ਦਿੱਲੀ ਪ੍ਰਦਰਸ਼ਨ: ਗੁਰਦੁਆਰਾ ਬੰਗਲਾ ਸਾਹਿਬ ਅੰਦਰ ਪੁਲਿਸ ਦਾਖ਼ਲ ਹੋਈ, ਕਾਲਕਾ ਬੋਲੇ- ਗੁਰੂ ਘਰ ਅੰਦਰ ਪ੍ਰਦਰਸ਼ਨ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ

ਤਸਵੀਰ ਸਰੋਤ, Getty Images/Harmeet Singh Kalka/X
ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰਦਰਸ਼ਨ ਹੋਏ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਪੁਲਿਸ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗੁਰੂ ਘਰ ਦੇ ਅੰਦਰੋਂ ਬਾਹਰ ਕੱਢਦੀ ਹੋਈ ਦਿਖਾਈ ਦਿੱਤੀ।
ਗੁਰਦੁਆਰਾ ਬੰਗਲਾ ਸਾਹਿਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਨਿੰਦਾ ਕੀਤੀ ਗਈ ਹੈ। ਜਗਦੀਪ ਸਿੰਘ ਕਾਹਲੋਂ ਨੇ ਕਿਹਾ, "ਗੁਰਦੁਆਰੇ ਅੰਦਰ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ, ਗੁਰੂ ਘਰ ਪ੍ਰਦਰਸ਼ਨ ਦੀ ਥਾਂ ਨਹੀਂ ਹੈ, ਕੋਈ ਵੀ ਸਿਆਸੀ ਪਾਰਟੀ ਹੋਵੇ ਜਾਂ ਕੋਈ ਹੋਰ ਹੋਵੇ, ਕਿਸੇ ਨੂੰ ਵੀ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ। ਜੇ ਪ੍ਰਦਰਸ਼ਨ ਕਰਨਾ ਹੈ ਤਾਂ ਬਾਹਰ ਰਹਿ ਕੇ ਕਰੋ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਖਤ ਚੇਤਾਵਨੀ ਹੈ ਕਿ ਗੁਰੂ ਘਰ ਦੇ ਨਾਂਅ ਉੱਤੇ ਸਿਆਸਤ ਨਾ ਕਰਨ।"

ਤਸਵੀਰ ਸਰੋਤ, Jagdeep Singh Kahlon
ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਪ੍ਰਦਰਸ਼ਨਕਾਰੀਆਂ ਦੇ ਦਾਖਲ ਹੋਣ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਬਾਹਰ ਕੱਢਣ ਨੂੰ ਲੈਕੇ ਚੁੱਕੇ ਜਾ ਰਹੇ ਸਵਾਲਾਂ ਉੱਤੇ ਪ੍ਰਤੀਕਿਰਿਆ ਦਿੱਤੀ ਗਈ।
ਹਰਮੀਤ ਸਿੰਘ ਕਾਲਕਾ ਨੇ ਕਿਹਾ, "ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਦਰਸ਼ਨਕਾਰੀਆਂ ਵੱਲੋਂ ਜਬਰਨ ਐਂਟਰੀ ਕੀਤੀ ਗਈ, ਜਦੋਂ ਗੁਰੂ ਘਰ ਦੇ ਸਟਾਫ ਵੱਲੋਂ ਰੋਕਣ ਦੀ ਕੋਸ਼ਿਸ਼ ਹੋਈ ਤਾਂ ਉਨ੍ਹਾਂ ਵੱਲੋਂ ਗੁਰੂ ਘਰ ਦੇ ਅੰਦਰ ਨਾਅਰੇਬਾਜ਼ੀ ਕੀਤੀ ਗਈ। ਜਦੋਂ ਇਨ੍ਹਾਂ ਨੂੰ ਕੱਢਣ ਲਈ ਪੁਲਿਸ ਗੁਰੂ ਘਰ ਦੇ ਅੰਦਰ ਗਈ ਤਾਂ ਕੁਝ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਘਰ ਦੇ ਅੰਦਰ ਪੁਲਿਸ ਨੂੰ ਐਂਟਰ ਹੋਣ ਦੇ ਦਿੱਤਾ ਗਿਆ।"
ਕਾਲਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਘਰ ਦੇ ਅੰਦਰ ਪ੍ਰਦਰਸ਼ਨ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਇਸ ਮੁੱਦੇ ਉੱਤੇ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਤਸਵੀਰ ਸਰੋਤ, Harmeet Singh Kalka/X
ਦਰਅਸਲ ਸ਼ਨੀਵਾਰ ਨੂੰ, ਪੁਲਿਸ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ, ਜੋ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ।
ਪ੍ਰਦਰਸ਼ਨਕਾਰੀਆਂ ਦੇ ਅਨੁਸਾਰ, ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਬਹੁਤ ਸਾਰੇ ਲੋਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਠਹਿਰੇ ਹੋਏ ਸਨ। ਉੱਥੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਸ਼ਨੀਵਾਰ ਸਵੇਰ ਤੱਕ, ਲਗਭਗ 600 ਪ੍ਰਦਰਸ਼ਨਕਾਰੀ ਗੁਰਦੁਆਰੇ ਵਿੱਚ ਮੌਜੂਦ ਸਨ, ਜਿਨ੍ਹਾਂ ਵਿੱਚੋਂ ਲਗਭਗ 300 ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਤਸਵੀਰ ਸਰੋਤ, Jarnail Singh/fb
ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਸਵਾਲ ਚੁੱਕਦਿਆਂ ਡੀਐੱਸਜੀਐੱਮਸੀ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਸੀ। ਜਰਨੈਲ ਸਿੰਘ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਮੁਲਜ਼ਮ ਬੂਟ ਪਾ ਕੇ ਅਤੇ ਸੋਟੀਆਂ ਲੈਕੇ ਗੁਰੂ ਘਰ ਅੰਦਰ ਦਾਖਲ ਹੋਏ।
ਆਪ ਵਿਧਾਇਕ ਜਰਨੈਲ ਸਿੰਘ ਨੇ ਇਲਜ਼ਾਮ ਲਗਾਏ ਕਿ ਗੁਰੂ ਧਾਮਾਂ ਵਿੱਚ ਬੈਠੇ ਪ੍ਰਬੰਧਕ ਸੱਤਾ ਅੱਗੇ ਝੁਕ ਰਹੇ ਹਨ ਅਤੇ ਇਹ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਹੈ।
ਗੁਰਦੁਆਰੇ ਵਿੱਚ ਐਂਟਰੀ ਨੂੰ ਲੈ ਕੇ ਦਿੱਲੀ ਪੁਲਿਸ ਦਾ ਸਪੱਸ਼ਟੀਕਰਨ
ਉਧਰ ਗੁਰਦੁਆਰੇ ਅੰਦਰ ਬੂਟ ਪਾ ਕੇ ਦਾਖਲ ਹੋਏ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ।
ਦਿੱਲੀ ਪੁਲਿਸ ਦੇ ਅਧਿਕਾਰਤ ਐਕਸ ਹੈਂਡਲ ਉੱਤੇ ਪਾਈ ਪੋਸਟ ਮੁਤਾਬਕ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਇਸ ਵੀਡੀਓ ਵਿੱਚ ਕੁਝ ਪੁਲਿਸ ਮੁਲਾਜ਼ਮ ਸਾਂਝੇ ਰਸਤੇ 'ਤੇ ਚੱਲਦੇ ਦਿਖਾਈ ਦੇ ਰਹੇ ਹਨ। ਇਸ ਰਸਤੇ ਦੀ ਵਰਤੋਂ ਸਾਰੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਉਤਾਰਨ ਵਾਲੀ ਥਾਂ ਤੱਕ ਪਹੁੰਚਣ ਲਈ ਕਰਦੇ ਹਨ।
ਦਿੱਲੀ ਪੁਲਿਸ ਨੇ ਕਿਹਾ ਕਿ ਇਸ ਵੀਡੀਓ ਨੂੰ ਜਾਣਬੁੱਝ ਕੇ ਗ਼ਲਤ ਮਨਸ਼ਾ ਨਾਲ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਜੋ ਇੱਕ ਸਤਿਕਾਰਯੋਗ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਸਕੇ ਅਤੇ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਹੋਵੇ।
ਦਿੱਲੀ ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਦਿੱਲੀ ਵਿੱਚ ਕੀ-ਕੀ ਹੋਇਆ ?
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਕਾਕਰੋਚ ਜਨਤਾ ਪਾਰਟੀ ਵੱਲੋਂ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਉੱਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਦਿੱਲੀ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ।
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਮੁੱਖ ਆਗੂ ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਦਿੱਲੀ ਏਅਰਪੋਰਟ ਉੱਤੇ ਲੈਂਡ ਹੁੰਦਿਆਂ ਹੀ ਫਲਾਈਟ ਦੇ ਅੰਦਰੋਂ ਹੀ ਹਿਰਾਸਤ ਵਿੱਚ ਲੈ ਲਿਆ।
ਦਿਨ ਭਰ ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਥਾਂ-ਥਾਂ ਉੱਤੇ ਰੋਕ ਕੇ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਖਿੱਚ-ਧੂਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
ਕਾਕਰੋਚ ਜਨਤਾ ਪਾਰਟੀ ਦਾ ਅਗਲਾ ਐਲਾਨ ਕੀ ?

ਤਸਵੀਰ ਸਰੋਤ, ANI
ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਅਤੇ ਐੱਸਐੱਫ਼ਆਈ ਸਮੇਤ ਕਈ ਵਿਦਿਆਰਥੀ ਜਥੇਬੰਦੀਆਂ ਨੇ ਐੱਚਕੇਐੱਸ ਸੁਰਜੀਤ ਭਵਨ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।
ਸੀਜੇਪੀ ਆਗੂ ਅਜਿੰਕਿਆ ਸ਼ਿੰਦੇ ਨੇ ਐਲਾਨ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਏ ਜਾਣ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਮਾਰਚ ਕੱਢਿਆ ਜਾਵੇਗਾ।
ਉਨ੍ਹਾਂ ਨੇ ਅਭਿਜੀਤ ਦੀਪਕੇ ਅਤੇ ਹੋਰ ਲੋਕਾਂ ਨਾਲ ਦਿੱਲੀ ਪੁਲਿਸ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ ਵਿਹਾਰ ਦੀ ਵੀ ਆਲੋਚਨਾ ਕੀਤੀ।
ਐੱਸਐੱਫ਼ਆਈ ਦੇ ਜਨਰਲ ਸਕੱਤਰ ਸ੍ਰਿਜਨ ਭੱਟਾਚਾਰੀਆ ਨੇ ਸਰਕਾਰ ਵਿਰੁੱਧ ਵਿਆਪਕ ਏਕਤਾ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਐਤਵਾਰ ਤੋਂ ਵਿਦਿਆਰਥੀ ਅੰਦੋਲਨ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਪੁਲਿਸ ਜਿੱਥੇ ਵੀ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕੇਗੀ, ਉਹੀ ਥਾਂ ਉਨ੍ਹਾਂ ਲਈ ਜੰਤਰ-ਮੰਤਰ ਬਣ ਜਾਵੇਗੀ।
ਪ੍ਰੈੱਸ ਕਾਨਫਰੰਸ ਵਿੱਚ ਕਈ ਹੋਰ ਵਿਦਿਆਰਥੀ ਅਤੇ ਨੌਜਵਾਨ ਆਗੂਆਂ ਨੇ ਵੀ ਹਿੱਸਾ ਲਿਆ।

ਤਸਵੀਰ ਸਰੋਤ, Abhishek Chinnappa/Getty Images
ਅਭਿਜੀਤ ਦੀਪਕੇ ਜਦੋਂ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਸਨ ਤਾਂ ਇਸ ਵਿਚਾਲੇ ਖ਼ਬਰ ਆਈ ਕਿ ਉਨ੍ਹਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ।
ਦਿੱਲੀ ਪੁਲਿਸ ਮੁਤਾਬਕ, "ਅਭਿਜੀਤ ਦੀਪਕੇ ਨੂੰ ਉਨ੍ਹਾਂ ਦੀ ਦਾਦੀ ਦੇ ਦੇਹਾਂਤ ਦੀ ਸੂਚਨਾ ਤੁਰੰਤ ਅਤੇ ਪੂਰੀ ਸੰਵੇਦਨਸ਼ੀਲਤਾ ਨਾਲ ਦੇ ਦਿੱਤੀ ਗਈ ਸੀ।"
ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਹਿਰਾਸਤ ਵਿੱਚ ਹੋਣ ਕਾਰਨ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਉਨ੍ਹਾਂ ਦੀ ਦਾਦੀ ਦੇ ਦੇਹਾਂਤ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅੰਤਿਮ ਸਸਕਾਰ ਦੇ ਤੈਅ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਪੁਲਿਸ ਦੇ ਬਿਆਨ ਅਨੁਸਾਰ, ਮਨੁੱਖੀ ਆਧਾਰ 'ਤੇ ਅਭਿਜੀਤ ਦੀਪਕੇ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਜਾਣ ਵਿੱਚ ਮਦਦ ਕਰਨ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਅਭਿਜੀਤ ਦੀਪਕੇ ਦੀ ਦਾਦੀ ਸਾਵਿਤਰੀਬਾਈ ਸ਼ੰਕਰ ਦੀਪਕੇ ਦਾ ਸ਼ਨੀਵਾਰ ਨੂੰ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਦੇਹਾਂਤ ਹਿੰਗੋਲੀ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਸੰਤੁਕ ਪਿੰਪਰੀ ਵਿੱਚ ਹੋਇਆ।
ਸ਼ਨੀਵਾਰ ਸ਼ਾਮ ਨੂੰ ਸੀਜੇਪੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ, "ਅਭਿਜੀਤ ਦੀਪਕੇ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ, ਪਰ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁਖਦਾਈ ਖ਼ਬਰ ਉਨ੍ਹਾਂ ਤੱਕ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।"
ਸੀਜੇਪੀ ਨੇ ਅਭਿਜੀਤ ਦੀਪਕੇ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਤਸਵੀਰਾਂ ਵਿੱਚ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ

ਤਸਵੀਰ ਸਰੋਤ, Arun SANKAR / AFP via Getty Images

ਤਸਵੀਰ ਸਰੋਤ, Ritesh Shukla/Getty Images

ਤਸਵੀਰ ਸਰੋਤ, Ritesh Shukla/Getty Images

ਤਸਵੀਰ ਸਰੋਤ, Arun SANKAR / AFP via Getty Images



ਤਸਵੀਰ ਸਰੋਤ, ANI

ਦਿੱਲੀ ਵਿੱਚ ਪੁਲਿਸ ਕਾਰਵਾਈ 'ਤੇ ਪ੍ਰਿਅੰਕਾ ਗਾਂਧੀ ਬੋਲੇ, 'ਹੁਣ ਲੋਕਤੰਤਰ ਨਹੀਂ ਰਿਹਾ'

ਤਸਵੀਰ ਸਰੋਤ, ANI
ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਕਾਰਵਾਈ ਨੂੰ ਲੈਕੇ ਪ੍ਰਿਅੰਕਾ ਗਾਂਧੀ ਦਾ ਵੀ ਪ੍ਰਤੀਕਰਮ ਆਇਆ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਪਹਿਲਾਂ 254 ਸੰਸਦ ਮੈਂਬਰਾਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ। ਇਸ ਨਾਲ ਉਨ੍ਹਾਂ ਦੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੋਈ। ਵਿਰੋਧੀ ਪਾਰਟੀਆਂ ਦੇ ਹੋਰ ਪ੍ਰਦਰਸ਼ਨਕਾਰੀਆਂ ਨਾਲ ਵੀ ਅਜਿਹਾ ਹੀ ਵਤੀਰਾ ਕੀਤਾ ਗਿਆ।"
ਉਨ੍ਹਾਂ ਅੱਗੇ ਲਿਖਿਆ, "ਫਿਰ ਰਾਸ਼ਟਰੀ ਰਾਜਧਾਨੀ ਨੂੰ ਚਾਰੇ ਪਾਸਿਓਂ ਘੇਰ ਕੇ ਅਤੇ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਗਿਆ। ਰੇਲ ਗੱਡੀਆਂ ਅਤੇ ਮੈਟਰੋ ਸੇਵਾਵਾਂ ਰੋਕ ਦਿੱਤੀਆਂ ਗਈਆਂ, ਇੰਟਰਨੈੱਟ ਬੰਦ ਕਰ ਦਿੱਤਾ ਗਿਆ ਅਤੇ ਥਾਂ-ਥਾਂ ਚੈੱਕ ਪੋਸਟਾਂ ਲਗਾ ਦਿੱਤੀਆਂ ਗਈਆਂ। ਆਪਣੇ ਸੰਵਿਧਾਨਕ ਅਧਿਕਾਰ ਤਹਿਤ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ, ਔਰਤਾਂ ਅਤੇ ਮਰਦਾਂ ਨੂੰ ਹਿਰਾਸਤ ਵਿੱਚ ਲਿਆ ਗਿਆ।"
ਉਨ੍ਹਾਂ ਸਵਾਲ ਕੀਤਾ, "ਜੇ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਚੋਣਾਂ ਵਿੱਚ ਧਾਂਦਲੀ ਕੀਤੀ ਗਈ ਹੈ ਅਤੇ ਸਰਕਾਰ ਇਸ ਗੱਲ ਤੋਂ ਡਰੀ ਹੋਈ ਹੈ ਕਿ ਉਸ ਦੀ ਜਾਇਜ਼ਤਾ 'ਤੇ ਸਵਾਲ ਉੱਠ ਰਹੇ ਹਨ ਅਤੇ ਉਸ ਤੋਂ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਫਿਰ ਹੋਰ ਕੀ ਹੈ?"
ਪ੍ਰਿਅੰਕਾ ਗਾਂਧੀ ਨੇ ਇਲਜ਼ਾਮ ਲਾਇਆ, "ਭਾਰਤ ਵਿੱਚ ਹੁਣ ਲੋਕਤੰਤਰ ਨਹੀਂ ਰਿਹਾ ਹੈ।"
ਪ੍ਰਦਰਸ਼ਨਾਂ ਵਿਚਾਲੇ ਭਾਜਪਾ ਦਾ ਸੀਜੇਪੀ ਅਤੇ ਵਿਰੋਧੀ ਲੀਡਰਾਂ ਉੱਤੇ ਨਿਸ਼ਾਨਾ

ਤਸਵੀਰ ਸਰੋਤ, Bharatiya Janata Party
ਦਿੱਲੀ ਵਿੱਚ ਜਾਰੀ ਪ੍ਰਦਰਸ਼ਨਾਂ ਵਿਚਾਲੇ ਭਾਜਪਾ ਨੇ ਵਿਰੋਧੀ ਧਿਰ ਦੇ ਆਗੂਆਂ ਅਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੂੰ ਨਿਸ਼ਾਨਾ ਬਣਾਇਆ ਹੈ।
ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ, "ਅਸੀਂ ਪ੍ਰਦਰਸ਼ਨਾਂ ਦੇ ਖ਼ਿਲਾਫ਼ ਨਹੀਂ ਹਾਂ ਪਰ ਇਨ੍ਹਾਂ ਲੋਕਾਂ ਨੇ ਆਪਣੀ ਹਾਰ ਕਾਰਨ ਸੜਕਾਂ 'ਤੇ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਇੱਕ ਹਥਿਆਰ ਬਣਾ ਲਿਆ ਹੈ। ਇਸ ਵਿੱਚ ਵੀ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।"
ਉਨ੍ਹਾਂ ਕਿਹਾ, "ਪਹਿਲਾਂ ਤਿੰਨ ਦਿਨ ਰਾਹੁਲ ਗਾਂਧੀ ਰਹੇ। ਫਿਰ ਉਹ ਚਲੇ ਗਏ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ 'ਸ਼ੈਡੋ ਬਾਕਸਿੰਗ' ਕਰਨ ਵਾਲੀ ਸੀਜੇਪੀ ਆ ਗਈ। ਸੀਜੇਪੀ ਆਮ ਆਦਮੀ ਪਾਰਟੀ ਦੀ ਸ਼ੈਡੋ ਬਾਕਸਿੰਗ ਕਰਦੀ ਹੈ।"
ਉਨ੍ਹਾਂ ਅੱਗੇ ਕਿਹਾ, "ਸਵੇਰ ਤੋਂ ਹੀ ਉਨ੍ਹਾਂ (ਸੀਜੇਪੀ) ਦਾ ਨਾਟਕ ਚੱਲ ਰਿਹਾ ਸੀ। ਬਾਅਦ ਵਿੱਚ ਅਰਵਿੰਦ ਕੇਜਰੀਵਾਲ ਅਤੇ ਹੋਰ ਲੋਕ ਵੀ ਆ ਗਏ। ਫਿਰ ਮਮਤਾ ਜੀ ਨੇ ਸੋਚਿਆ ਕਿ ਅਸੀਂ ਪਿੱਛੇ ਕਿਉਂ ਰਹੀਏ, ਤਾਂ ਉਹ ਵੀ ਆ ਗਏ। ਇਸ ਤੋਂ ਬਾਅਦ ਸੀਪੀਆਈ ਅਤੇ ਸੀਪੀਐਮ ਦੇ ਆਗੂ ਵੀ ਆ ਗਏ।"

ਦਿੱਲੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਤੋਂ ਦੂਰ ਰਹੇ ਰਾਹੁਲ ਗਾਂਧੀ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕੀ ਕਿਹਾ?

ਤਸਵੀਰ ਸਰੋਤ, Rahul Gandhi/FB
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਦੇ ਸੱਦੇ ਤੋਂ ਬਾਅਦ ਅਭਿਜੀਤ ਦੀਪਕੇ, ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਕਈ ਵਿਰੋਧੀ ਆਗੂਆਂ ਸਮੇਤ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜੰਤਰ-ਮੰਤਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਰਫ਼ਿਊ ਲਾਗੂ ਹੈ ਅਤੇ ਪੁਲਿਸ ਅਤੇ ਹੋਰ ਅਰਧ ਸੈਨਿਕ ਬਲਾਂ ਨੂੰ ਵੱਡੇ ਪੱਧਰ 'ਤੇ ਤਾਇਨਾਤ ਕੀਤਾ ਗਿਆ ਹੈ।
ਕੁਝ ਇਲਾਕਿਆਂ ਵਿੱਚ ਹਿੰਸਾ ਦੀਆਂ ਰਿਪੋਰਟਾਂ ਵੀ ਹਨ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਲਿਸ ਬਿਆਨ ਨਹੀਂ ਆਇਆ ਹੈ।
ਇਸ ਦੌਰਾਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਵਿਰੋਧ ਪ੍ਰਦਰਸ਼ਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ ।
ਉਨ੍ਹਾਂ ਕਿਹਾ, "ਮੈਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਨਰਿੰਦਰ ਮੋਦੀ, ਆਰਐੱਸਐੱਸ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਵਿਰੁੱਧ ਲੜ ਰਿਹਾ ਹਾਂ। ਮੈਂ ਆਪਣੇ ਵਿਰੋਧੀਆਂ ਨੂੰ ਉਸੇ ਤਰ੍ਹਾਂ ਸਮਝਦਾ ਹਾਂ ਜਿਵੇਂ ਕੋਈ ਵੀ ਆਪਣੇ ਵਿਰੋਧੀ ਨੂੰ ਸਮਝਦਾ ਹੈ। ਮੈਂ ਉਨ੍ਹਾਂ ਨੂੰ ਅੰਦਰੋਂ ਜਾਣਦਾ ਹਾਂ, ਮੈਂ ਉਨ੍ਹਾਂ ਦੀ ਹਰ ਹਰਕਤ ਤੋਂ ਜਾਣੂ ਹਾਂ। ਇਨ੍ਹਾਂ ਲੋਕਾਂ ਦੀ ਸਭ ਤੋਂ ਵੱਡੀ ਪਛਾਣ ਕਾਇਰਤਾ ਹੈ।"
"ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਗਿਆਨੇਸ਼ ਕੁਮਾਰ, ਅਜੀਤ ਡੋਵਾਲ, ਇਸ ਕਹਾਣੀ ਦੇ ਖਲਨਾਇਕ, ਹੁਣ ਹੌਲੀ-ਹੌਲੀ ਖੂੰਜੇ ਲੱਗ ਰਹੇ ਹਨ। ਉਨ੍ਹਾਂ ਦੇ ਆਲੇ-ਦੁਆਲੇ ਦਾ ਘੇਰਾ ਸੁੰਗੜਦਾ ਜਾ ਰਿਹਾ ਹੈ।"
ਪ੍ਰਦਰਸ਼ਨਕਾਰੀਆਂ ਦੀ ਵੱਡੇ ਪੱਧਰ 'ਤੇ ਹਿਰਾਸਤ ਬਾਰੇ, ਉਨ੍ਹਾਂ ਕਿਹਾ, "ਤੁਸੀਂ ਜੋ ਚਾਹੋ ਕਰੋ। ਜਿੰਨੀ ਮਰਜ਼ੀ ਪੁਲਿਸ ਬੁਲਾਓ - 10,000, 20,000, 50,000। ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰੋ। ਸਾਰੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰੋ। ਸਾਨੂੰ ਸਾਰਿਆਂ ਨੂੰ ਗ੍ਰਿਫ਼ਤਾਰ ਕਰੋ। ਘਬਰਾਓ ਨਾ - ਅਸੀਂ ਤੁਹਾਨੂੰ ਹਰ ਪਾਸਿਓਂ ਘੇਰ ਰਹੇ ਹਾਂ, ਅਤੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਹਾਂ।"
"ਮੇਰੇ ਸ਼ਬਦ ਯਾਦ ਰੱਖੋ, ਸਾਡੇ ਕੋਲ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਹੈ। ਅਸੀਂ ਆਪਣੇ ਸੰਵਿਧਾਨ ਦੀ ਰੱਖਿਆ ਕਰਾਂਗੇ। ਅਸੀਂ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਰੱਖਿਆ ਕਰਾਂਗੇ। ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪਿਛਲੇ 10-15 ਸਾਲਾਂ ਵਿੱਚ ਭਾਰਤ ਨਾਲ ਜੋ ਹੋਇਆ ਹੈ, ਉਹ ਕਿਸੇ ਵੀ ਹਾਲਾਤ ਵਿੱਚ ਦੁਬਾਰਾ ਕਦੇ ਨਾ ਵਾਪਰੇ।"
ਉਨ੍ਹਾਂ ਕਿਹਾ, "ਭਾਰਤ ਦੇ ਨੌਜਵਾਨੋ, ਮੈਨੂੰ ਤੁਹਾਡੇ 'ਤੇ ਮਾਣ ਹੈ। ਆਪਣਾ ਵਿਰੋਧ ਜਾਰੀ ਰੱਖੋ। ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਸ ਸਰਕਾਰ ਅਤੇ ਸਾਡੇ ਸੰਵਿਧਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਹਰਾਇਆ ਜਾਵੇ।"
ਸੋਨਮ ਵਾਂਗਚੁਕ ਨੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ, ਭੁੱਖ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ

ਤਸਵੀਰ ਸਰੋਤ, ani
ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਸਰਕਾਰ ਤੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਉਨ੍ਹਾਂ ਨੇ ਵੀਡੀਓ ਵਿੱਚ ਕਿਹਾ , "ਜਦੋਂ ਮੈਂ ਕੁਝ ਸਮਾਂ ਪਹਿਲਾਂ ਵਾਪਸ ਆਇਆ ਸੀ, ਤਾਂ ਮੈਨੂੰ ਪਤਾ ਲੱਗਾ ਕਿ ਅੱਜ ਦਿੱਲੀ ਵਿੱਚ ਵਿਦਿਆਰਥੀ ਆਗੂਆਂ, ਯੁਵਾ ਆਗੂਆਂ, ਵਕੀਲਾਂ, ਪੱਤਰਕਾਰਾਂ, ਇੱਥੋਂ ਤੱਕ ਕਿ ਸੰਸਦ ਮੈਂਬਰਾਂ ਦੀਆਂ ਵੀ ਬਹੁਤ ਸਾਰੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।"
ਉਨ੍ਹਾਂ ਕਿਹਾ, "ਕੱਲ੍ਹ ਉਨ੍ਹਾਂ ਨੂੰ ਲੱਗਦਾ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਹੋਵੇਗੀ। ਪਰ ਹੁਣ ਅਜਿਹਾ ਲੱਗਦਾ ਹੈ ਜਿਵੇਂ ਦੇਸ਼ ਭਰ ਵਿੱਚ ਇੱਕ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਗਈ ਹੈ।"
ਉਨ੍ਹਾਂ ਨੇ ਸਰਕਾਰ ਨੂੰ ਕਿਹਾ, "ਜੇਕਰ ਅਗਲੇ 24 ਘੰਟਿਆਂ ਵਿੱਚ ਗ੍ਰਿਫ਼ਤਾਰੀਆਂ ਵਾਪਸ ਨਹੀਂ ਲਈਆਂ ਗਈਆਂ, ਤਾਂ ਮੈਂ ਵੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ 'ਤੇ ਵਿਚਾਰ ਕਰਨ ਲਈ ਮਜਬੂਰ ਹੋਵਾਂਗਾ।"
ਉਨ੍ਹਾਂ ਨੇ ਕਿਹਾ ਕਿ ਉਹ ਧਰਨਾ, ਵਰਤ ਜਾਂ ਪਦਯਾਤਰਾ ਵਰਗਾ ਕੁਝ ਵੀ ਕਰ ਸਕਦੇ ਹਨ ਅਤੇ ਇਹ ਦਿੱਲੀ ਜਾਂ ਲੇਹ ਵਿੱਚ ਕਿਤੇ ਵੀ ਹੋ ਸਕਦਾ ਹੈ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਵਕੀਲਾਂ ਨੂੰ ਉਨ੍ਹਾਂ ਦੇ ਚੈਂਬਰਾਂ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਆਲੋਚਨਾ ਕੀਤੀ

ਤਸਵੀਰ ਸਰੋਤ, ani
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਰਾਏ ਨੇ X 'ਤੇ ਸੁਪਰੀਮ ਕੋਰਟ ਦੇ ਵਕੀਲਾਂ ਦੀ ਨਜ਼ਰਬੰਦੀ ਦੀ ਆਲੋਚਨਾ ਕਰਦੇ ਹੋਏ ਪੋਸਟ ਕੀਤਾ ਹੈ।
ਉਨ੍ਹਾਂ ਇੰਸਟਾਗ੍ਰਾਮ 'ਤੇ ਪੋਸਟ ਕੀਤਾ , "ਸੁਪਰੀਮ ਕੋਰਟ ਦੇ ਵਕੀਲਾਂ ਨੂੰ ਉਨ੍ਹਾਂ ਦੇ ਚੈਂਬਰਾਂ ਤੋਂ ਹਿਰਾਸਤ ਵਿੱਚ ਲੈਣਾ ਬਹੁਤ ਚਿੰਤਾਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਹੈ। ਅਸੀਂ ਇਸ ਮਾਮਲੇ ਨੂੰ ਤੁਰੰਤ ਭਾਰਤ ਦੇ ਚੀਫ਼ ਜਸਟਿਸ ਕੋਲ ਉਠਾ ਰਹੇ ਹਾਂ।"
ਉਨ੍ਹਾਂ ਕਿਹਾ ਕਿ ਵਕੀਲਾਂ ਦੀ ਮਨਮਾਨੀ ਹਿਰਾਸਤ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰਦੀਪ ਰਾਏ ਨੇ ਹਿਰਾਸਤ ਵਿੱਚ ਲਏ ਗਏ ਸਾਰੇ ਵਕੀਲਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ, ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਨੇੜੇ ਕਈ ਵਕੀਲਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਸੁਪਰੀਮ ਕੋਰਟ ਦੀ ਐਡਵੋਕੇਟ-ਆਨ-ਰਿਕਾਰਡ (AOR) ਸੁਮਿਤਾ ਹਜ਼ਾਰਿਕਾ ਵੀ ਸ਼ਾਮਲ ਸੀ।
ਜੰਤਰ-ਮੰਤਰ 'ਤੇ ਹੋਏ ਵਿਰੋਧ ਪ੍ਰਦਰਸ਼ਨ ਬਾਰੇ ਸੀਜੇਪੀ ਨੇ ਆਪਣੀ ਤਾਜ਼ਾ ਵੀਡੀਓ ਵਿੱਚ ਕੀ ਕਿਹਾ?

ਤਸਵੀਰ ਸਰੋਤ, ani

ਤਸਵੀਰ ਸਰੋਤ, ani
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਜੰਤਰ-ਮੰਤਰ ਪਹੁੰਚਣ ਦੀ ਅਪੀਲ ਕੀਤੀ ਹੈ।
ਵੀਡੀਓ ਵਿੱਚ, ਸੀਜੇਪੀ ਦੇ ਨਵੇਂ ਨਾਮਜ਼ਦ ਨੇਤਾ ਅਜਿੰਕਿਆ ਸ਼ਿੰਦੇ ਨੇ ਕਿਹਾ , "ਜੇਕਰ ਦਿੱਲੀ ਪੁਲਿਸ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਜਗ੍ਹਾ ਜਿੱਥੇ ਤੁਹਾਨੂੰ ਰੋਕਿਆ ਗਿਆ ਹੈ, ਤੁਹਾਡਾ ਜੰਤਰ-ਮੰਤਰ ਬਣ ਜਾਵੇਗਾ।"
ਇਹ ਅਪੀਲ ਸਮਾਜਿਕ ਕਾਰਕੁਨ ਨੇਹਾ ਬੋਰਾ ਦੀ ਅਪੀਲ ਤੋਂ ਬਾਅਦ ਆਈ ਹੈ ਜਿਸ ਵਿੱਚ ਉਸਨੇ ਲੋਕਾਂ ਨੂੰ ਕਿਹਾ ਸੀ ਕਿ ਜਿੱਥੇ ਵੀ ਉਨ੍ਹਾਂ ਨੂੰ ਰੋਕਿਆ ਜਾਵੇ, ਉੱਥੇ ਵਿਰੋਧ ਪ੍ਰਦਰਸ਼ਨ ਕਰਨ।
ਅਜਿਹੀ ਸਥਿਤੀ ਵਿੱਚ, ਸੰਭਾਵਨਾ ਹੈ ਕਿ ਜੰਤਰ-ਮੰਤਰ 'ਤੇ ਵੱਡੇ ਪ੍ਰਦਰਸ਼ਨ ਦੀ ਬਜਾਏ, ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਰੋਧ ਪ੍ਰਦਰਸ਼ਨ ਦੇਖੇ ਜਾ ਸਕਦੇ ਹਨ।
ਪੁਲਿਸ ਕਾਰਵਾਈ ਦੇ ਵਿਚਕਾਰ, ਸੀਜੇਪੀ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦੇ ਰਾਸ਼ਟਰੀ ਸੰਗਠਨ ਇੰਚਾਰਜ ਅਜਿੰਕਿਆ ਸ਼ਿੰਦੇ ਜੰਤਰ-ਮੰਤਰ 'ਤੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨਗੇ।
ਦਿੱਲੀ ਪੁਲਿਸ ਨੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) 'ਤੇ ਜਹਾਜ਼ ਤੋਂ ਉਤਰਦੇ ਹੀ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ, ਸੀਜੇਪੀ ਨੇ ਅਜਿੰਕਿਆ ਸ਼ਿੰਦੇ ਨੂੰ ਵਿਰੋਧ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ।
ਗੁਰੁਦੁਆਰਾ ਬੰਗਲਾ ਸਾਹਿਬ ਨੇੜੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਦਾ ਇਲਜ਼ਾਮ

ਤਸਵੀਰ ਸਰੋਤ, ani
ਸ਼ਨੀਵਾਰ ਨੂੰ, ਪੁਲਿਸ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜੋ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਕਈ ਲੋਕਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲਿਆ।
ਪ੍ਰਦਰਸ਼ਨਕਾਰੀਆਂ ਦੇ ਅਨੁਸਾਰ, ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਬਹੁਤ ਸਾਰੇ ਲੋਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਠਹਿਰੇ ਹੋਏ ਸਨ। ਉੱਥੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਸ਼ਨੀਵਾਰ ਸਵੇਰ ਤੱਕ, ਲਗਭਗ 600 ਪ੍ਰਦਰਸ਼ਨਕਾਰੀ ਗੁਰਦੁਆਰੇ ਵਿੱਚ ਮੌਜੂਦ ਸਨ, ਜਿਨ੍ਹਾਂ ਵਿੱਚੋਂ ਲਗਭਗ 300 ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਹੈਦਰਾਬਾਦ ਦੇ ਇੱਕ ਸਾਫਟਵੇਅਰ ਇੰਜੀਨੀਅਰ ਅਜੈ ਜਿੰਗਾੜੇ ਨੇ ਦੋਸ਼ ਲਗਾਇਆ ਕਿ ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਜੰਤਰ-ਮੰਤਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਭਾਰੀ ਪੁਲਿਸ ਫੋਰਸ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ।
ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ।
ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ ਵਾਰੰਗਲ ਤੋਂ ਆਏ ਸੀਜੇਪੀ ਮੈਂਬਰ ਚੇਤਨ ਪ੍ਰਮੋਦ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਗੇਟ ਨੰਬਰ 3 ਰਾਹੀਂ ਪ੍ਰਵੇਸ਼ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਤੋਂ ਜ਼ਬਰਦਸਤੀ ਹਟਾ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਾਂਤੀ ਨਾਲ ਬੈਠੇ ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ।
ਗੁਰਦੁਆਰਾ ਬੰਗਲਾ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ, ਸੀਆਰਪੀਐਫ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਆਲੇ-ਦੁਆਲੇ ਦੀਆਂ ਸੜਕਾਂ 'ਤੇ ਬੈਰੀਕੇਡ ਲਗਾਏ ਗਏ ਸਨ, ਅਤੇ ਦੰਗਾ ਕੰਟਰੋਲ ਕਰਨ ਵਾਲੇ ਵਾਹਨ ਵੀ ਮੌਜੂਦ ਸਨ।
ਇਸ ਦੌਰਾਨ, ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਜੰਤਰ-ਮੰਤਰ ਪਹੁੰਚ ਕੇ ਆਪਣਾ ਵਿਰੋਧ ਜਾਰੀ ਰੱਖਣ ਲਈ ਦ੍ਰਿੜ ਹਨ।
ਅਜੇ ਜਿੰਗਾੜੇ ਨੇ ਕਿਹਾ, "ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਦੇਖਣਾ ਯਕੀਨੀ ਤੌਰ 'ਤੇ ਡਰਾਉਣਾ ਹੈ, ਪਰ ਅਸੀਂ ਆਪਣਾ ਵਿਰੋਧ ਜਾਰੀ ਰੱਖਾਂਗੇ ਅਤੇ ਜੰਤਰ-ਮੰਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਾਂਗੇ।"
ਕੇਜਰੀਵਾਲ, ਨੇਹਾ ਬੋਰਾ, ਮਮਤਾ ਬੈਨਰਜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਤਸਵੀਰ ਸਰੋਤ, Arvind Kejriwal/X



ਤਸਵੀਰ ਸਰੋਤ, SAKET GOKHALE/X
ਅਭਿਜੀਤ ਦੀਪਕੇ ਦੇ ਮਾਪਿਆਂ ਨੇ ਉਨ੍ਹਾਂ ਦੀ ਹਿਰਾਸਤ ਤੋਂ ਬਾਅਦ ਕੀ ਕਿਹਾ

ਤਸਵੀਰ ਸਰੋਤ, ani
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਤੋਂ ਬਾਅਦ ਉਸਦੇ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਹੈ।
ਅਭਿਜੀਤ ਦੇ ਪਿਤਾ ਭਗਵਾਨ ਦੀਪਕ ਨੇ ਕਿਹਾ, "ਮੈਂ ਇੰਦਰਾ ਗਾਂਧੀ ਬਾਰੇ ਜ਼ਿਆਦਾ ਨਹੀਂ ਜਾਣਦਾ, ਪਰ ਮੈਨੂੰ ਇਹ ਪਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਐਮਰਜੈਂਸੀ ਲਗਾਈ ਗਈ ਸੀ, ਫਿਰ ਵੀ ਉਹ ਸੱਤਾ ਵਿੱਚ ਵਾਪਸ ਆ ਗਈ।"
ਦਰਅਸਲ, ਅਭਿਜੀਤ ਦੀਪਕ ਨੇ ਆਪਣੀ ਗ੍ਰਿਫ਼ਤਾਰੀ ਸਮੇਂ ਕਿਹਾ ਸੀ ਕਿ ਅਜਿਹੀਆਂ ਗੱਲਾਂ ਇੰਦਰਾ ਗਾਂਧੀ ਦੇ ਸਮੇਂ ਵੀ ਨਹੀਂ ਹੋਈਆਂ ਸਨ।
ਇਸ ਦੌਰਾਨ, ਅਭਿਜੀਤ ਦੀਪਕ ਦੀ ਮਾਂ ਅਨੀਤਾ ਦੀਪਕ ਨੇ ਕਿਹਾ ਕਿ ਉਹ ਆਪਣੇ ਪੁੱਤਰ ਨਾਲ ਜੋ ਹੋ ਰਿਹਾ ਹੈ, ਉਸ ਤੋਂ ਬਹੁਤ ਦੁਖੀ ਹੈ।
ਉਨ੍ਹਾਂ ਕਿਹਾ, "ਅਭਿਜਿਤ ਦੇਸ਼ ਲਈ ਚੰਗਾ ਕੰਮ ਕਰ ਰਿਹਾ ਹੈ ਅਤੇ ਸਰਕਾਰ ਗਲਤ ਕਰ ਰਹੀ ਹੈ।"
ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਈ ਪ੍ਰਦਰਸ਼ਨਕਾਰੀ ਮੌਜੂਦ

ਤਸਵੀਰ ਸਰੋਤ, ani

ਤਸਵੀਰ ਸਰੋਤ, ani

ਤਸਵੀਰ ਸਰੋਤ, ani

ਤਸਵੀਰ ਸਰੋਤ, ANI
ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਕਈ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ

ਤਸਵੀਰ ਸਰੋਤ, ani
ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਕੁਝ ਪੱਤਰਕਾਰਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਹਿਰਾਸਤ ਵਿੱਚ ਲਏ ਗਏ ਪੱਤਰਕਾਰ ਨਿਊਜ਼ਲਾਂਡਰੀ, ਸਕ੍ਰੌਲ.ਇਨ ਅਤੇ ਨਵਭਾਰਤ ਟਾਈਮਜ਼ ਨਾਲ ਜੁੜੇ ਹੋਏ ਹਨ।
ਨਿਊਜ਼ਲਾਂਡਰੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, "ਜਦੋਂ ਪੱਤਰਕਾਰਾਂ ਨੇ ਕਿਹਾ ਕਿ ਉਹ ਮੀਡੀਆ ਤੋਂ ਹਨ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੋਈ ਮੀਡੀਆ ਨਹੀਂ ਹੈ। ਪੱਤਰਕਾਰਾਂ ਤੋਂ ਉਨ੍ਹਾਂ ਦੇ ਫ਼ੋਨ ਵੀ ਖੋਹ ਲਏ ਗਏ। ਲਗਭਗ 30 ਲੋਕਾਂ ਨੂੰ ਇੱਕੋ ਬੱਸ ਵਿੱਚ ਬਿਠਾਇਆ ਗਿਆ। ਇਨ੍ਹਾਂ ਵਿੱਚ ਪ੍ਰਦਰਸ਼ਨਕਾਰੀ ਅਤੇ ਪੱਤਰਕਾਰ ਸ਼ਾਮਲ ਸਨ।"
ਨਿਊਜ਼ਲਾਂਡਰੀ ਨੇ ਕਿਹਾ , "ਪੱਤਰਕਾਰਾਂ ਦਾ ਕੰਮ ਖ਼ਬਰਾਂ ਦੀ ਰਿਪੋਰਟ ਕਰਨਾ ਹੈ, ਵਿਰੋਧ ਕਰਨਾ ਨਹੀਂ। ਉਹ ਪੁਲਿਸ ਨੂੰ ਰੋਕ ਨਹੀਂ ਰਹੇ ਸਨ। ਉਨ੍ਹਾਂ ਨੂੰ ਕਿਸ ਆਧਾਰ 'ਤੇ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਫੋਨ ਜ਼ਬਤ ਕੀਤੇ ਜਾ ਰਹੇ ਹਨ? ਦਿੱਲੀ ਪੁਲਿਸ ਨੂੰ ਇਨ੍ਹਾਂ ਕਾਰਵਾਈਆਂ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ-ਧਮਕਾਏ ਆਪਣਾ ਕੰਮ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।"
Scroll.in ਨੇ ਇਹ ਵੀ ਰਿਪੋਰਟ ਦਿੱਤੀ ਕਿ ਇਸਦੇ ਇੱਕ ਪੱਤਰਕਾਰ ਨੂੰ ਦਿੱਲੀ ਪੁਲਿਸ ਨੇ ITO ਨੇੜੇ ਹਿਰਾਸਤ ਵਿੱਚ ਲਿਆ ਹੈ।

ਤਸਵੀਰ ਸਰੋਤ, ANI
ਦਰਅਸਲ, ਸੀਜੇਪੀ ਦੇ ਇਹ ਤਿੰਨੋ ਆਗੂ ਮੁੰਬਈ ਤੋਂ ਰਵਾਨਾ ਹੋ ਕੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਸਨ। ਇਸੇ ਦੌਰਾਨ ਅਭਿਜੀਤ ਦੀਪਕੇ ਸੋਸ਼ਲ ਮੀਡੀਆ 'ਤੇ ਲਾਈਵ ਆਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸੀਜੇਪੀ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨੂੰ "ਤਾਨਾਸ਼ਾਹੀਪੂਰਨ" ਕਰਾਰ ਦਿੰਦਿਆਂ ਤਿੰਨਾਂ ਆਗੂਆਂ ਦੀ ਤੁਰੰਤ ਅਤੇ ਬਿਨਾ ਕਿਸੇ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ।

ਤਸਵੀਰ ਸਰੋਤ, EPA/Shutterstock
ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਬੀਬੀਸੀ ਦੇ ਪੱਤਰਕਾਰ ਦਿਲਨਵਾਜ਼ ਪਾਸ਼ਾ ਅਨੁਸਾਰ, ਧਰੁਵ ਰਾਠੀ ਦੇ ਇੱਕ ਸਾਥੀ ਅਤੇ ਗੁਰੂਗ੍ਰਾਮ ਪੁਲਿਸ, ਦੋਵਾਂ ਨੇ ਉਸ ਦੀ ਹਿਰਾਸਤ ਦੀ ਪੁਸ਼ਟੀ ਕੀਤੀ ਹੈ। ਉਸ ਦੇ ਸਾਥੀ ਨੇ ਦੱਸਿਆ ਕਿ ਰਾਠੀ ਨੂੰ ਗੁਰੂਗ੍ਰਾਮ ਦੇ ਸੈਕਟਰ-56 ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਇਸ ਤੋਂ ਪਹਿਲਾਂ, ਸ਼ੁੱਕਰਵਾਰ ਦੇਰ ਸ਼ਾਮ, ਰਾਠੀ ਨੇ ਸੋਸ਼ਲ ਮੀਡੀਆ 'ਤੇ ਇੱਕ 'ਰੀਲ' (ਛੋਟੀ ਵੀਡੀਓ) ਪੋਸਟ ਕੀਤੀ ਸੀ। ਵੀਡੀਓ ਵਿੱਚ ਉਹ ਇੰਡੀਆ ਗੇਟ ਦੇ ਸਾਹਮਣੇ ਤੁਰਦੇ ਹੋਏ ਦਿਖਾਈ ਦਿੱਤੇ ਸਨ।
ਭਾਜਪਾ ਨੇ ਕੀ ਕਿਹਾ

ਤਸਵੀਰ ਸਰੋਤ, ANI
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਜੰਤਰ ਮੰਤਰ 'ਤੇ ਹੋ ਰਹੇ ਪ੍ਰਦਰਸ਼ਨ ਬਾਰੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ, "ਅੱਜ ਦੇਸ਼ ਵਿੱਚ ਬਹੁਤ ਖ਼ਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੌਣ ਕਰ ਰਿਹਾ ਹੈ? ਦੋ ਅਰਾਜਕ ਗਰੁੱਪ, ਇੱਕ ਰਾਹੁਲ ਗਾਂਧੀ ਦੀ ਅਗਵਾਈ ਵਾਲਾ 'ਇੰਡੀ ਅਲਾਇੰਸ' ਅਤੇ ਦੂਜਾ ਅਰਵਿੰਦ ਕੇਜਰੀਵਾਲ ਦੇ ਸਹਿਯੋਗੀਆਂ ਦੀ ਅਗਵਾਈ ਹੇਠ ਚੱਲ ਰਿਹਾ ਸੀਜੇਪੀ, ਮੈਂ ਇਨ੍ਹਾਂ ਦੋਹਾਂ ਗਰੁੱਪਾਂ ਨੂੰ ਸਾਫ਼ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੀ ਜਨਤਾ ਤੁਹਾਡੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਮਾਮਲੇ 'ਤੇ ਤੁਹਾਡੀ ਇਹ 'ਅਰਾਜਕ ਦੌੜ' ਕਾਮਯਾਬ ਨਹੀਂ ਹੋਵੇਗੀ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਨਤਾ ਪਹਿਲਾਂ ਹੀ ਨਕਾਰ ਚੁੱਕੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਿਆਸੀ ਏਜੰਡੇ ਤਹਿਤ ਅਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰਿਆਂ 'ਤੇ ਇਹ ਕੋਸ਼ਿਸ਼ਾਂ ਕਰ ਰਹੇ ਹੋ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਲੋਕਤੰਤਰ ਵਿੱਚ ਅਪਾਰ ਤਾਕਤ ਹੈ ਅਤੇ ਇਸ ਦੇਸ਼ ਦੇ ਦੇਸ਼ਭਗਤ ਇਕਜੁੱਟ ਹੋ ਕੇ ਤੁਹਾਡੇ ਮਨਸੂਬਿਆਂ ਨੂੰ ਨਾਕਾਮ ਕਰ ਦੇਣਗੇ।"
ਪ੍ਰਦਰਸ਼ਨ ਵਿਚਾਲੇ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ
ਦਿੱਲੀ ਵਿੱਚ ਚੱਲ ਰਹੇ ਪ੍ਰਦਰਸ਼ਨ ਦੇ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਇੱਕ ਵਾਰ ਫਿਰ ਦੁਹਰਾਈ ਹੈ।
ਰਾਹੁਲ ਗਾਂਧੀ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ ਦਿੱਤੇ ਆਪਣੇ ਭਾਸ਼ਣ ਦੀ ਵੀਡੀਓ ਐਕਸ 'ਤੇ ਪੋਸਟ ਕਰਦਿਆਂ ਲਿਖਿਆ, "ਗਿਆਨੇਸ਼ ਕੁਮਾਰ ਜਾਣਗੇ। ਇਹ ਸਰਕਾਰ ਜਾਵੇਗੀ। ਫਿਰ ਲੋਕਤੰਤਰ ਦੀ ਮੁਰੰਮਤ ਸ਼ੁਰੂ ਹੋਵੇਗੀ।"
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਲਿਖਿਆ, "ਇਹ ਐਮਰਜੈਂਸੀ ਤੋਂ ਵੀ ਬੱਦਤਰ ਹੈ। ਹੁਣ ਇਹ ਅਧਿਕਾਰਿਕ ਤੌਰ 'ਤੇ ਸਾਬਤ ਹੋ ਗਿਆ ਹੈ ਕਿ ਅਸੀਂ ਮੋਦੀ ਦੇ ਸ਼ਾਸਨ ਹੇਠ ਪੂਰੀ ਤਰ੍ਹਾਂ ਤਾਨਾਸ਼ਾਹੀ ਦੇ ਦੌਰ ਵਿੱਚ ਜੀ ਰਹੇ ਹਾਂ। ਫਲਾਈਟ ਤੋਂ ਉਤਰਦੇ ਹੀ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਡਰ ਦੇ ਉਸ ਪੱਧਰ ਨੂੰ ਦਰਸਾਉਂਦਾ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ।"
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਚੋਣਾਂ ਸਿਰਫ਼ ਵੋਟਾਂ ਦੀ ਚੋਰੀ ਕਰਕੇ ਜਿੱਤੇ ਹਨ ਅਤੇ ਹੁਣ ਉਹ ਆਪਣੇ ਇਸ ਧੋਖੇ ਨੂੰ ਬਚਾਉਣ ਲਈ ਲੋਕਤੰਤਰ ਨੂੰ ਪੂਰੀ ਤਰ੍ਹਾਂ ਕੁਚਲਣ 'ਤੇ ਤੁਲੇ ਹੋਏ ਹਨ। ਗਿਆਨੇਸ਼ ਨੂੰ ਜਾਣਾ ਪਵੇਗਾ ਅਤੇ ਮੋਦੀ ਨੂੰ ਵੀ ਜਾਣਾ ਪਵੇਗਾ।"

ਤਸਵੀਰ ਸਰੋਤ, ANI Video grab
ਇਸ ਦੇ ਨਾਲ ਹੀ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਦੇ ਰੇਲਵੇ ਸਟੇਸ਼ਨਾਂ, ਹੋਟਲਾਂ ਅਤੇ ਮੁੱਖ ਸਰਹੱਦੀ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ। ਰੇਲਵੇ ਸਟੇਸ਼ਨਾਂ 'ਤੇ ਪਹੁੰਚਣ ਵਾਲੇ ਯਾਤਰੀਆਂ ਅਤੇ ਹੋਟਲਾਂ ਵਿੱਚ ਠਹਿਰਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚਣ ਵਾਲੇ ਲੋਕਾਂ 'ਤੇ ਵੀ ਪੁਲਿਸ ਦੀ ਨਜ਼ਰ ਬਣੀ ਹੋਈ ਹੈ।
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ 250 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ ਵਿੱਚ ਮਨੀਸ਼ ਸਿਸੋਦੀਆ ਹਿਰਾਸਤ 'ਚ

ਕਾਕਰੋਚ ਜਨਤਾ ਪਾਰਟੀ ਦੀ ਹਮਾਇਤ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ-17 ਵਿੱਚ ਮੁੱਖ ਚੋਣ ਕਮਿਸ਼ਨ ਪੰਜਾਬ ਦੇ ਦਫਤਰ ਨੇੜੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ 'ਆਪ' ਆਗੂ ਮਨੀਸ਼ ਸਿਸੋਦੀਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਨਾਲ ਹਰਪਾਲ ਚੀਮਾ ਸਣੇ ਪੰਜਾਬ ਦੇ ਕਈ ਆਗੂ ਪਹੁੰਚੇ ਸਨ।
ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਅਤੇ ਬੈਰੀਕੈਡਿੰਗ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ।

ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ, ਰੇਲਵੇ ਬੋਰਡ ਦੇ ਫ਼ੈਸਲੇ ਤਹਿਤ 9 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀਆਂ ਯਾਤਰੀ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ।
ਲੀਗਲ ਨਿਊਜ਼ ਵੈੱਬਸਾਈਟ ਲਾਈਵ ਲਾਅ ਅਨੁਸਾਰ, ਸ਼ਨੀਵਾਰ ਨੂੰ ਸੁਪਰੀਮ ਕੋਰਟ ਵਿੱਚ ਕੰਟੈਂਪਟ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਦਿੱਲੀ ਮੈਟਰੋ ਦੇ ਕਈ ਸਟੇਸ਼ਨ ਬੰਦ ਹਨ, ਜਦਕਿ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਸੀ ਕਿ ਆਵਾਜਾਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾਣਾ ਚਾਹੀਦਾ।
ਪ੍ਰਦਰਸ਼ਨ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਕੀ ਕਿਹਾ

ਤਸਵੀਰ ਸਰੋਤ, ANI
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋ ਜਾਂਦੀ ਹੈ ਤਾਂ ਵੀ ਨਿਰਪੱਖ ਚੋਣਾਂ ਲਈ ਲੜਾਈ ਜਾਰੀ ਰਹੇਗੀ।
ਅਭਿਜੀਤ ਦੀਪਕੇ ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਮੂਲ ਅਧਿਕਾਰ ਹੈ।
ਅਭਿਜੀਤ ਦੀਪਕੇ ਨੇ ਖਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, "ਮੈਨੂੰ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਇਸ ਦੇਸ਼ ਦੇ ਨੌਜਵਾਨਾਂ ਅਤੇ ਲੋਕਾਂ ਤੋਂ ਇੰਨੇ ਡਰੇ ਹੋਏ ਕਿਉਂ ਹਨ। ਸਾਰੀਆਂ ਰੇਲ ਸੇਵਾਵਾਂ ਅਤੇ ਮੈਟਰੋ ਸਟੇਸ਼ਨ ਬੰਦ ਕਰਨ ਦੀ ਕੀ ਲੋੜ ਸੀ? ਉਨ੍ਹਾਂ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ ਅਤੇ ਸੜਕਾਂ ਵੀ ਰੋਕ ਦਿੱਤੀਆਂ ਹਨ।"
ਉਨ੍ਹਾਂ ਕਿਹਾ, "ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਫੌਜ ਬੁਲਾ ਕੇ ਦਿੱਲੀ ਵਿੱਚ ਤਾਇਨਾਤ ਕਰ ਦਿੱਤੀ ਹੈ। ਨਕਸਲ ਪ੍ਰਭਾਵਿਤ ਖੇਤਰਾਂ ਤੋਂ ਸੀਆਰਪੀਐੱਫ ਦੇ ਜਵਾਨ ਬੁਲਾ ਕੇ ਦਿੱਲੀ ਵਿੱਚ ਤਾਇਨਾਤ ਕੀਤੇ ਗਏ ਹਨ। ਕੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਆਪਣੇ ਹੀ ਦੇਸ਼ ਦੀ ਜਨਤਾ ਦੇ ਖ਼ਿਲਾਫ਼ ਜੰਗ ਛੇੜਣਾ ਚਾਹੁੰਦੇ ਹਨ? ਕੀ ਗਿਆਨੇਸ਼ ਕੁਮਾਰ ਉਨ੍ਹਾਂ ਲਈ ਇੰਨੇ ਪਿਆਰੇ ਹਨ ਕਿ ਉਹ ਆਪਣੀ ਹੀ ਜਨਤਾ ਉੱਤੇ ਪੁਲਿਸ ਅਤੇ ਫੌਜ ਤਾਇਨਾਤ ਕਰ ਦੇਣ?"
ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਡਰ ਗਏ ਹਨ। ਉਨ੍ਹਾਂ ਨੂੰ ਡਰ ਹੈ ਕਿ ਇਸ ਘਟਨਾ ਤੋਂ ਬਾਅਦ ਦੇਸ਼ ਦੀ ਜਨਤਾ ਉਨ੍ਹਾਂ ਨੂੰ ਵੋਟ ਨਹੀਂ ਦੇਵੇਗੀ। ਇਸ ਲਈ ਸਿਰਫ਼ ਸੱਤਾ ਵਿੱਚ ਬਣੇ ਰਹਿਣ ਲਈ ਲੋਕਾਂ ਨੂੰ ਟ੍ਰੇਨਾਂ ਵਿੱਚੋਂ ਉਤਾਰਿਆ ਜਾ ਰਿਹਾ ਹੈ। ਰਿਹਾਇਸ਼ੀ ਸੋਸਾਇਟੀਆਂ ਵਿੱਚ ਐਲਾਨ ਕੀਤੇ ਜਾ ਰਹੇ ਹਨ ਕਿ ਲੋਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਾ ਹੋਣ।"

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ, 10 ਅਕਤੂਬਰ ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਨਵੀਂ ਦਿੱਲੀ ਜਾਂ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਪਹੁੰਚਣ ਵਾਲੀਆਂ ਰੇਲ ਗੱਡੀਆਂ ਵੀ ਰੱਦ ਰਹਿਣਗੀਆਂ।
ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕੀਤੇ ਜਾਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹੋਣ ਵਾਲੀ ਔਖ ਨੂੰ ਲੈਕੇ ਰੇਲਵੇ ਦੇ ਫ਼ੈਸਲੇ 'ਤੇ ਸਵਾਲ ਉੱਠ ਰਹੇ ਹਨ। ਰੇਲਵੇ ਦੇ ਸਾਬਕਾ ਅਧਿਕਾਰੀਆਂ, ਯਾਤਰੀ ਸੰਗਠਨਾਂ ਅਤੇ ਕਰਮਚਾਰੀ ਮਹਾਸੰਘਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ।
ਰੇਲਵੇ ਬੋਰਡ ਦੇ ਸਾਬਕਾ ਮੈਂਬਰ (ਇੰਜੀਨੀਅਰਿੰਗ) ਸੁਬੋਧ ਜੈਨ ਨੇ ਕਿਹਾ, "ਇੰਨੀ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕਰਨਾ ਪ੍ਰਦਰਸ਼ਨਕਾਰੀਆਂ ਅੱਗੇ ਸਮਰਪਣ ਕਰਨ ਵਰਗਾ ਹੈ।"
ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਵੀ ਰੇਲਵੇ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ, "ਦੇਸ਼ ਦੇ ਕਿਸੇ ਹਿੱਸੇ ਵਿੱਚ ਵਿਰੋਧ ਪ੍ਰਦਰਸ਼ਨ ਜਾਂ ਅੰਦੋਲਨ ਕਾਰਨ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕੀਤੇ ਜਾਣ ਦੀ ਕੋਈ ਪਿਛਲੀ ਉਦਾਹਰਣ ਉਨ੍ਹਾਂ ਨੂੰ ਯਾਦ ਨਹੀਂ ਹੈ।"
ਉਨ੍ਹਾਂ ਕਿਹਾ ਕਿ ਅਚਾਨਕ ਰੇਲ ਗੱਡੀਆਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਵੀ 45 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ।
ਪ੍ਰਦਰਸ਼ਨ ਤੋਂ ਠੀਕ ਪਹਿਲਾਂ ਜੰਤਰ-ਮੰਤਰ ਦਾ ਕੀ ਹੈ ਹਾਲ, ਤਸਵੀਰਾਂ ਵਿੱਚ ਦੇਖੋ

ਤਸਵੀਰ ਸਰੋਤ, ANI
ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜੰਤਰ-ਮੰਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਪਾਬੰਦੀਆਂ ਵਧਾ ਦਿੱਤੀਆਂ ਹਨ।
ਸਮਾਚਾਰ ਏਜੰਸੀ ਏਐਨਆਈ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ, ਸੁਰੱਖਿਆ ਬਲ ਅਤੇ ਪੁਲਿਸ ਵੈਨਾਂ ਦਿਖਾਈ ਦੇ ਰਹੀਆਂ ਹਨ।
ਦਰਅਸਲ, ਸੀਜੇਪੀ ਦੀ ਅਗਵਾਈ ਹੇਠ ਹੋਣ ਵਾਲੇ ਇਸ ਪ੍ਰਦਰਸ਼ਨ ਲਈ ਇਜਾਜ਼ਤ ਨਹੀਂ ਮਿਲੀ ਸੀ। ਹਾਲਾਂਕਿ, ਸੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਉਹ ਜੰਤਰ-ਮੰਤਰ ਪਹੁੰਚਣਗੇ।

ਤਸਵੀਰ ਸਰੋਤ, ANI
ਪਾਰਟੀ ਦੇ ਸਹਿ-ਸੰਯੋਜਕ ਆਸ਼ੂਤੋਸ਼ ਰਾਂਕਾ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ।
ਆਸ਼ੂਤੋਸ਼ ਰਾਂਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਸੀ, "ਡਿਯਰ ਕਾਕਰੋਚੇਜ਼! ਮੈਨੂੰ ਮਾਣ ਹੈ ਕਿ ਅਸੀਂ ਸਾਰਿਆਂ ਨੇ ਹੁਣ ਤੱਕ ਕਿੰਨਾ ਲੰਮਾ ਸਫ਼ਰ ਤੈਅ ਕੀਤਾ ਹੈ। ਭਾਵੇਂ ਕੁਝ ਵੀ ਹੋ ਜਾਵੇ, ਅਸੀਂ ਇਤਿਹਾਸ ਜ਼ਰੂਰ ਰਚਾਂਗੇ!"
ਉਨ੍ਹਾਂ ਲਿਖਿਆ, "ਬਸ ਇੱਕ ਗੱਲ ਯਾਦ ਰੱਖਣਾ—ਹੱਥ ਵਿੱਚ ਸੰਵਿਧਾਨ ਅਤੇ ਦਿਲ ਵਿੱਚ ਗਾਂਧੀ। ਕੁਝ ਵੀ ਹੋ ਜਾਵੇ, ਸਾਡਾ ਹੱਥ ਨਹੀਂ ਉੱਠੇਗਾ। ਭਾਰਤ ਮਾਤਾ ਦੀ ਜੈ।"
ਉਨ੍ਹਾਂ ਤੋਂ ਇਲਾਵਾ, ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਸਮਾਜਿਕ-ਸਿਆਸੀ ਕਾਰਕੁਨ ਯੋਗੇਂਦਰ ਯਾਦਵ, ਆਇਸਾ ਦੇ ਪ੍ਰਧਾਨ ਨੇਹਾ ਬੋਰਾ ਅਤੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਵੀ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਸੀਜੇਪੀ ਦੇ ਪ੍ਰਦਰਸ਼ਨ ਵਿੱਚ ਕਿਹੜੀਆਂ ਧਿਰਾਂ ਹੋਣਗੀਆਂ ਸ਼ਾਮਿਲ
ਕਾਕਰੋਚ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੋਇਆ ਹੈ। ਪਾਰਟੀ ਨੇ ਸਾਰੇ ਵਿਰੋਧੀ ਦਲਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਖੱਬੇ ਪੱਖੀ ਪਾਰਟੀਆਂ (ਸੀਪੀਐੱਮ, ਸੀਪੀਆਈ, ਸੀਪੀਆਈ-ਐੱਮਐੱਲ, ਆਰਐੱਸਪੀ ਅਤੇ ਆਲ ਇੰਡੀਆ ਫਾਰਵਰਡ ਬਲਾਕ), ਆਮ ਆਦਮੀ ਪਾਰਟੀ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੀਆਂ। ਹਾਲਾਂਕਿ, ਕਾਂਗਰਸ ਇਸ ਪ੍ਰਦਰਸ਼ਨ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਰਾਹੁਲ ਗਾਂਧੀ ਸ਼ਨੀਵਾਰ ਨੂੰ 'ਵਿਦਿਆਰਥੀਆਂ ਦੀ ਗੂੰਜ' ਦੇ ਅਗਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚੇਨੱਈ ਵਿੱਚ ਹੋਣਗੇ।
ਉੱਥੇ ਹੀ, ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਸੀਜੇਪੀ ਨੂੰ ਨੈਤਿਕ ਸਮਰਥਨ ਹੈ।

ਤਸਵੀਰ ਸਰੋਤ, Abhishek Chinnappa/Getty Images
ਹੁਣ ਤੱਕ ਦਾ ਅਹਿਮ ਘਟਨਾਕ੍ਰਮ
- ਪਿਛਲੇ ਦਿਨੀਂ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨ ਵਿੱਚ ਦੋ ਹੋਰ ਚੋਣ ਕਮਿਸ਼ਨਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਐਸਆਈਆਰ ਨਾਲ ਜੁੜੇ ਕਈ ਫ਼ੈਸਲੇ ਲਏ ਸਨ।
- ਇਸ ਰਿਪੋਰਟ ਤੋਂ ਚੋਣ ਕਮਿਸ਼ਨ ਨੇ ਬਾਅਦ 'ਚ ਇਸ ਮੁੱਦੇ 'ਤੇ ਸਪਸ਼ਟੀਕਰਨ ਵੀ ਦਿੱਤਾ, ਪਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰ ਦੇ ਇਲਜ਼ਾਮ ਲਗਾਤਾਰ ਜਾਰੀ ਹਨ।
- ਗਿਆਨੇਸ਼ ਕੁਮਾਰ 'ਤੇ ਵਿਰੋਧੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਸੀਜੇਪੀ ਨੇ ਐਸਆਈਆਰ ਰਾਹੀਂ ਕਈ ਵੋਟਰਾਂ ਤੋਂ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਖੋਹਣ ਦਾ ਇਲਜ਼ਾਮ ਲਾਇਆ ਹੈ।
- ਸੀਜੇਪੀ ਨੇ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
- ਇਸੇ ਸਿਲਸਿਲੇ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਇਲਜ਼ਾਮ ਲਾਇਆ ਕਿ ਦੇਸ਼ ਭਰ ਵਿੱਚੋਂ ਉਸ ਦੇ 10 ਹਜ਼ਾਰ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
- ਸੀਜੇਪੀ ਦੇ ਸਹਿ-ਸੰਸਥਾਪਕ ਸੌਰਵ ਦਾਸ ਨੇ ਐਕਸ 'ਤੇ ਲਿਖਿਆ, "ਭਾਰਤ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ''।
- ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀਰਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ, "ਤੇਲੰਗਾਨਾ ਦੇ ਸੀਜੇਪੀ ਕਾਰਕੁਨਾਂ ਨੂੰ ਭੋਪਾਲ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਉਨ੍ਹਾਂ ਨੂੰ ਰੇਲ ਗੱਡੀ ਵਿੱਚੋਂ ਹਿਰਾਸਤ ਵਿੱਚ ਲਿਆ ਹੈ। ਇਹ ਸਪਸ਼ਟ ਤੌਰ 'ਤੇ ਦਿਖਾਉਂਦਾ ਹੈ ਕਿ ਮੋਦੀ ਇੱਕ ਤਾਨਾਸ਼ਾਹ ਹਨ।"

ਤਸਵੀਰ ਸਰੋਤ, Rahul Gandhi/ YT
- ਦੂਜੇ ਪਾਸੇ ਪਾਸੇ, ਰੇਲਵੇ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ-ਜਾਣ ਵਾਲੀਆਂ ਦਰਜਨਾਂ ਰੇਲ ਗੱਡੀਆਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
- ਰੱਦ ਕੀਤੀਆਂ ਰੇਲ ਗੱਡੀਆਂ ਵਿੱਚ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਜੋੜਨ ਵਾਲੀਆਂ ਲੋਕਲ ਰੇਲ ਗੱਡੀਆਂ ਤੋਂ ਇਲਾਵਾ ਕੋਲਕਾਤਾ, ਮੁੰਬਈ, ਪਟਨਾ, ਲਖਨਊ ਅਤੇ ਹੋਰ ਸ਼ਹਿਰਾਂ ਨਾਲ ਜੁੜੀਆਂ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵੀ ਸ਼ਾਮਲ ਹਨ।
- ਹਾਲਾਂਕਿ, ਸੁਪਰੀਮ ਕੋਰਟ ਨੇ ਸੀਜੇਪੀ ਅਤੇ ਵਿਰੋਧੀ ਪਾਰਟੀਆਂ ਦੇ 10 ਅਕਤੂਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ ਵਾਲੀਆਂ ਰੇਲ ਗੱਡੀਆਂ ਅਤੇ ਮੈਟਰੋ ਸੇਵਾਵਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਬਜਾਏ, ਉਨ੍ਹਾਂ ਨੂੰ ਨਿਯੰਤਰਿਤ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ।
- ਬੀਤੇ ਦਿਨੀਂ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
- ਰਾਹੁਲ ਗਾਂਧੀ ਨੇ ਕਿਹਾ, "ਅਸੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਅਮਿਤ ਸ਼ਾਹ ਅਤੇ ਗਿਆਨੇਸ਼ ਕੁਮਾਰ ਨੇ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਹੈ। ਮੈਨੂੰ ਲੱਗ ਰਿਹਾ ਸੀ ਕਿ ਰਾਸ਼ਟਰਪਤੀ ਕਹਿਣਗੇ ਕਿ ਚੋਣਾਂ ਵਿੱਚ ਚੋਰੀ ਨਹੀਂ ਹੁੰਦੀ। ਪਰ ਰਾਸ਼ਟਰਪਤੀ ਨੇ ਸਾਡੀਆਂ ਗੱਲਾਂ ਸੁਣੀਆਂ। ਉਨ੍ਹਾਂ ਨੇ ਸਾਡੀਆਂ ਗੱਲਾਂ ਨੂੰ ਨਕਾਰਿਆ ਨਹੀਂ। ਅਸੀਂ ਹੈਰਾਨ ਰਹਿ ਗਏ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਭਾਰਤ ਵਿੱਚ ਚੋਣਾਂ ਦੀ ਚੋਰੀ ਨਹੀਂ ਹੋ ਰਹੀ ਹੈ।"
- ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ ਅਤੇ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ।
- ਰਾਹੁਲ ਗਾਂਧੀ ਨੇ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਕਿਹਾ, "ਸਾਨੂੰ ਚੋਣਾਂ ਵਿੱਚ ਚੋਰੀ ਦੇ ਸਬੂਤ ਦੇਣੇ ਹਨ। ਮੈਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਚੋਣਾਂ ਵਿੱਚ ਚੋਰੀ ਹੋ ਰਹੀ ਹੈ।"
- ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨਾਲ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



































