਕ ਪੰਜਾਬੀਆਂ ਨੇ ਕੀ ਕਿਹਾ ?

ਮੁਹਾਲੀ ਵਾਸੀ ਸਾਬਕਾ ਪ੍ਰੋਫੈਸਰ ਜੈਪਾਲ ਸਿੰਘ ਆਪਣੀ ਪਤਨੀ ਨਾਲ ਸ਼ਨੀਵਾਰ ਨੂੰ ਦਿੱਲੀ ਵਿੱਚ ਹੋਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ। ਇਸ ਵਾਸਤੇ ਉਨ੍ਹਾਂ ਵੱਲੋਂ ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਟ੍ਰੇਨ ਵੀ ਬੁੱਕ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਟ੍ਰੇਨ ਰੱਦ ਹੋਣ ਦਾ ਮੈਸੇਜ ਆਇਆ ਹੈ।
ਸਾਬਕਾ ਪ੍ਰੋਫੈਸਰ ਜੈਪਾਲ ਸਿੰਘ ਨੇ ਕਿਹਾ, "ਅਸੀਂ ਚੰਡੀਗੜ੍ਹ ਤੋਂ ਸ਼ਨੀਵਾਰ ਲਈ ਸ਼ਤਾਬਦੀ ਟ੍ਰੇਨ ਬੁੱਕ ਕੀਤੀ ਸੀ ਜੋ ਸਵੇਰੇ 6:53 ਮਿੰਟ ਉੱਤੇ ਚੱਲਦੀ ਹੈ ਅਤੇ ਕਰੀਬ ਸਾਢੇ 10 ਵਜੇ ਦਿੱਲੀ ਪਹੁੰਚ ਜਾਂਦੀ ਹੈ। ਸਾਡੇ ਕਈ ਦੋਸਤ ਵੀ ਪੰਜਾਬ ਤੋਂ ਆ ਰਹੇ ਸਨ ਅਤੇ ਅਸੀਂ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ। ਪਰ ਸ਼ੁੱਕਰਵਾਰ ਸਾਨੂੰ ਪਤਾ ਲੱਗਾ ਕਿ ਸਵੇਰੇ ਚਾਰ ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਲੀ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਹੋ ਗਈਆਂ। ਹੁਣ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਚੰਡੀਗੜ੍ਹ ਦੇ ਹੀ ਸੈਕਟਰ 17 ਵਿੱਚ ਹੋਣ ਜਾ ਰਹੇ ਪ੍ਰਦਰਸ਼ਨ ਵਿੱਚ ਹਿੱਸਾ ਲਵਾਂਗੇ।"
ਜੈਪਾਲ ਸਿੰਘ ਦੀ ਪਤਨੀ ਅਤੇ ਸਾਬਕਾ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ, "ਜਿੱਥੇ ਵੀ ਲੋਕਤੰਤਰ ਦਾ ਘਾਣ ਹੁੰਦਾ ਤਾਂ ਇਹ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸੰਵਿਧਾਨ ਨੂੰ ਬਚਾਉਣ, ਆਪਣੇ ਲੋਕਤੰਤਰ ਨੂੰ ਬਚਾਉਣ। ਅਸੀਂ ਦਿੱਲੀ ਜਾਣ ਲਈ ਟਿਕਟਾਂ ਬੁੱਕ ਕੀਤੀਆਂ ਸਨ ਪਰ ਉਹ ਰੱਦ ਹੋ ਗਈਆਂ। ਦਿੱਲੀ ਦੇ ਆਸ-ਪਾਸ ਭਾਰੀ ਫੋਰਸ ਲਗਾ ਦਿੱਤੀ ਗਈ ਹੈ, ਇਹ ਇੱਕ ਤਰ੍ਹਾਂ ਨਾਲ ਆਵਾਜ਼ ਬੰਦ ਕਰਨ ਵਾਲੀ ਗੱਲ ਹੈ।"
ਟ੍ਰੇਨਾਂ ਰੱਦ ਕਰਨ ਵਰਗੇ ਕਦਮਾਂ ਉੱਤੇ ਚੀਫ ਜਸਟਿਸ ਨੇ ਕੀ ਕਿਹਾ ?

ਤਸਵੀਰ ਸਰੋਤ, ANI
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਨੂੰ ਦੇਖਦਿਆਂ ਦਿੱਲੀ ਆਉਣ-ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਕਰਨ ਅਤੇ 57 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ 'ਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।
ਲਾਈਵ ਲਾਅ ਮੁਤਾਬਕ, ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਪਟੀਸ਼ਨ 'ਤੇ ਕਿਹਾ, "ਸਰਕਾਰ ਇਹ ਯਕੀਨੀ ਬਣਾਏ ਕਿ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਨਾ ਕੀਤੀਆਂ ਜਾਣ।"
ਇਸ ਦੇ ਨਾਲ ਹੀ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਬਾਰੇ ਵੀ ਕਿਹਾ ਕਿ ਸੇਵਾਵਾਂ ਨੂੰ ਨਿਯਮਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।
ਇਸ ਤੋਂ ਪਹਿਲਾਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ, "ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਮੈਟਰੋ ਸਟੇਸ਼ਨ ਬੰਦ ਹਨ। ਤੁਸੀਂ ਕਿਤੇ ਜਾ ਨਹੀਂ ਸਕਦੇ। ਇਹ ਦੇਸ਼ ਵਿੱਚ ਕੀ ਹੋ ਰਿਹਾ ਹੈ ? ਇਹ ਇੱਕ ਸ਼ਾਂਤੀਪੂਰਨ ਪ੍ਰਦਰਸ਼ਨ ਹੈ।"
ਸੀਜੇਆਈ (ਚੀਫ਼ ਜਸਟਿਸ ਆਫ਼ ਇੰਡੀਆ) ਸੂਰਿਆਕਾਂਤ ਨੇ ਕਿਹਾ, "ਹਰ ਨਾਗਰਿਕ ਲਈ ਅਸੀਂ ਜਿਸ ਬੇਹੱਦ ਅਹਿਮ ਸਿਧਾਂਤ ਦੀ ਪਾਲਣਾ ਕਰਦੇ ਹਾਂ, ਉਹ ਹੈ ਅਨੁਪਾਤਿਕਤਾ ਦਾ ਸਿਧਾਂਤ। ਜੇਕਰ ਤੁਹਾਨੂੰ ਕੁਝ ਚੀਜ਼ਾਂ ਨੂੰ ਰੋਕਣਾ ਹੈ ਤਾਂ ਉਸ ਲਈ ਓਨੇ ਹੀ ਉਪਾਅ ਕਰਨੇ ਚਾਹੀਦੇ ਹਨ, ਜਿੰਨੇ ਜ਼ਰੂਰੀ ਹੋਣ। ਪਰ ਇਸ ਦਾ ਇਹ ਮਤਲਬ ਨਹੀਂ ਕਿ ਮੱਖੀ ਮਾਰਨ ਲਈ ਹਥੌੜੇ ਦਾ ਇਸਤੇਮਾਲ ਕਰੋ। ਇਸ ਸਿਧਾਂਤ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ।"

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਰੇਲਵੇ ਨੇ ਸ਼ਨੀਵਾਰ ਨੂੰ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ ਵਾਲੀਆਂ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਦਲੀਲ ਦਿੱਤੀ ਹੈ ਕਿ 10 ਅਕਤੂਬਰ ਦਿੱਲੀ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਜਾਈ ਕਾਫੀ ਪ੍ਰਭਾਵਿਤ ਰਹਿ ਸਕਦੀ ਹੈ, ਇਸ ਲਈ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ।
ਖ਼ਾਸ ਗੱਲ ਇਹ ਹੈ ਕਿ ਜੇਕਰ ਇਹ ਟ੍ਰੇਨਾਂ ਦਿੱਲੀ ਪਹੁੰਚਣਗੀਆਂ ਹੀ ਨਹੀਂ ਤਾਂ ਇਨ੍ਹਾਂ ਦੀ ਵਾਪਸੀ ਦੀ ਯਾਤਰਾ ਵੀ ਰੱਦ ਹੋਣ ਦਾ ਖ਼ਦਸ਼ਾ ਹੈ ਜਦੋਂਕਿ 11 ਅਕਤੂਬਰ ਤੋਂ ਦੁਸਹਿਰੇ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਮੁਸਾਫ਼ਰ ਟ੍ਰੇਨਾਂ ਰਾਹੀਂ ਆਪਣੇ ਘਰਾਂ ਵੱਲ ਰਵਾਨਾ ਹੁੰਦੇ ਹਨ, ਜਿਸ ਕਾਰਨ ਮੁਸ਼ਕਿਲਾਂ ਆ ਸਕਦੀਆਂ ਹਨ।
ਦੂਜੇ ਪਾਸੇ, ਦਿੱਲੀ ਮੈਟਰੋ ਨੇ ਵੀ ਆਪਣੇ 57 ਮੈਟਰੋ ਸਟੇਸ਼ਨਾਂ ਨੂੰ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਮੈਟਰੋ ਸਟੇਸ਼ਨ 10 ਅਕਤੂਬਰ ਦੇ ਨਾਲ ਹੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਇਸ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਦਿੱਲੀ ਦੇ ਜੰਤਰ-ਮੰਤਰ 'ਤੇ 10 ਅਕਤੂਬਰ ਤੋਂ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ।
ਟ੍ਰੇਨਾਂ ਰੱਦ ਕਰਨ ਬਾਰੇ ਸੀਜੇਪੀ ਨੇ ਕੀ ਕਿਹਾ ?

ਤਸਵੀਰ ਸਰੋਤ, Getty Images
ਸਰਕਾਰ ਦੇ ਇਸ ਫ਼ੈਸਲੇ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਅਭਿਜੀਤ ਦੀਪਕੇ ਨੇ ਕਿਹਾ, "ਸਾਡੇ ਵਿਸ਼ਵ ਗੁਰੂ, 56 ਇੰਚ ਦੀ ਛਾਤੀ ਵਾਲੇ ਮਹਾਂਮਾਨਵ ਨੇ ਟ੍ਰੇਨਾਂ ਬੰਦ ਕਰ ਦਿੱਤੀਆਂ, ਕਿਉਂਕਿ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ।"
ਇਸੇ ਵੀਡੀਓ ਵਿੱਚ ਸੀਜੇਪੀ ਦੇ ਹੀ ਆਸ਼ੂਤੋਸ਼ ਰਾਂਕਾ ਕਹਿ ਰਹੇ ਹਨ, "ਜਦੋਂ ਸਾਰੇ ਸੱਜੇਪੱਖੀ ਕਹਿ ਰਹੇ ਹਨ ਕਿ ਸਾਡੇ ਅੰਦੋਲਨ ਵਿੱਚ ਭੀੜ ਹੀ ਨਹੀਂ ਹੈ, ਤਾਂ ਸਰਕਾਰ ਘਬਰਾ ਕਿਉਂ ਰਹੀ ਹੈ ? ਰੇਲਾਂ ਕਿਉਂ ਬੰਦ ਕਰ ਰਹੀ ਹੈ ?"
ਸੀਜੇਪੀ ਦੇ ਸਹਿ-ਸੰਯੋਜਕ ਸੌਰਭ ਦਾਸ ਨੇ ਐਕਸ 'ਤੇ ਲਿਖਿਆ, "ਸ਼ਾਸਕ ਇੰਨਾ ਡਰਿਆ ਹੋਇਆ ਹੈ ਕਿ ਉਸ ਨੇ ਕੱਲ੍ਹ ਦਿੱਲੀ ਆਉਣ ਵਾਲੀਆਂ ਟ੍ਰੇਨਾਂ ਹੀ ਰੱਦ ਕਰ ਦਿੱਤੀਆਂ ਹਨ! ਪਰ ਉਹ ਅਜਿਹਾ ਆਖ਼ਰ ਕਿੰਨੇ ਦਿਨਾਂ ਤੱਕ ਕਰ ਸਕਦੇ ਹਨ ?"
"ਜਾਗ ਚੁੱਕਾ ਦੇਸ਼ ਆਪਣਾ ਸੁਨੇਹਾ ਪਹੁੰਚਾਉਣ ਲਈ ਹਰ ਰਸਤਾ ਲੱਭ ਲਵੇਗਾ। ਯਾਦ ਹੈ, ਕੋਵਿਡ ਦੌਰਾਨ ਤੁਸੀਂ ਦੇਸ਼ ਭਰ ਦੇ ਪਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਕਰ ਦਿੱਤਾ ਸੀ? ਉਹੀ ਲੋਕ ਮੁੜ ਅਜਿਹਾ ਕਰਨਗੇ, ਤਾਂ ਜੋ ਸਰਕਾਰ ਵਿੱਚ ਬੈਠੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ।"
ਕਿੰਨੀਆਂ ਟ੍ਰੇਨਾਂ 'ਤੇ ਅਸਰ ਪਿਆ ?

ਤਸਵੀਰ ਸਰੋਤ, Getty Images
ਰੇਲਵੇ ਮੁਤਾਬਕ, ਸ਼ਨੀਵਾਰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੀਆਂ ਸਾਰੀਆਂ ਰੇਲ ਸੇਵਾਵਾਂ ਰੱਦ ਰਹਿਣਗੀਆਂ।
ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਕਰਦਿਆਂ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਮੁਸਾਫ਼ਰਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘਟਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
10 ਅਕਤੂਬਰ ਦੇ ਸੀਜੇਪੀ ਪ੍ਰਦਰਸ਼ਨ ਨੂੰ ਦੇਖਦਿਆਂ ਰੇਲਵੇ ਨੇ ਜੋ ਕਦਮ ਚੁੱਕੇ ਹਨ, ਉਸ ਤਹਿਤ ਦਰਜਨਾਂ ਟ੍ਰੇਨਾਂ ਰੱਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਮੇਲ-ਐਕਸਪ੍ਰੈੱਸ ਟ੍ਰੇਨਾਂ ਦੇ ਨਾਲ-ਨਾਲ ਲੋਕਲ ਟ੍ਰੇਨਾਂ ਵੀ ਸ਼ਾਮਲ ਹਨ।
ਖ਼ਬਰ ਲਿਖੇ ਜਾਣ ਤੱਕ ਰੇਲਵੇ ਨੇ 9 ਅਕਤੂਬਰ ਦੀਆਂ ਕਈ ਟ੍ਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਇਨ੍ਹਾਂ ਵਿੱਚ ਦਿੱਲੀ ਆਉਣ ਵਾਲੀ ਹਾਵੜਾ ਰਾਜਧਾਨੀ ਅਤੇ ਸਿਆਲਦਹ ਰਾਜਧਾਨੀ ਐਕਸਪ੍ਰੈੱਸ, ਦਿੱਲੀ ਵੱਲ ਆਉਣ ਵਾਲੀ ਮਗਧ ਐਕਸਪ੍ਰੈੱਸ, ਰਾਜੇਂਦਰ ਨਗਰ ਤੋਂ ਆਉਣ ਵਾਲੀ ਤੇਜਸ ਐਕਸਪ੍ਰੈੱਸ, ਸੰਪੂਰਨ ਕ੍ਰਾਂਤੀ ਐਕਸਪ੍ਰੈੱਸ ਅਤੇ ਰਾਜੇਂਦਰ ਨਗਰ ਤੋਂ ਨਵੀਂ ਦਿੱਲੀ ਆਉਣ ਵਾਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ, ਬਾਂਦਰਾ ਤੋਂ ਨਿਜ਼ਾਮੂਦੀਨ ਆਉਣ ਵਾਲੀ ਯੁਵਾ ਐਕਸਪ੍ਰੈੱਸ, ਲਖਨਊ ਤੋਂ ਨਵੀਂ ਦਿੱਲੀ ਆਉਣ ਵਾਲੀਆਂ ਲਖਨਊ ਮੇਲ ਅਤੇ ਲਖਨਊ-ਨਵੀਂ ਦਿੱਲੀ ਏਸੀ ਸੁਪਰਫਾਸਟ ਐਕਸਪ੍ਰੈੱਸ ਟ੍ਰੇਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ, ਉੱਤਰੀ ਰੇਲਵੇ ਨੇ ਦਿੱਲੀ ਖੇਤਰ ਅਤੇ ਆਲੇ-ਦੁਆਲੇ ਦੇ ਸਟੇਸ਼ਨਾਂ ਨਾਲ ਜੁੜੀਆਂ ਦਰਜਨਾਂ ਹੋਰ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਹਨ।
9 ਅਕਤੂਬਰ ਦੀਆਂ ਟ੍ਰੇਨਾਂ ਰੱਦ ਹੋਣ ਦਾ ਅਸਰ 10 ਅਕਤੂਬਰ ਨੂੰ ਵਾਪਸ ਜਾਣ ਵਾਲੀਆਂ ਕਈ ਟ੍ਰੇਨਾਂ ਉੱਤੇ ਪੈਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਕਈ ਟ੍ਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ।
ਦਿੱਲੀ ਪੁਲਿਸ ਨੇ ਕੀ ਕਿਹਾ ?
ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਦੀ ਜੁਆਇੰਟ ਸੀਪੀ ਨੂਪੁਰ ਪ੍ਰਸਾਦ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ, "ਕਾਕਰੋਚ ਜਨਤਾ ਪਾਰਟੀ ਦੇ ਸਹਿ-ਸੰਯੋਜਕ ਸੌਰਵ ਦਾਸ ਵੱਲੋਂ ਸਾਨੂੰ ਇੱਕ ਅਰਜ਼ੀ ਮਿਲੀ ਹੈ।"
ਉਨ੍ਹਾਂ ਕਿਹਾ, "ਇਸ ਅਰਜ਼ੀ 'ਤੇ ਵਿਚਾਰ ਕੀਤਾ ਗਿਆ, ਪਰ ਪਾਇਆ ਗਿਆ ਕਿ ਪ੍ਰਦਰਸ਼ਨ ਬਾਰੇ ਬਹੁਤ ਘੱਟ ਸਮਾਂ ਪਹਿਲਾਂ ਸੂਚਨਾ ਦਿੱਤੀ ਗਈ ਸੀ, ਜਦਕਿ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰਸਤਾਵਿਤ ਪ੍ਰਦਰਸ਼ਨ ਤੋਂ 10 ਦਿਨ ਪਹਿਲਾਂ ਸੂਚਨਾ ਦੇਣਾ ਜ਼ਰੂਰੀ ਹੈ।"
ਨੂਪੁਰ ਪ੍ਰਸਾਦ ਨੇ ਕਿਹਾ, "ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਜਦੋਂ ਸੀਜੇਪੀ ਨੂੰ ਉੱਥੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਤਾਂ ਪਾਰਟੀ ਨੇ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ ਅਤੇ ਉਸ ਸਮੇਂ ਦਿੱਤੇ ਆਪਣੇ ਭਰੋਸਿਆਂ ਦੀ ਵੀ ਉਲੰਘਣਾ ਕੀਤੀ ਸੀ।"
ਉਨ੍ਹਾਂ ਕਿਹਾ, "ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 163 ਲਾਗੂ ਹੈ। ਇਸ ਤਹਿਤ ਜਨਤਕ ਵਿਵਸਥਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਢੁੱਕਵੀਆਂ ਸਾਵਧਾਨੀ ਵਾਲੀਆਂ ਪਾਬੰਦੀਆਂ ਲਾਗੂ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
ਸੀਜੇਪੀ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਨਹੀਂ ਹਟ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਪੁਲਿਸ ਗ਼ੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।
ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "10 ਅਕਤੂਬਰ ਨੂੰ ਹੋਣ ਵਾਲੇ ਸਾਡੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੋਦੀ, ਤੁਹਾਡੀ ਇਹ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੰਮ ਨਹੀਂ ਆਵੇਗੀ। ਦੇਸ਼ ਦੇ ਨੌਜਵਾਨ ਹੁਣ ਤੁਹਾਡੇ ਤੋਂ ਡਰਦੇ ਨਹੀਂ ਹਨ। ਮੈਂ ਕੱਲ੍ਹ ਦਿੱਲੀ ਪਹੁੰਚਾਂਗਾ ਅਤੇ ਹਰ ਹਾਲ ਵਿੱਚ ਜੰਤਰ-ਮੰਤਰ ਤੱਕ ਮਾਰਚ ਕਰਾਂਗਾ।"

ਤਸਵੀਰ ਸਰੋਤ, Getty Images
ਮੈਟਰੋ ਸਟੇਸ਼ਨ ਬੰਦ
ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੂੰ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਜੰਤਰ-ਮੰਤਰ ਅਤੇ ਹੋਰ ਥਾਵਾਂ 'ਤੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ 9 ਅਕਤੂਬਰ ਦੀ ਰਾਤ ਤੋਂ 57 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰਨ ਬਾਰੇ ਵਿਚਾਰ ਕਰਨ ਨੂੰ ਕਿਹਾ ਹੈ।
ਅੱਠ ਅਕਤੂਬਰ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਜੁਆਇੰਟ ਪੁਲਿਸ ਕਮਿਸ਼ਨਰ, ਟਰਾਂਸਪੋਰਟ ਰੇਂਜ ਨੇ ਕਿਹਾ ਕਿ ਸੰਵੇਦਨਸ਼ੀਲ ਥਾਵਾਂ ਵੱਲ ਭੀੜ ਦੇ ਬੇਕਾਬੂ ਹੋਣ ਦੇ ਖਦਸ਼ੇ ਨੂੰ ਦੇਖਦਿਆਂ ਚਿੰਨ੍ਹਿਤ ਸਟੇਸ਼ਨਾਂ 'ਤੇ ਮੈਟਰੋ ਦੀ ਆਵਾਜਾਈ ਦੀ ਫ੍ਰੀਕੁਐਂਸੀ ਵੀ ਘੱਟ ਕੀਤੀ ਜਾ ਸਕਦੀ ਹੈ।
ਪ੍ਰਸਤਾਵਿਤ ਪਾਬੰਦੀਆਂ 9 ਅਕਤੂਬਰ ਦੀ ਰਾਤ 9 ਵਜੇ ਤੋਂ ਲਾਗੂ ਹੋ ਸਕਦੀਆਂ ਹਨ ਅਤੇ 10 ਅਕਤੂਬਰ ਤੱਕ ਜਾਰੀ ਰਹਿ ਸਕਦੀਆਂ ਹਨ। ਇਨ੍ਹਾਂ ਨੂੰ ਉਦੋਂ ਤੱਕ ਲਾਗੂ ਰੱਖਣ ਦਾ ਪ੍ਰਸਤਾਵ ਹੈ, ਜਦੋਂ ਤੱਕ ਕੌਮੀ ਰਾਜਧਾਨੀ ਵਿੱਚ ਸਥਿਤੀ ਆਮ ਨਹੀਂ ਹੋ ਜਾਂਦੀ।
ਦਿੱਲੀ ਮੈਟਰੋ ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਕੁਮਾਰ ਨੂੰ ਸੰਬੋਧਿਤ ਪੱਤਰ ਵਿੱਚ ਪੁਲਿਸ ਨੇ ਡੀਐੱਮਆਰਸੀ ਤੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਕਦਮਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ।
ਚਿੰਨ੍ਹਿਤ 57 ਮੈਟਰੋ ਸਟੇਸ਼ਨਾਂ ਵਿੱਚ ਜਨਪਥ, ਪਟੇਲ ਚੌਕ, ਕੇਂਦਰੀ ਸਕੱਤਰੇਤ, ਰਾਜੀਵ ਚੌਕ, ਨਵੀਂ ਦਿੱਲੀ, ਮੰਡੀ ਹਾਊਸ, ਆਈਟੀਓ, ਦਿੱਲੀ ਗੇਟ, ਖ਼ਾਨ ਮਾਰਕੀਟ, ਸੁਪਰੀਮ ਕੋਰਟ, ਇੰਦਰਪ੍ਰਸਥ, ਆਈਐੱਨਏ, ਹੌਜ ਖ਼ਾਸ, ਲਾਜਪਤ ਨਗਰ, ਕਸ਼ਮੀਰੀ ਗੇਟ, ਕਰੋਲ ਬਾਗ, ਜਾਮਾ ਮਸਜਿਦ, ਵਿਸ਼ਵਵਿਦਿਆਲਿਆ, ਸੀਲਮਪੁਰ, ਸ਼ਾਹਦਰਾ ਅਤੇ ਰੋਹਿਣੀ ਵੈਸਟ ਸ਼ਾਮਲ ਹਨ।
ਸੂਚੀ ਵਿੱਚ ਸ਼ਾਮਲ ਹੋਰ ਸਟੇਸ਼ਨਾਂ ਵਿੱਚ ਲੋਕ ਕਲਿਆਣ ਮਾਰਗ, ਜੋਰ ਬਾਗ, ਜੰਗਪੁਰਾ, ਆਸ਼ਰਮ, ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ, ਸਿਵਲ ਲਾਈਨਜ਼, ਜੀਟੀਬੀ ਨਗਰ, ਆਦਰਸ਼ ਨਗਰ, ਜਹਾਂਗੀਰਪੁਰੀ, ਵੈਲਕਮ, ਯਮੁਨਾ ਵਿਹਾਰ ਅਤੇ ਰਿਠਾਲਾ ਸ਼ਾਮਲ ਹਨ।
ਦੋਹਾਂ ਮੈਟਰੋ ਲਾਈਨਾਂ 'ਤੇ ਸਥਿਤ ਆਈਐੱਨਏ ਸਟੇਸ਼ਨ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੀਆਰਪੀਐੱਫ਼ ਦੀਆਂ 70 ਕੰਪਨੀਆਂ ਤਾਇਨਾਤ

ਤਸਵੀਰ ਸਰੋਤ, Getty Images
ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਦੀ ਰਿਪੋਰਟ ਮੁਤਾਬਕ, ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੀਆਂ ਘੱਟੋ-ਘੱਟ 70 ਕੰਪਨੀਆਂ, ਜਿਨ੍ਹਾਂ ਵਿੱਚ ਲਗਭਗ 7,000 ਜਵਾਨ ਸ਼ਾਮਲ ਹਨ, ਨੂੰ ਦਿੱਲੀ ਵਿੱਚ ਕਾਨੂੰਨ-ਵਿਵਸਥਾ ਸਬੰਧੀ ਡਿਊਟੀ ਲਈ ਤਾਇਨਾਤ ਕੀਤਾ ਜਾ ਰਿਹਾ ਹੈ।
ਦਿ ਹਿੰਦੂ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ, "ਇਹ ਜਵਾਨ ਫ਼ਿਲਹਾਲ ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਵਿੱਚ ਤਾਇਨਾਤ ਹਨ। 10 ਅਕਤੂਬਰ ਨੂੰ ਸੀਜੇਪੀ ਵੱਲੋਂ ਸੱਦੇ ਗਏ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਇਨ੍ਹਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿੱਚ 5 ਅਤੇ 6 ਅਕਤੂਬਰ ਨੂੰ ਅਧਿਕਾਰਤ ਪੱਤਰ ਜਾਰੀ ਕੀਤੇ ਗਏ ਸਨ।"
ਰਿਪੋਰਟ ਮੁਤਾਬਕ, "ਇੱਕ ਪੱਤਰ ਵਿੱਚ ਛੱਤੀਸਗੜ੍ਹ ਦੀਆਂ ਯੂਨਿਟਸ ਨੂੰ ਆਪਣੀ ਪੂਰੀ ਕਾਰਜਸ਼ੀਲ ਸਮਰੱਥਾ ਬਣਾਈ ਰੱਖਣ ਅਤੇ ਨਵੀਨਤਮ ਉਪਕਰਨਾਂ, ਹਥਿਆਰਾਂ ਦੇ ਨਾਲ ਗੋਲਾ-ਬਾਰੂਦ ਨਾਲ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਤਾਇਨਾਤੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਕੀਤੀ ਜਾ ਰਹੀ ਹੈ।"
ਸੀਆਰਪੀਐੱਫ਼ ਦੀ ਹਰ ਕੰਪਨੀ ਵਿੱਚ ਲਗਭਗ 100 ਜਵਾਨ ਹੁੰਦੇ ਹਨ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ 10 ਅਕਤੂਬਰ ਨੂੰ ਹੋਣ ਵਾਲੇ ਮਾਰਚ ਤੋਂ ਪਹਿਲਾਂ ਜੰਤਰ-ਮੰਤਰ ਅਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮਾਰਚ ਦੌਰਾਨ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦੌਰਾਨ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































