34 ਕਰੋੜ ਦੀ 'ਬਲੱਡ ਮਨੀ' ਨਾਲ ਸਾਊਦੀ ਦੀ ਜੇਲ੍ਹ 'ਚ 20 ਸਾਲਾਂ ਤੋਂ ਬੰਦ ਭਾਰਤੀ ਦੀ ਮੌਤ ਦੀ ਸਜ਼ਾ ਟਲੀ, ਜਾਣੋ ਕਿਵੇਂ ਹੋਈ ਰਕਮ ਇਕੱਠੀ

ਅਬਦੁਲ ਰਹੀਮ

ਤਸਵੀਰ ਸਰੋਤ, Photo Credit : Naseer

ਤਸਵੀਰ ਕੈਪਸ਼ਨ, ਅਬਦੁਲ ਰਹੀਮ ਦੀ ਉਮਰ ਕੈਦ ਦੀ ਸਜ਼ਾ 20 ਮਈ ਨੂੰ ਪੂਰੀ ਹੋ ਗਈ ਸੀ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

"ਮੇਰੀ ਮਾਂ ਫ਼ਾਤਿਮਾ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹੈ। ਪਰ ਜਦੋਂ ਅਬਦੁਲ ਰਹੀਮ ਉਨ੍ਹਾਂ ਦੇ ਸਾਹਮਣੇ ਹੋਣਗੇ, ਉਦੋਂ ਹੀ ਉਨ੍ਹਾਂ ਨੂੰ ਯਕੀਨ ਹੋਵੇਗਾ।"

ਇਹ ਸ਼ਬਦ ਅਬਦੁਲ ਰਹੀਮ ਦੇ ਭਰਾ ਨਸੀਰ ਦੇ ਹਨ। ਅਬਦੁਲ ਰਹੀਮ ਉਹ ਸ਼ਖ਼ਸ ਹਨ ਜਿਨ੍ਹਾਂ ਲਈ ਦੁਨੀਆ ਭਰ ਤੋਂ, ਖ਼ਾਸ ਕਰਕੇ ਕੇਰਲ ਦੇ ਲੋਕਾਂ ਨੇ 'ਬਲੱਡ ਮਨੀ' ਦੇ ਤੌਰ 'ਤੇ 34 ਕਰੋੜ ਰੁਪਏ ਕ੍ਰਾਊਡ ਸੋਰਸਿੰਗ ਐਪ ਰਾਹੀਂ ਇਕੱਠੇ ਕੀਤੇ ਸਨ।

ਇਕੱਠੀ ਕੀਤੀ ਗਈ ਇਸ ਬਲੱਡ ਮਨੀ ਦੀ ਰਕਮ ਦਾ ਭਾਰਤ ਵਿੱਚ ਕੋਈ ਮੁਕਾਬਲਾ ਨਹੀਂ ਹੈ।

ਨਸੀਰ ਦੀ ਇਹ ਬੇਬਸੀ ਦੀ ਜੜ੍ਹ 20 ਸਾਲ ਪੁਰਾਣੀ ਹੈ। ਨਸੀਰ ਦੇ ਪਰਿਵਾਰ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਨਵੰਬਰ 2006 ਵਿੱਚ ਰਹੀਮ ਨੇ ਕੋਝਿਕੋਡ ਵਿੱਚ ਆਟੋ-ਰਿਕਸ਼ਾ ਚਲਾਉਣਾ ਛੱਡ ਕੇ ਸਾਊਦੀ ਅਰਬ ਵਿੱਚ ਡਰਾਈਵਰ ਦੀ ਨੌਕਰੀ ਕਰਨ ਲਈ ਜਾਣ ਦਾ ਫ਼ੈਸਲਾ ਕੀਤਾ ਸੀ।

ਰਹੀਮ ਨੂੰ ਆਪਣੀ ਨਵੀਂ ਨੌਕਰੀ ਸ਼ੁਰੂ ਕੀਤੇ ਹਾਲੇ ਮੁਸ਼ਕਲ ਨਾਲ 28 ਦਿਨ ਹੀ ਬੀਤੇ ਸਨ ਕਿ ਉਨ੍ਹਾਂ ਨੂੰ 17 ਸਾਲ ਦੇ ਇੱਕ ਲੱਕਵਾਗ੍ਰਸਤ ਮੁੰਡੇ ਦੀ ਦੇਖਭਾਲ ਕਰਨ ਦਾ ਵਾਧੂ ਕੰਮ ਵੀ ਸੌਂਪ ਦਿੱਤਾ ਗਿਆ ਸੀ। ਪਰ ਇਸੇ ਦੌਰਾਨ ਰਹੀਮ 'ਤੇ ਆਪਣੇ ਮਾਲਕ ਦੇ ਪੁੱਤਰ ਦੇ ਕਤਲ ਦਾ ਇਲਜ਼ਾਮ ਲੱਗ ਗਿਆ।

ਰਹੀਮ ਦਾ ਕਹਿਣਾ ਸੀ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਮੁੰਡੇ ਦਾ ਸਾਹ ਲੈਣ ਵਾਲਾ ਉਪਕਰਨ ਗ਼ਲਤੀ ਨਾਲ ਵੱਖ ਹੋ ਗਿਆ ਸੀ। ਰਹੀਮ ਉਨ੍ਹਾਂ ਨੂੰ ਰਿਆਦ ਦੇ ਇੱਕ ਹਾਈਪਰਮਾਰਕੀਟ ਲੈ ਜਾ ਰਹੇ ਸਨ।

ਰਹੀਮ ਦੇ ਪਰਿਵਾਰਕ ਮੈਂਬਰਾਂ ਅਤੇ ਕਮੇਟੀ ਦੇ ਮੈਂਬਰਾਂ ਦੀ ਚਿੰਤਾ ਅੱਜਕੱਲ੍ਹ ਇਸ ਲਈ ਵੱਧ ਗਈ ਹੈ ਕਿਉਂਕਿ ਰਹੀਮ ਦੀ ਉਮਰ ਕੈਦ ਦੀ ਸਜ਼ਾ 20 ਮਈ ਨੂੰ ਪੂਰੀ ਹੋ ਗਈ ਸੀ।

ਨਸੀਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਗ੍ਰਿਫ਼ਤਾਰੀ ਦੇ ਛੇ ਮਹੀਨੇ ਬਾਅਦ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ। ਉਹ ਬਹੁਤ ਪਰੇਸ਼ਾਨ ਹੋ ਗਏ ਅਤੇ ਗਹਿਰੇ ਸੋਚ-ਵਿਚਾਰ ਵਿੱਚ ਡੁੱਬ ਗਏ। ਉਨ੍ਹਾਂ ਨੇ ਖੁਦ ਨੂੰ ਸਭ ਤੋਂ ਅਲੱਗ ਕਰ ਲਿਆ। ਕੁਝ ਹੀ ਮਹੀਨਿਆਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।"

ਦੋ ਸਾਲ ਪਹਿਲਾਂ ਜਦੋਂ 'ਬਲੱਡ ਮਨੀ' ਅਦਾ ਕਰ ਦਿੱਤੀ ਗਈ, ਉਦੋਂ ਤੋਂ ਨਸੀਰ ਦੀ ਮਾਂ ਉਨ੍ਹਾਂ ਨੂੰ ਇਹੀ ਕਹਿੰਦੀ ਆ ਰਹੀ ਹੈ ਕਿ ਰਹੀਮ "ਇੱਕ ਦਿਨ ਘਰ ਜ਼ਰੂਰ ਵਾਪਸ ਆਵੇਗਾ।"

ਉਹ ਇਸੇ ਉਮੀਦ ਦੇ ਸਹਾਰੇ ਜੀਅ ਰਹੇ ਹਨ।

ਪਰ ਇਨ੍ਹਾਂ ਸਾਲਾਂ ਦੌਰਾਨ ਵੱਖ-ਵੱਖ ਅਦਾਲਤਾਂ ਵਿੱਚ ਕਈ ਅਪੀਲਾਂ ਦਾਇਰ ਕੀਤੀਆਂ ਗਈਆਂ। ਕਿੰਗ ਦੇ ਸਾਹਮਣੇ ਮੌਤ ਦੀ ਸਜ਼ਾ ਤੋਂ ਮੁਆਫ਼ੀ ਲਈ ਗੁਹਾਰ ਵੀ ਲਗਾਈ ਗਈ। ਪਰ ਰਹੀਮ 'ਤੇ ਹਮੇਸ਼ਾ ਇੱਕ ਖ਼ਤਰਾ ਮੰਡਰਾਉਂਦਾ ਰਿਹਾ।

ਗੱਲਬਾਤ ਦੇ ਨਾਲ-ਨਾਲ ਕਾਨੂੰਨੀ ਲੜਾਈ

ਫਾਤਿਮਾ

ਤਸਵੀਰ ਸਰੋਤ, Photo Credit : Naseer

ਤਸਵੀਰ ਕੈਪਸ਼ਨ, ਅਬਦੁਲ ਰਹੀਮ ਦੀ ਮਾਂ ਫਾਤਿਮਾ ਆਪਣੇ ਪੁੱਤਰ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੀ ਹੈ

ਅਬਦੁਲ ਰਹੀਮ ਲੀਗਲ ਅਸਿਸਟੈਂਸ ਕਮੇਟੀ ਦੇ ਮੈਂਬਰ ਅਸ਼ਰਫ਼ ਵੇਂਗਾਟ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਸੀਂ 2011 ਵਿੱਚ ਜਦੋਂ ਪਹਿਲੀ ਵਾਰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਦੋਂ ਬੱਚੇ ਦੇ ਪਿਤਾ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਪਰ ਜੂਨ 2024 ਵਿੱਚ ਹੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਗਿਆ।"

ਹਾਲਾਂਕਿ ਇਸ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਰਿਆਦ ਸਥਿਤ ਭਾਰਤੀ ਦੂਤਾਵਾਸ ਦੇ ਤਤਕਾਲੀ ਵੈਲਫ਼ੇਅਰ ਅਫ਼ਸਰ ਯੂਸੁਫ਼ ਕੁੰਨੁੰਮਲ ਨਾਲ ਮਿਲ ਕੇ ਕਾਨੂੰਨੀ ਲੜਾਈ ਜਾਰੀ ਰੱਖੀ।

ਇਸ ਦੇ ਨਾਲ ਹੀ ਮੁੰਡੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਆਫ਼ੀ ਲਈ ਗੱਲਬਾਤ ਵੀ ਸ਼ੁਰੂ ਕੀਤੀ ਗਈ।

ਯੂਸੁਫ਼ ਕੁੰਨੁੰਮਲ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਕਤੂਬਰ 2019 ਵਿੱਚ ਹੀ ਇੱਕ ਵਕੀਲ ਰਾਹੀਂ ਗੰਭੀਰ ਗੱਲਬਾਤ ਸ਼ੁਰੂ ਹੋਈ। ਅਕਤੂਬਰ 2023 ਵਿੱਚ ਅਸੀਂ ਇੱਕ ਆਪਸੀ ਸਮਝੌਤੇ 'ਤੇ ਪਹੁੰਚ ਸਕੇ। ਉਦੋਂ ਹੀ ਪਰਿਵਾਰ ਨੇ 'ਬਲੱਡ ਮਨੀ' ਦੇ ਤੌਰ 'ਤੇ 15 ਮਿਲੀਅਨ ਸਾਊਦੀ ਰਿਆਲ ਜਾਂ ਭਾਰਤੀ ਕਰੰਸੀ ਵਿੱਚ 34 ਕਰੋੜ ਰੁਪਏ (ਉਸ ਸਮੇਂ ਦੀਆਂ ਮੌਜੂਦਾ ਦਰਾਂ ਦੇ ਹਿਸਾਬ ਨਾਲ) ਸਵੀਕਾਰ ਕਰਨ 'ਤੇ ਸਹਿਮਤੀ ਜਤਾਈ।"

ਨਸੀਰ ਆਪਣੀ ਮਾਂ ਨਾਲ

ਤਸਵੀਰ ਸਰੋਤ, Photo Credit : Naseer

ਤਸਵੀਰ ਕੈਪਸ਼ਨ, ਨਸੀਰ ਮੁਤਾਬਕ ਮਾਂ ਨੂੰ ਆਸ ਸੀ ਕਿ ਰਹੀਮ ਇੱਕ ਦਿਨ ਆਵੇਗਾ

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਰਹੀਮ ਦਾ ਪਰਿਵਾਰ ਇੰਨੀ ਵੱਡੀ ਰਕਮ ਇਕੱਠੀ ਕਰਨ ਵਿੱਚ ਅਸਮਰਥ ਸੀ, 'ਅਬਦੁਲ ਰਹੀਮ ਲੀਗਲ ਅਸਿਸਟੈਂਸ ਕਮੇਟੀ' ਨੂੰ ਇੱਕ ਚੈਰੀਟੇਬਲ ਟਰਸਟ ਵਜੋਂ ਰਜਿਸਟਰ ਕੀਤਾ ਗਿਆ।

ਨਸੀਰ ਨੇ ਦੱਸਿਆ, "ਸ਼ੁਰੂਆਤੀ ਕੁਝ ਹਫ਼ਤਿਆਂ ਵਿੱਚ, ਕ੍ਰਾਊਡ ਸੋਰਸਿੰਗ ਐਪ 'ਤੇ ਮੁਸ਼ਕਲ ਨਾਲ ਦੋ ਤੋਂ ਤਿੰਨ ਕਰੋੜ ਰੁਪਏ ਹੀ ਆਏ ਸਨ। ਫਿਰ ਅਚਾਨਕ, ਸਥਾਨਕ ਚੈਨਲਾਂ, ਯੂਟਿਊਬਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਰਾਹੀਂ ਇਹ ਖ਼ਬਰ ਫੈਲ ਗਈ ਅਤੇ ਗੱਲ ਦੂਰ-ਦੂਰ ਤੱਕ ਪਹੁੰਚ ਗਈ। ਇੱਥੋਂ ਤੱਕ ਕਿ ਮੰਦਰਾਂ ਅਤੇ ਚਰਚਾਂ ਨੇ ਵੀ ਮੇਰੇ ਭਰਾ ਲਈ ਪੈਸੇ ਇਕੱਠੇ ਕਰਨ ਦੀ ਅਪੀਲ ਕੀਤੀ।"

ਕਾਰੋਬਾਰੀ ਬੌਬੀ ਚੇਂਮਨੂਰ (ਚੇਂਮਨੂਰ ਜੁਐਲਰਜ਼) ਨੇ ਫੰਡ ਵਿੱਚ ਇੱਕ ਕਰੋੜ ਰੁਪਏ ਦਾ ਯੋਗਦਾਨ ਦੇਣ ਤੋਂ ਬਾਅਦ ਫੰਡ ਇਕੱਠਾ ਕਰਨ ਲਈ ਤਿਰੁਵਨੰਤਪੁਰਮ ਵਿੱਚ ਇੱਕ ਬੱਸ ਚਲਾਈ।

ਰਾਜਨੀਤਕ ਪਾਰਟੀਆਂ ਅਤੇ ਮਲਿਆਲਮ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਨੇ ਵੀ ਇਸ ਵਿੱਚ ਆਪਣਾ ਯੋਗਦਾਨ ਦਿੱਤਾ।

ਅਸ਼ਰਫ਼ ਵੇਂਗਾਟ

47 ਕਰੋੜ ਰੁਪਏ ਚੰਦਾ ਇਕੱਠਾ ਹੋਇਆ

ਅਸ਼ਰਫ਼ ਨੇ ਦੱਸਿਆ ਕਿ ਕ੍ਰਾਊਡ ਸੋਰਸਿੰਗ ਐਪ 1 ਮਾਰਚ 2024 ਨੂੰ ਲਾਂਚ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ, "ਇਹ ਰਕਮ ਵੱਧ ਕੇ 34 ਕਰੋੜ ਰੁਪਏ ਹੋ ਗਈ। ਇਹ ਰਮਜ਼ਾਨ ਦਾ 27ਵਾਂ ਦਿਨ ਵੀ ਸੀ। ਸ਼ਾਇਦ ਇਸੇ ਵਜ੍ਹਾ ਨਾਲ ਲੋਕਾਂ ਨੇ ਚੰਦਾ ਦਿੱਤਾ। ਪਰ ਜਦੋਂ ਇਹ ਟੀਚਾ ਹਾਸਲ ਹੋ ਗਿਆ ਤਾਂ ਇਸ ਤੋਂ ਬਾਅਦ ਇੱਕ ਬਹੁਤ ਹੀ ਅਜੀਬ ਘਟਨਾ ਵਾਪਰੀ।"

ਅਸ਼ਰਫ਼ ਨੇ ਦੱਸਿਆ, "ਲੋਕਾਂ ਨੇ ਉਸ ਖਾਤੇ ਵਿੱਚ ਚੰਦਾ ਦੇਣਾ ਜਾਰੀ ਰੱਖਿਆ। ਕੁੱਲ ਰਕਮ ਵੱਧ ਕੇ 47 ਕਰੋੜ ਰੁਪਏ ਤੱਕ ਪਹੁੰਚ ਗਈ। ਸਾਡੇ ਬੈਂਕ ਖਾਤੇ ਵਿੱਚ 13 ਕਰੋੜ ਰੁਪਏ ਜਮ੍ਹਾਂ ਹਨ। ਜਦੋਂ ਰਹੀਮ ਵਾਪਸ ਆ ਜਾਣਗੇ, ਤਾਂ ਕਮੇਟੀ ਨੂੰ ਇਹ ਫ਼ੈਸਲਾ ਕਰਨਾ ਹੋਵੇਗਾ ਕਿ ਇਸ ਵਾਧੂ ਰਕਮ ਦਾ ਕੀ ਕੀਤਾ ਜਾਵੇ।"

ਕਮੇਟੀ ਨੇ 'ਬਲੱਡ ਮਨੀ' ਵਿਦੇਸ਼ ਮੰਤਰਾਲੇ ਨੂੰ ਦੇ ਦਿੱਤੀ। ਵਿਦੇਸ਼ ਮੰਤਰਾਲੇ ਨੇ ਇਸ ਨੂੰ ਰਿਆਦ ਸਥਿਤ ਭਾਰਤੀ ਦੂਤਾਵਾਸ ਭੇਜ ਦਿੱਤਾ।

ਅਸ਼ਰਫ਼ ਨੇ ਦੱਸਿਆ, "ਚੈੱਕ ਰਿਆਦ ਦੇ ਗਵਰਨਰ ਦਫ਼ਤਰ ਨੂੰ ਸੌਂਪਿਆ ਗਿਆ, ਜਿਸ ਨੇ ਇਸ ਨੂੰ ਅਦਾਲਤ ਵਿੱਚ ਜਮ੍ਹਾਂ ਕਰ ਦਿੱਤਾ। 2 ਜੂਨ 2025 ਨੂੰ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਫ਼ੈਸਲਾ ਸੁਣਾਇਆ।"

ਯੂਸੁਫ਼ ਕੁੰਨੰਮਲ ਨੇ ਕਿਹਾ, "ਇਹ ਸਭ ਵਕੀਲ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ। ਉਹ ਵਕੀਲ ਉਸ ਮੁੰਡੇ ਦੇ ਪਰਿਵਾਰ ਦਾ ਰਿਸ਼ਤੇਦਾਰ ਵੀ ਸੀ।"

ਭਾਰਤੀ ਦੂਤਾਵਾਸ ਦੇ ਇਸ ਰਿਟਾਇਰਡ ਅਫ਼ਸਰ ਨੇ ਸਾਊਦੀ ਅਰਬ ਵਿੱਚ ਨੌਂ ਭਾਰਤੀਆਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ ਹੈ।

ਰਹੀਮ ਤੋਂ ਇਲਾਵਾ ਇਨ੍ਹਾਂ ਨੌਂ ਲੋਕਾਂ ਵਿੱਚ ਪੰਜਾਬ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਇੱਕ-ਇੱਕ ਵਿਅਕਤੀ ਅਤੇ ਕੇਰਲ ਤੋਂ ਪੰਜ ਹੋਰ ਲੋਕ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)