'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ' ਵਿਚਾਲੇ ਸੰਭਾਵੀ ਗਠਜੋੜ ਸਿਰੇ ਕਿਉਂ ਨਹੀਂ ਚੜ੍ਹ ਸਕਿਆ, ਮਾਹਰ ਕੀ ਕਹਿੰਦੇ ਹਨ

ਅਮ੍ਰਿਤਪਾਲ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਅਕਾਲੀ ਦਲ ਪੁਨਰ ਸੁਰਜੀਤ' ਦੀ ਅਗਵਾਈ ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੂਜੇ ਪਾਸੇ 'ਅਕਾਲੀ ਦਲ ਵਾਰਿਸ ਪੰਜਾਬ' ਦੀ ਅਗਵਾਈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ' ਵਿਚਾਲੇ ਗਠਜੋੜ ਲਈ ਸ਼ੁਰੂ ਹੋਈ ਪ੍ਰਕਿਰਿਆ ਟੁੱਟ ਗਈ ਹੈ। ਇਸ ਗੱਲ ਦਾ ਐਲਾਨ ਬਕਾਇਦਾ ਅਕਾਲੀ ਦਲ 'ਵਾਰਿਸ ਪੰਜਾਬ ਦੇ' ਸੰਗਠਨ ਨੇ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ।

ਦੋਵਾਂ ਧਿਰਾਂ ਵਿਚਾਲੇ ਗਠਜੋੜ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਇੱਕ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਬਣਾਈ ਗਈ ਸੀ। ਇਸ ਦੀਆਂ ਕਈ ਮੀਟਿੰਗਾਂ ਅਤੇ ਗਠਜੋੜ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਹੋਇਆ, ਪਰ ਗੱਲ ਸਿਰੇ ਨਹੀਂ ਚੜ ਸਕੀ।

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ 11 ਅਗਸਤ 2025 ਨੂੰ ਹੋਂਦ ਵਿੱਚ ਆਏ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਦੀ ਅਗਵਾਈ ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ।

ਇਸ ਤੋਂ ਇਲਾਵਾ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲ਼ੀ, ਇਕਬਾਲ ਸਿੰਘ ਝੂੰਦਾ ਵਰਗੇ ਕਈ ਆਗੂ ਇਸ ਨਾਲ ਜੁੜੇ ਹਨ।

ਦੂਜੇ ਪਾਸੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਅਗਵਾਈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ ਹੈ।

ਜੇਲ੍ਹ ਵਿੱਚ ਹੋਣ ਕਾਰਨ ਪਾਰਟੀ ਦਾ ਕੰਮ ਕਾਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇਖ ਰਹੇ ਹਨ।

ਅੰਮ੍ਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਕੌਮੀ ਸੁਰੱਖਿਆ ਐਕਟ ਹਟਾਏ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲੇ ਸਮੇਤ ਹੋਰ ਕਈ ਮਾਮਲਿਆਂ ਤਹਿਤ ਜੇਲ੍ਹ ਵਿੱਚ ਹਨ।

ਸੰਭਾਵੀ ਗਠਜੋੜ ਦੀ ਸ਼ੁਰੂਆਤ

ਅਪ੍ਰੈਲ 2026 ਵਿਚ ਦੋਵਾਂ ਧੜਿਆਂ (ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ) ਨੇ ਗਠਜੋੜ ਤੋਂ ਪਹਿਲਾਂ ਇਕ 8 ਮੈਂਬਰੀ ਤਾਲਮੇਲ ਕਮੇਟੀ ਬਣਾਈ, ਜਿਸ ਦਾ ਕੰਮ ਦੋਵਾਂ ਧਿਰ ਨੂੰ ਸਾਂਝੇ ਪ੍ਰੋਗਰਾਮ ਉੱਤੇ ਰਾਜ਼ੀ ਕਰਨਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰੂਪ ਰੇਖਾ ਉਲੀਕਣਾ ਸੀ।

ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੂੰ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਸੀ।

ਪੁਨਰ ਸੁਰਜੀਤ ਧੜੇ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਗਠਜੋੜ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਉਸ ਸਮੇਂ ਮਨਪ੍ਰੀਤ ਸਿੰਘ ਇਆਲ਼ੀ ਨੇ ਬਕਾਇਦਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਿਖਿਆ ਸੀ ਕਿ ਦੋਵਾਂ ਧੜਿਆਂ ਨੇ ਪੰਥਕ ਏਕਤਾ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਕਨਵੀਨਰ ਬਣਾਇਆ ਗਿਆ ਹੈ, ਉਨ੍ਹਾਂ ਕਿਹਾ, "ਅਸੀਂ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਾਂਗੇ।"

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ, ਕੁਲਦੀਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਪ੍ਰਮੁੱਖ ਤੌਰ ਉੱਤੇ ਸ਼ਾਮਲ ਸਨ। ਦੂਜੇ ਪਾਸੇ 'ਅਕਾਲੀ ਦਲ ਵਾਰਿਸ ਪੰਜਾਬ' ਦੇ ਆਗੂ ਬਾਬੂ ਸਿੰਘ ਬਰਾੜ, ਪਰਮਜੀਤ ਸਿੰਘ ਜੌਹਲ, ਪ੍ਰਗਟ ਸਿੰਘ ਰਈਆ ਅਤੇ ਰਛਪਾਲ ਸਿੰਘ ਸੋਸਣ ਸਨ।

'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਦੋਵਾਂ ਧੜਿਆਂ ਵਿਚਾਲੇ ਕਰੀਬ ਚਾਰ ਮੀਟਿੰਗਾਂ ਹੋਈਆਂ ਅਤੇ ਦੋ ਵਿੱਚ ਉਹ ਸ਼ਾਮਲ ਹੋਏ ਸਨ।

ਉਨ੍ਹਾਂ ਦੱਸਿਆ ਮੀਟਿੰਗਾਂ ਵਿੱਚ ਪੰਜਾਬ ਦੇ ਹਿੱਤਾਂ ਅਤੇ ਸਾਂਝੇ ਹਿੱਤਾਂ ਉੱਤੇ ਗੱਲਬਾਤ ਹੋਈ ਸੀ ਅਤੇ ਪੁਨਰ ਸੁਰਜੀਤ ਵੱਲੋਂ ਇੱਕ ਵਿਜ਼ਨ ਦਸਤਾਵੇਜ਼ ਵੀ ਦਿੱਤਾ ਗਿਆ ਸੀ। ਦੋਵਾਂ ਧਿਰਾਂ ਪੰਜਾਬ ਦੇ ਹਿੱਤਾਂ ਲਈ ਇਕੱਠੇ ਚੱਲਣ ਦੇ ਲਈ ਤਿਆਰ ਸਨ ਪਰ ਅਚਾਨਕ ਤੋੜ ਵਿਛੋੜਾ ਕਰਨ ਦਾ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆਇਆ।

ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਆਗੂ

ਤਸਵੀਰ ਸਰੋਤ, Iqbal Singh Jhundan/FB

ਤਸਵੀਰ ਕੈਪਸ਼ਨ, ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ, ਕੁਲਦੀਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਪ੍ਰਮੁੱਖ ਤੌਰ ਤੇ ਸ਼ਾਮਲ ਸਨ

ਸੰਭਾਵੀ ਗਠਜੋੜ ਟੁੱਟਣ ਦਾ ਕੀ ਹੈ ਆਧਾਰ

'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਧਿਰ ਦਾ ਤਾਲਮੇਲ ਤੋੜਨ ਦਾ ਐਲਾਨ ਹੋ ਚੁੱਕਿਆ ਹੈ।

'ਅਕਾਲੀ ਦਲ ਵਾਰਿਸ ਪੰਜਾਬ ਦੇ' ਮੁਤਾਬਕ "ਅਹਿਮ ਸਿਧਾਂਤਕ ਮੁੱਦਿਆਂ ਉੱਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਤਾਲਮੇਲ ਅੱਗ ਨਹੀਂ ਵੱਧ ਸਕਿਆ।"

'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਇਹ ਵੀ ਦਲੀਲ ਹੈ ਕਿ ਦੂਜੀ ਧਿਰ ਵੱਲੋਂ ਅਜਿਹੇ ਆਗੂਆਂ ਨੂੰ ਅਹੁਦੇ ਅਤੇ ਅਗਵਾਈ ਦੀ ਕਮਾਨ ਸੌਂਪੀ ਗਈ, ਜੋ ਪੰਥਕ ਏਕਤਾ ਦੀ ਭਾਵਨਾ ਅਤੇ ਸੰਗਤਾਂ ਦੀਆਂ ਉਮੀਦਾਂ ਦੇ ਉਲਟ ਹੈ।

'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ "ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ-ਪੁਨਰ ਸੁਰਜੀਤ' ਧਿਰ ਵਿਚਕਾਰ ਇੱਕ ਸਾਂਝੀ 8 ਮੈਂਬਰੀ "ਪੰਥਕ ਏਕਤਾ ਤਾਲਮੇਲ ਕਮੇਟੀ" ਦਾ ਗਠਨ ਕੀਤਾ ਗਿਆ ਸੀ।

ਕਮੇਟੀ ਵੱਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ।

ਇਹ ਬਿਆਨ ਜਾਰੀ ਕਰਦਿਆਂ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਦੀ ਚਾਰ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬਾਬੂ ਸਿੰਘ ਬਰਾੜ, ਪਰਮਜੀਤ ਸਿੰਘ ਜੌਹਲ, ਪ੍ਰਗਟ ਸਿੰਘ ਰਈਆ ਅਤੇ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਸਪਸ਼ਟ ਭਾਵਨਾ ਹੈ ਕਿ ਪੰਥ ਅਤੇ ਪੰਜਾਬ ਦੀ ਅਗਵਾਈ ਸਿਰਫ਼ ਉਹੀ ਆਗੂ ਕਰਨ ਜੋ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸਾਫ਼-ਸੁਥਰੇ ਅਕਸ ਵਾਲੇ ਹੋਣ।

ਉਨ੍ਹਾਂ ਕਿਹਾ ਕਿ "ਪੰਥਕ ਏਕਤਾ ਤਾਲਮੇਲ ਕਮੇਟੀ" ਦੇ ਗਠਨ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿੱਚ ਇਹ ਆਪਸੀ ਸਹਿਮਤੀ ਬਣੀ ਸੀ ਕਿ ਜਿਹੜੇ ਆਗੂ "ਪੰਥ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੇ ਹਨ", ਉਨ੍ਹਾਂ ਨੂੰ ਅਗਵਾਈ ਤੋਂ ਪਾਸੇ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਦੂਜੀ ਧਿਰ ਦੀ ਲੀਡਰਸ਼ਿਪ ਵੱਲੋਂ ਲਗਾਤਾਰ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਨਾਲ ਗਠਜੋੜ ਦੀ ਬੁਨਿਆਦ ਹੀ ਕਮਜ਼ੋਰ ਹੋ ਰਹੀ ਸੀ। ਇਸ ਸਥਿਤੀ ਨੂੰ ਵੇਖਦਿਆਂ ਅਤੇ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

ਪਾਰਟੀ ਨੇ ਪ੍ਰੈੱਸ ਨੋਟ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਪੰਥ ਪ੍ਰਵਾਨਿਤ, ਇਮਾਨਦਾਰ ਆਗੂਆਂ ਲਈ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ।

ਪ੍ਰੋਫੈਸਰ ਜਗਰੂਪ ਸਿੰਘ

ਦੋਵੇਂ ਧਿਰਾਂ ਵਿਚਾਲੇ ਪਏ ਖਿਲਾਰੇ ਦੇ ਕੀ ਹਨ ਕਾਰਨ

18 ਅਪ੍ਰੈਲ ਨੂੰ ਗਠਜੋੜ ਦੇ ਲਈ ਦੋਵਾਂ ਧਿਰਾਂ ਨੇ ਅੱਠ ਮੈਂਬਰੀ ਕਮੇਟੀ ਬਣਾਈ ਸੀ ਅਤੇ 17 ਮਈ ਨੂੰ ਦੋਵਾਂ ਵਿਚਾਲੇ ਗਠਜੋੜ ਦੀਆਂ ਕੋਸ਼ਿਸ਼ ਖ਼ਤਮ ਵੀ ਹੋ ਗਈਆਂ ਭਾਵ ਕਰੀਬ ਇੱਕ ਮਹੀਨੇ ਵਿੱਚ ਸਭ ਕੁਝ ਖ਼ਤਮ।

ਪੰਜਾਬ ਦੀ ਸਿਆਸਤ ਦੇ ਜਾਣਕਾਰ ਮੰਨਦੇ ਹਨ ਕਿ ਅਕਾਲੀ ਦਲ ਪੁਨਰ ਸੁਰਜੀਤ ਅਜੇ ਤੁਰਿਆ ਹੀ ਨਹੀਂ ਸੀ ਅਤੇ ਜਦੋਂ ਉਸ ਨੇ ਤੁਰਨ ਦੀ ਕੋਸ਼ਿਸ਼ ਕੀਤੀ ਤਾਂ ਖਿਲਾਰਾ ਪੈ ਗਿਆ।

ਇਸ ਧਿਰ ਦਾ ਸੰਗਠਾਤਮਕ ਢਾਂਚਾ ਵੀ ਅਜੇ ਵੀ ਪੂਰੀ ਤਰ੍ਹਾਂ ਬਣ ਨਹੀਂ ਸਕਿਆ ਅਤੇ ਨਾ ਹੀ ਇਸ ਦੀ ਕੋਈ ਕੌਰ ਕਮੇਟੀ ਹੈ।

ਜਾਣਕਾਰਾਂ ਮੁਤਾਬਕ ਜਦੋਂ ਇਹ ਧਿਰ ਹੋਂਦ ਵਿੱਚ ਆਈ ਸੀ, ਤਾਂ ਲੋਕਾਂ ਨੂੰ ਇਸ ਤੋ ਕਾਫ਼ੀ ਉਮੀਦਾਂ ਸਨ ਪਰ ਪਾਰਟੀ ਦੀ ਲੀਡਰਸ਼ਿਪ ਲੋਕਾਂ ਦੇ ਜੋਸ਼ ਨੂੰ ਬਰਕਰਾਰ ਨਹੀਂ ਰੱਖੀ ਪਾਈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੁਤਾਬਕ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਜ਼ਮੀਨ ਪੱਧਰ ਉੱਤੇ ਆਧਾਰ ਬਹੁਤ ਘੱਟ ਹੈ।

ਪ੍ਰੋਫੈਸਰ ਜਗਰੂਪ ਸਿੰਘ ਆਖਦੇ ਹਨ, "ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਵਿੱਚ ਸਫ਼ਲਤਾ ਹਾਸਲ ਹੋਈ ਅਤੇ ਇਸ ਤੋਂ ਬਾਅਦ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰਾਜਨੀਤਕ ਪਾਰਟੀ ਵੀ ਇਸ ਧੜੇ ਵੱਲੋਂ ਬਣਾਈ ਗਈ।"

"ਇਸੇ ਤਰ੍ਹਾਂ ਪੁਨਰ ਸੁਰਜੀਤ ਪਾਰਟੀ ਅਕਾਲੀ ਦਲ ਤੋਂ ਬਾਗ਼ੀ ਹੋਏ ਆਗੂਆਂ ਵੱਲੋਂ ਬਣਾਈ ਗਈ, ਪਰ ਦੋਵਾਂ ਹੀ ਪਾਰਟੀਆਂ ਦਾ ਰਾਜਨੀਤਕ ਆਧਾਰ ਫਿਲਹਾਲ ਬਹੁਤ ਘੱਟ ਹੈ।"

ਉਨ੍ਹਾਂ ਆਖਿਆ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਪ ਵਿਚਾਲੇ ਹੋਵੇਗਾ।

ਜਸਪਾਲ ਸਿੰਘ

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਕਹਿੰਦੇ ਹਨ, "ਦੋਵਾਂ ਹੀ ਧਿਰਾਂ ਵਿਚਾਲੇ ਭਰੋਸੇਯੋਗਤਾ ਨਹੀਂ ਸੀ, ਇਸ ਕਰਕੇ ਇਹ ਲੰਮਾ ਨਹੀਂ ਚੱਲ ਸਕੇ।

ਉਨ੍ਹਾਂ ਆਖਿਆ ਵਾਰਿਸ ਪੰਜਾਬ ਦੇ ਆਗੂਆਂ ਨੂੰ ਲੱਗਦਾ ਸੀ ਕਿ ਜੋ ਆਗੂ ਪੁਨਰ ਸੁਰਜੀਤ ਪਾਰਟੀ ਨਾਲ ਜੁੜੇ ਹੋਏ ਹਨ, ਉਹ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਇਸ ਕਰ ਕੇ ਉਨ੍ਹਾਂ ਨੂੰ ਲਾਂਭੇ ਕੀਤਾ ਜਾਵੇ।

ਦੂਜੇ ਪਾਸੇ ਪੁਨਰ ਸੁਰਜੀਤ ਦੇ ਆਗੂਆਂ ਨੂੰ ਲੱਗਦਾ ਸੀ ਕਿ 'ਵਾਰਿਸ ਪੰਜਾਬ ਦੇ' ਸੰਗਠਨ ਆਪਣਾ ਏਜੰਡਾ ਸਪਸ਼ਟ ਨਹੀਂ ਕਰ ਰਿਹਾ ਹੈ ਅਤੇ ਇਸ ਕਰਕੇ ਦੋਵਾਂ ਧਿਰਾਂ ਵਿਚਾਲੇ ਭਰੋਸਾ ਨਾ ਹੋਣ ਕਾਰਨ ਗਠਜੋੜ ਸਿਰੇ ਨਹੀਂ ਚੜ ਸਕਿਆ।

ਜਸਪਾਲ ਸਿੰਘ ਮੁਤਾਬਕ, "ਦੋਵਾਂ ਧਿਰਾਂ ਵਿੱਚ ਲੀਡਰਸ਼ਿਪ ਅਤੇ ਨੈਤਿਕਤਾ ਦੇ ਮੁੱਦੇ 'ਤੇ ਵਿਵਾਦ ਰਿਹਾ। ਇਸ ਤੋਂ ਇਲਾਵਾ ਗ਼ੈਰ-ਜ਼ਿੰਮੇਵਾਰ ਬਿਆਨਬਾਜ਼ੀ ਵੀ ਇਕ ਕਾਰਨ ਬਣਿਆ ਜਿਸ ਕੰਮ ਵਿੱਚ ਪੁਨਰ ਸੁਰਜੀਤ ਧੜੇ ਵੱਲੋਂ ਗਠਜੋੜ ਪ੍ਰਕਿਰਿਆ ਦੌਰਾਨ ਕੁਝ ਅਜਿਹੇ ਬਿਆਨ ਦਿੱਤੇ ਗਏ, ਜਿਨ੍ਹਾਂ ਨੇ ਤਾਲਮੇਲ ਨੂੰ ਨੁਕਸਾਨ ਪਹੁੰਚਾਇਆ।"

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਦਾ ਕਹਿਣਾ ਹੈ ਅਕਾਲੀ ਰਾਜਨੀਤੀ ਵਿੱਚ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਮਜ਼ਬੂਤ ਹੈ ਜਿਸ ਦਾ ਆਪਣਾ ਸੰਗਠਨ ਹੈ ਅਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਵਾਰਿਸ ਪੰਜਾਬ ਦੇ' ਹੈ, ਜੋ ਨੌਜਵਾਨਾਂ ਵਿੱਚ ਖ਼ਾਸ ਤੌਰ ਉੱਤੇ ਮਾਝੇ ਦੇ ਇਲਾਕੇ ਵਿੱਚ ਆਪਣਾ ਆਧਾਰ ਕਾਇਮ ਬਣਾ ਰਹੀ ਹੈ ਅਤੇ ਜੋ ਲੋਕ ਅਕਾਲੀ ਦਲ ਅਤੇ ਅਕਾਲੀ ਦਲ ਅੰਮ੍ਰਿਤਸਰ ਤੋਂ ਔਖੇ ਹਨ, ਉਹ ਇਸ ਪਾਰਟੀ ਵੱਲ ਜਾ ਸਕਦੇ ਹਨ।

ਉਨ੍ਹਾਂ ਆਖਿਆ ਜਿੱਥੋਂ ਤੱਕ ਅਕਾਲੀ ਦਲ ਪੁਨਰ ਸੁਰਜੀਤ ਹੈ, ਇਸ ਪਾਰਟੀ ਦਾ ਜ਼ਮੀਨ ਆਧਾਰ ਨਹੀਂ ਹੈ ਅਤੇ ਇਸ ਦੇ ਜ਼ਿਆਦਾਤਰ ਆਗੂ ਉਹ ਹਨ ਜੋ ਦੂਜੀਆਂ ਧਿਰਾਂ ਤੋਂ ਆਏ ਹਨ, ਇਸ ਕਰ ਕੇ ਅਕਾਲੀ ਦਲ ਵਾਰਿਸ ਪੰਜਾਬ ਨੇ ਜੇ ਇਹਨਾਂ ਨਾਲ ਸਬੰਧ ਤੋੜਿਆ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)