ਨੌਜਵਾਨਾਂ ਦੇ ਅੰਦੋਲਨ ਦਰਮਿਆਨ ਪੇਪਰ ਲੀਕ 'ਤੇ ਪੀਐੱਮ ਮੋਦੀ ਦਾ ਐਲਾਨ, ਕਾਕਰੋਚ ਜਨਤਾ ਪਾਰਟੀ ਅਤੇ ਰਾਹੁਲ ਗਾਂਧੀ ਨੇ ਦਿੱਤਾ ਇਹ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Bloomberg via Getty Images

ਤਸਵੀਰ ਕੈਪਸ਼ਨ, ਵੀਰਵਾਰ ਸਵੇਰੇ ਆਪਣੇ ਐਕਸ ਅਕਾਊਂਟ 'ਤੇ ਸਾਂਝਾ ਕੀਤੀ ਇਸ ਪੋਸਟ ਵਿੱਚ ਪੀਐਮ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਹਿੱਤ ਅਤੇ ਉਨ੍ਹਾਂ ਦਾ ਭਵਿੱਖ ਸਾਡੀ ਸਭ ਤੋਂ ਵੱਡੀ ਤਰਜੀਹ ਹਨ (ਫਾਈਲ ਫੋਟੋ)
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 9 ਮਿੰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਕਿਹਾ ਹੈ ਨੀਟ ਪੇਪਰ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਗੀ।

ਵੀਰਵਾਰ ਸਵੇਰੇ ਆਪਣੇ ਐਕਸ ਅਕਾਊਂਟ 'ਤੇ ਸਾਂਝਾ ਕੀਤੀ ਇਸ ਪੋਸਟ ਵਿੱਚ ਪੀਐਮ ਨੇ ਕਿਹਾ ਕਿ ''ਦੇਸ਼ ਦੇ ਨੌਜਵਾਨਾਂ ਦੇ ਹਿੱਤ ਅਤੇ ਉਨ੍ਹਾਂ ਦਾ ਭਵਿੱਖ ਸਾਡੀ ਸਭ ਤੋਂ ਵੱਡੀ ਤਰਜੀਹ ਹਨ।''

ਉਨ੍ਹਾਂ ਅੱਗੇ ਕਿਹਾ, ''ਪੇਪਰ ਲੀਕ ਦੇ ਸਾਰੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜਿੰਨੀ ਜਲਦੀ ਹੋ ਸਕੇ ਸਖ਼ਤ ਸਜ਼ਾ ਦੇਣ ਲਈ ਅਤੇ ਮਾਮਲਿਆਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣ ਲਈ ਫਾਸਟ ਟ੍ਰੈਕ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਸੰਬੰਧਿਤ ਵਿਭਾਗ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ।''

ਉਨ੍ਹਾਂ ਲਿਖਿਆ, ''ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ, ਸਰਕਾਰ ਵੱਲੋਂ ਲਏ ਜਾ ਰਹੇ ਫ਼ੈਸਲਿਆਂ ਦੇ ਸਿਲਸਿਲੇ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।''

''ਨੌਜਵਾਨਾਂ ਦੇ ਭਵਿੱਖ ਨੂੰ ਖ਼ਤਰੇ 'ਚ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।''

ਪੀਐਮ ਮੋਦੀ ਦੀ ਪੋਸਟ

ਤਸਵੀਰ ਸਰੋਤ, @narendramodi/X

ਤਸਵੀਰ ਕੈਪਸ਼ਨ, ਪੀਐਮ ਮੋਦੀ ਦੀ ਪੋਸਟ

ਨਰਿੰਦਰ ਮੋਦੀ ਦੇ ਬਿਆਨ ਉੱਤੇ ਰਾਹੁਲ ਗਾਂਧੀ ਨੇ ਕੀ ਕਿਹਾ

ਰਾਹੁਲ ਗਾਂਧੀ

ਤਸਵੀਰ ਸਰੋਤ, @RahulGandhi/X

ਤਸਵੀਰ ਕੈਪਸ਼ਨ, ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ (ਫਾਈਲ ਫੋਟੋ)

ਪੀਐਮ ਮੋਦੀ ਦੀ ਪੋਸਟ 'ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਪੋਸਟ ਪਾਉਂਦਿਆਂ ਲਿਖਿਆ, ''ਤੁਸੀਂ ਹੀ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।''

ਉਨ੍ਹਾਂ ਅੱਗੇ ਲਿਖਿਆ, ''ਤੁਸੀਂ ਨਾ ਸਿਰਫ਼ ਸਾਡੀ ਸਿੱਖਿਆ ਪ੍ਰਣਾਲੀ 'ਤੇ ਪੂਰਾ ਕਬਜ਼ਾ ਹੋਣ ਅਤੇ ਉਸਨੂੰ ਬਰਬਾਦ ਹੋਣ ਦਿੱਤਾ, ਸਗੋਂ ਅਜਿਹਾ ਹੋਣ ਨੂੰ ਉਤਸ਼ਾਹਿਤ ਵੀ ਕੀਤਾ - ਅਤੇ ਇਸਦੇ ਲਈ ਜ਼ਿੰਮੇਵਾਰ ਹਰ ਵਿਅਕਤੀ ਨੂੰ ਸੁਰੱਖਿਆ ਵੀ ਦਿੱਤੀ।

ਆਪਣੀ ਪੋਸਟ 'ਚ ਉਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਮੁੜ ਸਪਸ਼ਟ ਕਰਦਿਆਂ ਲਿਖਿਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਸਪਸ਼ਟ ਹਨ:

- ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਵੇ।

- ਵਿਦਿਆਰਥੀਆਂ ਤੋਂ ਮਾਫ਼ੀ ਮੰਗੀ ਜਾਵੇ।

- ਵਿਦਿਆਰਥੀਆਂ ਨਾਲ ਹਿੰਸਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਹੋਏ ਬਿਮਾਰ, ਸਿਹਤ ਬਾਰੇ ਕੀ ਦੱਸਿਆ

ਅਭਿਜੀਤ ਦੀਪਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਤਬੀਅਤ ਖ਼ਰਾਬ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਪਿਛਲੇ ਕੁਝ ਦਿਨਾਂ ਤੋਂ ਮੈਨੂੰ ਤੇਜ਼ ਬੁਖਾਰ ਹੈ ਅਤੇ ਪੂਰੇ ਸਰੀਰ ਵਿੱਚ ਦਰਦ ਹੈ। ਮੈਂ ਪੇਨ ਕਿਲਰ ਦਵਾਈਆਂ ਖਾ ਕੇ ਕੰਮ ਚਲਾ ਰਿਹਾ ਹਾਂ।"

"ਜੇ ਅੱਜ ਤੁਸੀਂ ਮੈਨੂੰ ਜੰਤਰ-ਮੰਤਰ 'ਤੇ ਨਾ ਦੇਖੋ, ਤਾਂ ਇਸ ਲਈ ਮੈਂ ਮੁਆਫ਼ੀ ਚਾਹੁੰਦਾ ਹਾਂ। ਮੈਨੂੰ ਕੁਝ ਘੰਟੇ ਆਰਾਮ ਕਰਕੇ ਥੋੜ੍ਹਾ ਠੀਕ ਹੋਣ ਦੀ ਲੋੜ ਹੈ।"

"ਸ਼ਾਮ ਤੱਕ ਮੈਂ ਮੁੜ ਪ੍ਰਦਰਸ਼ਨ ਵਾਲੀ ਥਾਂ 'ਤੇ ਵਾਪਸ ਆ ਜਾਵਾਂਗਾ।"

ਅਭਿਜੀਤ ਦੀਪਕੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੰਤਰ-ਮੰਤਰ 'ਤੇ ਸੋਨਮ ਵਾਂਗਚੁਕ ਨਾਲ ਧਰਨੇ ਉੱਤੇ ਮੌਜੂਦ ਹਨ।

ਸੋਨਮ ਵਾਂਗਚੁਕ ਦੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਨੇ ਵੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

'ਕੁਝ ਵੀ ਕਰ ਲਓ, ਲੋਕ ਜੰਤਰ-ਮੰਤਰ ਆ ਕੇ ਰਹਿਣਗੇ' - ਸੀਜੇਪੀ

ਅੰਦੋਲਨ

ਤਸਵੀਰ ਸਰੋਤ, Getty Images

ਦਿੱਲੀ ਮੈਟਰੋ ਦੇ 16 ਸਟੇਸ਼ਨ ਬੰਦ ਕੀਤੇ ਜਾਣ 'ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਸੀਜੇਪੀ ਨੇ ਇਨ੍ਹਾਂ ਸਟੇਸ਼ਨਾਂ ਨੂੰ ਬੰਦ ਕਰਨ ਦੀ ਸੂਚਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਇਸ ਦਾ ਕੀ ਮਤਲਬ ਹੈ। ਮੋਦੀ ਜੀ, ਸਿੱਧੇ ਧਰਮੇਂਦਰ ਪ੍ਰਧਾਨ ਨੂੰ ਹਟਾਓ ਅਤੇ ਮਾਮਲਾ ਖ਼ਤਮ ਕਰੋ।"

ਪਾਰਟੀ ਵੱਲੋਂ ਅੱਗੇ ਲਿਖਿਆ ਗਿਆ, "ਮੈਟਰੋ ਸਟੇਸ਼ਨ ਬੰਦ ਕਰਨ ਦਾ ਇਹ ਰੋਜ਼-ਰੋਜ਼ ਦਾ ਡਰਾਮਾ ਕਿਉਂ। ਕੁਝ ਵੀ ਕਰ ਲਓ, ਲੋਕ ਜੰਤਰ-ਮੰਤਰ 'ਤੇ ਆ ਕੇ ਹੀ ਰਹਿਣਗੇ।"

ਦਰਅਸਲ, ਦਿੱਲੀ ਮੈਟਰੋ ਨੇ ਦੱਸਿਆ ਹੈ ਕਿ ਵੀਰਵਾਰ (23 ਜੁਲਾਈ 2026) ਨੂੰ ਇਸ ਦੇ ਕਈ ਮੈਟਰੋ ਸਟੇਸ਼ਨ ਬੰਦ ਰਹਿਣਗੇ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੰਦਿਆਂ ਦਿੱਲੀ ਮੈਟਰੋ ਵੱਲੋਂ ਲਿਖਿਆ ਗਿਆ ਹੈ, "ਸਵੇਰੇ 7:30 ਵਜੇ ਤੋਂ ਅਗਲੇ ਹੁਕਮਾਂ ਤੱਕ ਹੇਠ ਲਿਖੇ ਮੈਟਰੋ ਸਟੇਸ਼ਨ ਬੰਦ ਰਹਿਣਗੇ। ਹਾਲਾਂਕਿ, ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ਸਟੇਸ਼ਨਾਂ 'ਤੇ ਇੰਟਰਚੇਂਜ (ਲਾਈਨ ਬਦਲਣ) ਦੀ ਸੁਵਿਧਾ ਉਪਲੱਬਧ ਰਹੇਗੀ।"

ਇਹ ਮੈਟਰੋ ਸਟੇਸ਼ਨ ਰਹਿਣਗੇ ਬੰਦ:

  • ਲੋਕ ਕਲਿਆਣ ਮਾਰਗ
  • ਰਾਜੀਵ ਚੌਕ
  • ਪਟੇਲ ਚੌਕ
  • ਰਾਮਕ੍ਰਿਸ਼ਨ ਆਸ਼ਰਮ ਮਾਰਗ
  • ਬਾਰਾਖੰਬਾ ਰੋਡ
  • ਸੁਪਰੀਮ ਕੋਰਟ
  • ਸੇਵਾ ਤੀਰਥ
  • ਜਨਪਥ
  • ਮੰਡੀ ਹਾਊਸ
  • ਸੈਂਟਰਲ ਸੈਕਰੇਟੇਰੀਅਟ
  • ਆਈਟੀਓ
  • ਦਿੱਲੀ ਗੇਟ
  • ਇੰਦਰਪ੍ਰਸਥ
  • ਖ਼ਾਨ ਮਾਰਕੀਟ
  • ਜੋਰ ਬਾਗ
  • ਸ਼ਿਵਾਜੀ ਸਟੇਡੀਅਮ

ਦੇਸ਼ ਦੀਆਂ ਮਸ਼ਹੂਰ ਹਸਤੀਆਂ ਕੀ ਕਹਿ ਰਹੀਆਂ ਹਨ

ਅਰੁੰਧਤੀ ਰਾਏ (ਮਸ਼ਹੂਰ ਲੇਖਿਕਾ ਅਤੇ ਐਕਟਿਵਿਸਟ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰੁੰਧਤੀ ਰਾਏ (ਮਸ਼ਹੂਰ ਲੇਖਿਕਾ ਅਤੇ ਐਕਟਿਵਿਸਟ)

ਵਿਦਿਆਰਥੀਆਂ ਦੇ ਇਸ ਅੰਦੋਲਨ 'ਤੇ ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਹੁਣ ਖੁੱਲ੍ਹ ਕੇ ਬੋਲ ਰਹੀਆਂ ਹਨ।

ਅਰੁੰਧਤੀ ਰਾਏ (ਮਸ਼ਹੂਰ ਲੇਖਿਕਾ ਅਤੇ ਐਕਟਿਵਿਸਟ)

ਅਰੁੰਧਤੀ ਰਾਏ ਨੇ ਕਿਹਾ ਕਿ ਕਈ ਸਾਲਾਂ ਬਾਅਦ ਪਹਿਲੀ ਵਾਰ ਭਾਰਤੀ ਹੋਣ 'ਤੇ ਮਾਣ ਅਤੇ ਉਮੀਦ ਦੋਵੇਂ ਮਹਿਸੂਸ ਹੋ ਰਹੇ ਹਨ। ਠੀਕ ਉਸ ਵੇਲੇ, ਜਦੋਂ ਲੱਗਣ ਲੱਗ ਪਿਆ ਸੀ ਕਿ ਸਾਰੀਆਂ ਉਮੀਦਾਂ ਖ਼ਤਮ ਹੋ ਚੁੱਕੀਆਂ ਹਨ। ਮੀਂਹ 'ਚ ਅੱਗੇ ਵਧਦੇ ਨੌਜਵਾਨ ਕਾਕਰੋਚ। ਇੱਕ ਜੱਜ ਅਤੇ ਇੱਕ ਤੰਜ ਭਰੇ ਮਜ਼ਾਕ ਦੇ ਅਸੁਵਭਾਵਿਕ ਗਠਜੋੜ ਦੀ ਉਪਜ।

ਕਾਕਰੋਚ ਜਨਤਾ ਪਾਰਟੀ ਦੇ ਪਿੱਛੇ ਅਜਿਹਾ ਕੋਈ ਸੰਗਠਿਤ ਵਿਰੋਧੀ ਦਲ ਖੜ੍ਹਾ ਨਹੀਂ ਹੈ ਜੋ ਇਸ ਅੰਦੋਲਨ ਨੂੰ ਅੱਗੇ ਵਧਾਉਣ ਲਈ ਤਿਆਰ ਬੈਠਾ ਹੋਵੇ।

ਜੋ ਸੁਤੰਤਰ ਤੌਰ 'ਤੇ ਉੱਭਰਿਆ ਜਨਤਕ ਗੁੱਸਾ ਅੱਜ ਨਜ਼ਰ ਆ ਰਿਹਾ ਹੈ, ਉਹ ਉਦੋਂ ਤੱਕ ਹੌਲੀ-ਹੌਲੀ ਖ਼ਤਮ ਹੋ ਜਾਵੇਗਾ ਜਦੋਂ ਤੱਕ ਉਸ ਨੂੰ ਅਸਲ ਸਿਆਸੀ ਦਿਸ਼ਾ ਅਤੇ ਸੰਗਠਨ ਨਹੀਂ ਮਿਲਦਾ। ਜਦੋਂ ਤੱਕ ਵੱਡੇ ਲੋਕ ਅਤੇ ਵਿਰੋਧੀ ਦਲ ਆਪਣੀ ਆਪਸੀ ਹੋੜ ਅਤੇ ਛੋਟੀਆਂ-ਛੋਟੀਆਂ ਸਿਆਸੀ ਲੜਾਈਆਂ ਛੱਡ ਕੇ ਏਕਤਾ ਨਹੀਂ ਦਿਖਾਉਂਦੇ।

ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਜਿਹਾ ਹੋਣਾ ਮੁਸ਼ਕਿਲ ਹੈ। ਇਸ ਲਈ ਉਹ ਬੇਪਰਵਾਹ ਬਣੀ ਹੋਈ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੇ ਸਿਰਫ਼ ਇੰਤਜ਼ਾਰ ਕਰਨਾ ਹੈ। ਸਟੇਟ ਇੰਤਜ਼ਾਰ ਕਰ ਸਕਦੀ ਹੈ, ਪਰ ਜਨਤਾ ਨਹੀਂ।

ਸਲਮਾਨ ਖ਼ਾਨ (ਅਦਾਕਾਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਲਮਾਨ ਖ਼ਾਨ (ਅਦਾਕਾਰ)

ਸਲਮਾਨ ਖ਼ਾਨ (ਅਦਾਕਾਰ)

ਅਦਾਕਾਰ ਸਲਮਾਨ ਖਾਨ ਨੇ ਵੀ ਇਸ ਅੰਦੋਲਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਬਹੁਤ ਸ਼ਾਂਤੀਪੂਰਨ ਸੀ।

"ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਇਸ ਨੇ ਹਿੰਸਕ ਮੋੜ ਲੈ ਲਿਆ। ਜਿਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੌਰਾਨ ਸੱਟਾਂ ਲੱਗੀਆਂ, ਉਨ੍ਹਾਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ।ਪੇਪਰ ਲੀਕ ਹੋਣਾ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ।"

ਉਨ੍ਹਾਂ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੇ ਦੇਸ਼ ਦੇ ਵਿਦਿਆਰਥੀ ਬਿਹਤਰ ਸਿੱਖਿਆ ਪ੍ਰਣਾਲੀ ਦੀ ਮੰਗ ਲਈ ਇਕੱਠੇ ਹੋਏ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਸਲਮਾਨ ਮੁਤਾਬਕ, ਇਹ ਮੁੱਦਾ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਦੇ ਵਿਚਕਾਰ ਹੈ। ਇਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਅੰਦੋਲਨ ਦਾ ਸਿਹਰਾ ਸਿਰਫ਼ ਦੇਸ਼ ਦੇ ਵਿਦਿਆਰਥੀਆਂ ਨੂੰ ਮਿਲਣਾ ਚਾਹੀਦਾ ਹੈ। ਮੈਨੂੰ ਭਰੋਸਾ ਹੈ ਕਿ ਸਰਕਾਰ ਵੀ ਉਨ੍ਹਾਂ ਦੀ ਗੱਲ ਸੁਣੇਗੀ, ਉਨ੍ਹਾਂ ਦਾ ਸਹਿਯੋਗ ਕਰੇਗੀ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕੇਗੀ।

ਅਨੁਪਮ ਖੇਰ (ਅਦਾਕਾਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨੁਪਮ ਖੇਰ (ਅਦਾਕਾਰ)

ਅਨੁਪਮ ਖੇਰ (ਅਦਾਕਾਰ)

ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਉਮੀਦ ਹੁੰਦੇ ਹਨ। ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ, ਸਮਝਿਆ ਜਾਣਾ ਚਾਹੀਦਾ ਹੈ ਅਤੇ ਉਸ ਦਾ ਸਤਿਕਾਰ ਹੋਣਾ ਚਾਹੀਦਾ ਹੈ। ਮੇਰੀ ਸਿਰਫ਼ ਇੱਕ ਬੇਨਤੀ ਹੈ, ਆਪਣੀ ਲੜਾਈ, ਆਪਣਾ ਮੁੱਦਾ ਅਤੇ ਆਪਣੀ ਸੋਚ ਕਿਸੇ ਹੋਰ ਦੇ ਹੱਥਾਂ ਦਾ ਔਜ਼ਾਰ ਨਾ ਬਣਨ ਦਿਓ।

ਉਨ੍ਹਾਂ ਕਿਹਾ ਕਿ ਮੈਂ ਵੀ ਸਿਸਟਮ ਤੋਂ ਸਵਾਲ ਪੁੱਛੇ ਹਨ। ਇਸ ਲਈ ਮੈਂ ਤੁਹਾਡੀ ਬੇਚੈਨੀ ਸਮਝ ਸਕਦਾ ਹਾਂ। ਮੈਂ ਦਿਲੋਂ ਤੁਹਾਡੇ ਨਾਲ ਹਾਂ। ਵੱਡੇ ਭਰਾ ਵਾਂਗ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਡੇ ਅੰਦੋਲਨ ਵਿੱਚ ਸਿਆਸੀ ਮੌਕਾਪ੍ਰਸਤ ਵੜਨ ਲੱਗਦੇ ਹਨ, ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਸ਼ੁਰੂ ਵਿੱਚ ਤੁਹਾਨੂੰ ਲੱਗੇਗਾ ਕਿ ਜਿੰਨੇ ਜ਼ਿਆਦਾ ਲੋਕ ਜੁੜਣਗੇ, ਤੁਹਾਡੀ ਤਾਕਤ ਉੱਨੀ ਹੀ ਵਧੇਗੀ। ਕਈ ਵਾਰ ਇਹੀ ਤਾਕਤ ਤੁਹਾਡੀ ਕਮਜ਼ੋਰੀ ਬਣ ਜਾਂਦੀ ਹੈ।

ਯਾਦ ਰੱਖੋ, ਵਿਦਿਆਰਥੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ। ਤੁਹਾਡੀ ਊਰਜਾ, ਤੁਹਾਡੀ ਇਮਾਨਦਾਰੀ ਅਤੇ ਤੁਹਾਡਾ ਆਦਰਸ਼ਵਾਦ ਹੀ ਤੁਹਾਡੀ ਅਸਲ ਤਾਕਤ ਹੈ। ਇਸ ਨੂੰ ਕਿਸੇ ਦੇ ਹੱਥ ਦਾ ਔਜ਼ਾਰ ਨਾ ਬਣਨ ਦਿਓ।

ਸੀਜੇਪੀ ਦਾ ਪ੍ਰਦਰਸ਼ਨ ਤੇ ਵਾਂਗਚੁਕ ਦੀ ਭੁੱਖ ਹੜਤਾਲ ਅਜੇ ਵੀ ਜਾਰੀ

ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈਕੇ ਕੋਈ ਸਮਝੌਤਾ ਨਹੀਂ ਹੋਵੇਗਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈਕੇ ਕੋਈ ਸਮਝੌਤਾ ਨਹੀਂ ਹੋਵੇਗਾ

ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਪ੍ਰਧਾਨ ਮੰਤਰੀ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਐਕਸ 'ਤੇ ਲਿਖਿਆ, "ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।"

ਜੰਤਰ-ਮੰਤਰ 'ਤੇ ਸੀਜੇਪੀ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈਕੇ ਕੋਈ ਸਮਝੌਤਾ ਨਹੀਂ ਹੋਵੇਗਾ।

ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਕਿਹਾ, "ਮੈਂ ਸੋਨਮ ਵਾਂਗਚੁਕ ਨਾਲ ਕਈ ਵਾਰ ਗੱਲ ਕੀਤੀ। ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਇਸ ਪ੍ਰਦਰਸ਼ਨ ਨੂੰ ਸਹੀ ਤਰੀਕੇ ਨਾਲ ਕਰਨ। ਇਸ ਦੇਸ਼ ਵਿੱਚ ਪਹਿਲਾਂ ਹੋਏ ਪ੍ਰਦਰਸ਼ਨਾਂ ਵਿੱਚ ਸੱਤਾਧਾਰੀ ਦਲ ਵੱਲੋਂ ਸਮਾਜ ਵਿਰੋਧੀ ਤੱਤਾਂ ਦੀ ਘੁਸਪੈਠ ਕਰਵਾਈ ਗਈ ਅਤੇ ਫਿਰ ਦੋਸ਼ ਅੰਦੋਲਨ 'ਤੇ ਮੜ੍ਹ ਦਿੱਤਾ ਗਿਆ। ਅਜਿਹਾ ਨਹੀਂ ਹੋਣਾ ਚਾਹੀਦਾ।"

ਕੇਂਦਰੀ ਮੰਤਰੀ ਜੇ.ਪੀ. ਨੱਡਾ ਦੀ ਪ੍ਰੈਸ ਕਾਨਫ਼ਰੈਂਸ 'ਤੇ ਉਨ੍ਹਾਂ ਨੇ ਕਿਹਾ, "ਲੋਕ ਇੱਥੇ 30 ਦਿਨਾਂ ਤੋਂ ਵੱਧ ਸਮੇਂ ਤੋਂ ਬੈਠੇ ਹਨ ਅਤੇ ਉਹ ਕਹਿ ਰਹੇ ਹਨ ਕਿ ਸਿਆਸਤ ਨਹੀਂ ਹੋਣੀ ਚਾਹੀਦੀ। ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈਕੇ ਕੋਈ ਸਮਝੌਤਾ ਨਹੀਂ ਹੋਵੇਗਾ, ਉਨ੍ਹਾਂ ਨੂੰ ਜਾਣਾ ਹੀ ਪਵੇਗਾ। ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ।"

ਸੀਜੇਪੀ ਦਾ ਪ੍ਰਦਰਸ਼ਨ ਤੇ ਵਾਂਗਚੁਕ ਦੀ ਭੁੱਖ ਹੜਤਾਲ ਅਜੇ ਵੀ ਜਾਰੀ

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਇੱਕ ਪ੍ਰੈਸ ਕਾਨਫ਼ਰੈਂਸ ਕਰਕੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਇਸ ਅੰਦੋਲਨ ਵਿੱਚ ਸਿਆਸੀ ਰੋਟੀਆਂ ਸੇਕ ਰਹੀਆਂ ਹਨ।

ਦੂਜੇ ਪਾਸੇ, ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਹੈ।

ਉਨ੍ਹਾਂ ਬੁੱਧਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਇੱਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਸ਼ਾਂਤੀਪੂਰਨ ਪ੍ਰਦਰਸ਼ਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਐਫ਼ਆਈਆਰ ਦਰਜ ਨਾ ਕਰਨ ਦੀ ਮੰਗ ਕੀਤੀ।

ਹੁਣ ਤੱਕ ਕੀ-ਕੀ ਹੋਇਆ?

ਨੀਟ ਪੇਪਰ ਲੀਕ ਮਾਮਲੇ ਨੂੰ ਲੈਕੇ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਾਲਾ ਵਿਦਿਆਰਥੀਆਂ ਦਾ ਪ੍ਰਦਰਸ਼ਨ ਜੰਤਰ-ਮੰਤਰ 'ਤੇ ਅਜੇ ਵੀ ਜਾਰੀ ਹੈ। ਨਾਲ ਹੀ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਵੀ ਜਾਰੀ ਹੈ।

ਪ੍ਰਦਰਸ਼ਨਕਾਰੀ ਨੀਟ-ਯੂਜੀ ਪੇਪਰ ਵਿੱਚ ਬੇਨਿਯਮੀਆਂ ਨੂੰ ਲੈਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

6 ਜੂਨ ਨੂੰ ਅਭਿਜੀਤ ਦੀਪਕੇ ਦੇ ਭਾਰਤ ਵਾਪਸ ਆਉਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਤੇਜ਼ ਕਰ ਦਿੱਤਾ ਸੀ।

ਉਹ 20 ਜੂਨ ਤੋਂ ਜੰਤਰ-ਮੰਤਰ 'ਤੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ, ਜਿਸ ਨੂੰ ਸੀਪੀਆਈ ਦੇ ਵਿਦਿਆਰਥੀ ਸੰਗਠਨ ਆਇਸਾ ਨੇ ਸਮਰਥਨ ਦਿੱਤਾ।

28 ਜੂਨ ਨੂੰ ਇਸ ਧਰਨੇ ਵਿੱਚ ਸੋਨਮ ਵਾਂਗਚੁਕ ਨੇ ਵੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਕੁਝ ਸਿਆਸੀ ਧਿਰਾਂ ਨੇ ਵੀ ਇਸ ਧਰਨੇ ਦੀ ਹਿਮਾਇਤ ਕੀਤੀ।

ਸੋਮਵਾਰ, 20 ਜੁਲਾਈ ਨੂੰ 'ਸੰਸਦ ਮਾਰਚ' ਦੌਰਾਨ ਸੀਜੇਪੀ ਸਮਰਥਕਾਂ ਨੂੰ ਪੁਲਿਸ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ।

21 ਜੁਲਾਈ ਨੂੰ ਰਾਹੁਲ ਗਾਂਧੀ ਸਣੇ ਹੋਰ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਰਿਹਾਇਸ਼ ਬਾਹਰ ਧਰਨਾ ਦਿੱਤਾ, ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਫਿਰ ਛੱਡ ਦਿੱਤਾ ਗਿਆ।

ਇਸ ਸਭ ਦੇ ਦੌਰਾਨ, ਭਾਜਪਾ ਦਾ ਕਹਿਣਾ ਹੈ ਕਿ ਉਹ ਨੀਟ ਪੇਪਰ ਲੀਕ ਮਾਮਲੇ 'ਤੇ ਸੰਸਦ ਵਿੱਚ ਚਰਚਾ 'ਤੇ ਤਿਆਰ ਹਨ। 22 ਜੁਲਾਈ ਨੂੰ ਬੀਜੇਪੀ ਆਗੂ ਜੇਪੀ ਨੱਡਾ ਨੇ ਸਿਆਸੀ ਧਿਰਾਂ ਉੱਤੇ ਵਿਦਿਆਰਥੀਆਂ ਦੇ ਮੁੱਦੇ ਉੱਤੇ ਸਿਆਸਤ ਕਰਨ ਦੇ ਇਲਜ਼ਾਮ ਲਾਏ।

23 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਪੇਪਰ ਲੀਕ ਮਾਮਲਿਆਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣ ਲਈ ਫਾਸਟ ਟ੍ਰੈਕ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)