ਗਹਿਣੇ ਲੁੱਟ ਕੇ ਮਹਿਲਾ ਦੇ ਮੂੰਹ ਵਿੱਚ ਰੁਮਾਲ ਤੁੰਨ ਕੇ ਉਸ ਨੂੰ ਖੂਹ ਵਿੱਚ ਧੱਕਿਆ, ਪੀੜਤਾ ਨੇ ਸੁਣਾਈ ਹੱਡਬੀਤੀ

ਪੀੜਤ ਮਹਿਲਾ ਅਤੇ ਉਹ ਖੂਹ ਜਿਸ ਵਿੱਚ ਉਨ੍ਹਾਂ ਨੂੰ ਧੱਕਾ ਦਿੱਤਾ ਗਿਆ ਸੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਮਹਿਲਾ ਲਗਭਗ 24 ਘੰਟਿਆਂ ਤੱਕ ਦਿਨ-ਰਾਤ ਖੂਹ ਵਿੱਚ ਰਹੀ ਅਤੇ ਲਗਾਤਾਰ ਸੰਘਰਸ਼ ਕਰਦੀ ਰਹੀ ਤਾਂ ਜੋ ਡੁੱਬਣ ਤੋਂ ਆਪਣੀ ਜਾਨ ਬਚਾ ਸਕੇ
    • ਲੇਖਕ, ਪ੍ਰਵੀਣ ਸ਼ੁਭਮ
    • ਰੋਲ, ਬੀਬੀਸੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਤੇਲੰਗਾਨਾ ਵਿੱਚ ਕਰੀਮਨਗਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਇਲਜ਼ਾਮ ਕਿ ਉਹ 55 ਸਾਲ ਦੀ ਇੱਕ ਮਹਿਲਾ ਨੂੰ ਮਜ਼ਦੂਰੀ ਦਾ ਕੰਮ ਦਿਵਾਉਣ ਦੇ ਬਹਾਨੇ ਖੇਤ ਵਿੱਚ ਲੈ ਗਿਆ, ਉਸਦੇ ਗਹਿਣੇ ਲੁੱਟੇ ਅਤੇ ਫਿਰ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ।

ਪੁਲਿਸ ਨੇ ਦੱਸਿਆ ਕਿ ਮਹਿਲਾ ਲਗਭਗ 24 ਘੰਟਿਆਂ ਤੱਕ ਦਿਨ-ਰਾਤ ਖੂਹ ਵਿੱਚ ਰਹੀ ਅਤੇ ਲਗਾਤਾਰ ਸੰਘਰਸ਼ ਕਰਦੀ ਰਹੀ ਤਾਂ ਜੋ ਡੁੱਬਣ ਤੋਂ ਆਪਣੀ ਜਾਨ ਬਚਾ ਸਕੇ।

ਪੁਲਿਸ ਮੁਤਾਬਕ, ਮੁਲਜ਼ਮ ਗ੍ਰੈਜੂਏਸ਼ਨ ਦਾ ਵਿਦਿਆਰਥੀ ਹੈ ਅਤੇ ਉਸ ਨੇ ਇਹ ਘਿਨੌਣੀ ਹਰਕਤ ਇਸ ਲਈ ਕੀਤੀ ਕਿਉਂਕਿ ਉਸ ਨੂੰ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੀ ਲਤ ਸੀ ਅਤੇ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ।

ਇਸ ਦੌਰਾਨ, ਸਥਾਨਕ ਲੋਕਾਂ ਨੇ ਮਹਿਲਾ ਨੂੰ ਸੁਰੱਖਿਅਤ ਬਚਾ ਲਿਆ ਅਤੇ ਖੂਹ ਵਿੱਚੋਂ ਬਾਹਰ ਕੱਢ ਲਿਆ।

ਪੀੜਤਾ ਨੇ ਦੱਸਿਆ ਕਿ ਕਿਵੇਂ ਖੇਤੀ ਨਾਲ ਸਬੰਧਿਤ ਕੰਮ 'ਤੇ ਲੈਕੇ ਜਾਣ ਦੇ ਨਾਮ 'ਤੇ ਉਨ੍ਹਾਂ ਨਾਲ ਧੋਖਾ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਖੂਹ ਵਿੱਚ ਉਨ੍ਹਾਂ ਨੇ ਆਪਣੀ ਜਾਨ ਕਿਵੇਂ ਬਚਾਈ।

ਕੀ ਹੋਇਆ ਸੀ?

ਕਰੀਮਨਗਰ ਪੁਲਿਸ

ਤਸਵੀਰ ਸਰੋਤ, karimnagar police

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਮੁਲਜ਼ਮ ਗ੍ਰੈਜੂਏਸ਼ਨ ਵਿਦਿਆਰਥੀ ਹੈ ਅਤੇ ਉਸ ਨੇ ਇਹ ਘਿਨੌਣੀ ਹਰਕਤ ਇਸ ਲਈ ਕੀਤੀ ਕਿਉਂਕਿ ਉਸ ਨੂੰ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੀ ਲਤ ਸੀ ਅਤੇ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ

ਕਰੀਮਨਗਰ ਦੇ ਕਿਸਾਨ ਨਗਰ ਦੇ ਰਹਿਣ ਵਾਲੇ 55 ਸਾਲਾ ਗੰਗਾਧਰ ਲਕਸ਼ਮੀ 1 ਜੁਲਾਈ ਨੂੰ ਕੰਮ ਦੀ ਭਾਲ ਵਿੱਚ ਟਾਵਰ ਸਰਕਲ 'ਚ ਉਸ ਥਾਂ ਗਏ ਜਿੱਥੇ ਦਿਹਾੜੀ ਮਜ਼ਦੂਰਾਂ ਦੇ ਇਕੱਠੇ ਹੁੰਦੇ ਹਨ।

ਜਦੋਂ ਉਹ ਰਾਤ ਤੱਕ ਘਰ ਨਹੀਂ ਮੁਦੇ ਤਾਂ ਉਨ੍ਹਾਂ ਦੇ ਪੁੱਤਰਾਂ ਨੇ ਕਰੀਮਨਗਰ ਦੇ 'ਥ੍ਰੀ-ਟਾਊਨ' ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਕਰੀਮਨਗਰ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ।

ਪੀੜਤਾ ਲਕਸ਼ਮੀ ਨੇ ਦੱਸਿਆ ਕਿ ਉਸ ਦਿਨ ਕੀ ਹੋਇਆ ਸੀ

ਉਹ ਖੂਹ ਜਿਸ ਵਿੱਚ ਲਕਸ਼ਮੀ ਨੂੰ ਧੱਕਾ ਦਿੱਤਾ ਗਿਆ ਸੀ

ਤਸਵੀਰ ਸਰੋਤ, karimnagar police

ਤਸਵੀਰ ਕੈਪਸ਼ਨ, ਲਕਸ਼ਮੀ ਮੁਤਾਬਕ, ਮੁਲਜ਼ਮ ਉਨ੍ਹਾਂ ਨੂੰ ਕੰਮ ਦੇ ਬਹਾਨੇ ਇੱਕ ਖੇਤ ਵਿੱਚ ਲੈ ਗਿਆ ਸੀ ਤੇ ਫਿਰ ਉਨ੍ਹਾਂ ਤੋਂ ਗਹਿਣੇ ਖੋਹ ਕੇ ਉਨ੍ਹਾਂ ਨੂੰ ਖੂਹ 'ਚ ਧੱਕਾ ਦੇ ਦਿੱਤਾ

ਲਕਸ਼ਮੀ ਨੇ ਸਥਾਨਕ ਮੀਡੀਆ ਨੂੰ ਕਿਹਾ, "1 ਜੁਲਾਈ ਨੂੰ ਇੱਕ ਨੌਜਵਾਨ, ਜਿਸ ਨੇ ਕਿਹਾ ਕਿ ਉਸ ਕੋਲ ਮੇਰੇ ਲਈ ਕੰਮ ਹੈ, ਮੈਨੂੰ ਆਪਣੇ ਦੋ-ਪਹੀਆ ਵਾਹਨ 'ਤੇ ਬਿਠਾ ਕੇ ਥਿੰਮਾਪੁਰ ਲੈ ਗਿਆ। ਫਿਰ ਉਹ ਮੈਨੂੰ ਨੁਸਥੁੱਲਾਪੁਰ ਦੇ ਬਾਹਰੀ ਇਲਾਕੇ ਵਿੱਚ ਇੱਕ ਖੇਤ ਵਿੱਚ ਲੈ ਗਿਆ ਤੇ ਮੇਰਾ ਮੋਬਾਈਲ ਫ਼ੋਨ ਅਤੇ ਮੇਰੇ ਪਹਿਨੇ ਹੋਏ ਸੋਨੇ ਦੇ ਗਹਿਣੇ ਖੋਹ ਲਏ। ਜਦੋਂ ਮੈਂ ਮਦਦ ਲਈ ਚੀਕਾਂ ਮਾਰੀਆਂ ਤਾਂ ਉਸ ਨੇ ਮੇਰੇ ਮੂੰਹ ਵਿੱਚ ਰੁਮਾਲ ਠੁੱਸ ਦਿੱਤਾ ਅਤੇ ਮੈਨੂੰ ਨੇੜੇ ਹੀ ਇੱਕ ਖੇਤ 'ਚ ਖੂਹ ਵਿੱਚ ਧੱਕਾ ਦੇ ਦਿੱਤਾ।"

ਲਕਸ਼ਮੀ ਨੇ ਦੱਸਿਆ ਕਿ ਇਹ ਜੋ ਕੁਝ ਵੀ ਉਨ੍ਹਾਂ ਨਾਲ ਵਾਪਰਿਆ, ਉਸ ਵੇਲੇ ਤਾਂ ਜਿਵੇਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਇੱਕੋ ਦਮ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਘੁੰਮ ਗਈ।

ਉਨ੍ਹਾਂ ਦੱਸਿਆ ਕਿ ਕਿਵੇਂ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਯਾਦ ਕਰਦਿਆਂ ਉਹ ਆਪਣੇ ਹੰਝੂ ਨਹੀਂ ਰੋਕ ਸਕੇ ਸਨ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਖੂਹ ਵਿੱਚ ਲਟਕ ਰਹੀ ਰੱਸੀ ਦੇ ਸਹਾਰੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੌਜਵਾਨ ਨੇ ਉੱਪਰੋਂ ਰੱਸੀ ਖੋਲ੍ਹ ਦਿੱਤੀ, ਜਿਸ ਕਾਰਨ ਉਹ ਮੁੜ ਖੂਹ ਵਿੱਚ ਡਿੱਗ ਗਏ।

'ਡੱਡੂਆਂ ਨੇ ਮੇਰੇ ਪੈਰਾਂ 'ਤੇ ਕੱਟਿਆ, ਘੰਟਿਆਂ ਤੱਕ ਤੈਰਦੀ ਰਹੀ'

ਗੰਗਾਧਰ ਲਕਸ਼ਮੀ - ਪੀੜਿਤ ਮਹਿਲਾ

ਲਕਸ਼ਮੀ ਦੀ ਆਵਾਜ਼ ਵਿੱਚ ਦਰਦ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਪੂਰੀ ਰਾਤ ਖੂਹ ਵਿੱਚ ਇੱਕਲੇ ਸਨ ਤਾਂ ਉਨ੍ਹਾਂ ਨੂੰ ਕੀ-ਕੀ ਝੱਲਣਾ ਪਿਆ।

ਉਨ੍ਹਾਂ ਕਿਹਾ, "ਮੈਨੂੰ ਤੈਰਨਾ ਆਉਂਦਾ ਸੀ, ਇਸ ਲਈ ਮੈਂ ਘੰਟਿਆਂ ਤੱਕ ਤੈਰਦੀ ਰਹੀ। ਜਦੋਂ ਵੀ ਮੈਂ ਖੂਹ ਦੀ ਮੋਟਰ ਨਾਲ ਜੁੜੀਆਂ ਤਾਰਾਂ ਅਤੇ ਰਬੜ ਦੀਆਂ ਰੱਸੀਆਂ ਫੜ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੀ ਤਾਂ ਗਿੱਲੀ ਸਤ੍ਹਾ 'ਤੇ ਮੇਰੇ ਪੈਰ ਫਿਸਲ ਜਾਂਦੇ ਅਤੇ ਮੈਂ ਮੁੜ ਹੇਠਾਂ ਡਿੱਗ ਜਾਂਦੀ।''

''ਪਾਣੀ ਵਿੱਚ ਮੇਰੀ ਸਾੜ੍ਹੀ ਭਾਰੀ ਹੋ ਗਈ ਸੀ, ਇਸ ਲਈ ਮੈਂ ਉਸ ਨੂੰ ਉਤਾਰ ਕੇ ਸੁੱਟ ਦਿੱਤਾ। ਮੈਂ ਮਦਦ ਲਈ ਚੀਕਾਂ ਮਾਰਦੀ ਰਹੀ। ਪੂਰੀ ਰਾਤ ਪਾਣੀ ਵਿੱਚ ਰਹਿਣ ਦੌਰਾਨ, ਖੂਹ ਵਿੱਚ ਮੌਜੂਦ ਡੱਡੂ ਮੇਰੇ ਪੈਰਾਂ 'ਤੇ ਕੱਟਦੇ ਰਹੇ।"

2 ਜੁਲਾਈ ਨੂੰ ਨੁਸਥੁੱਲਾਪੁਰ ਪਿੰਡ ਦੇ ਕੁਝ ਕਿਸਾਨ ਖੇਤ 'ਚ ਖੂਹ ਕੋਲ ਆਏ ਤਾਂ ਉਨ੍ਹਾਂ ਨੇ ਲਕਸ਼ਮੀ ਨੂੰ ਸੁਰੱਖਿਅਤ ਬਾਹਰ ਕੱਢਿਆ। ਬਾਅਦ ਵਿੱਚ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਘਟਨਾ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈਕੇ ਅਗਲੇ ਦਿਨ ਬਚਾਅ ਮੁਹਿੰਮ ਪੂਰੀ ਹੋਣ ਤੱਕ, ਲਕਸ਼ਮੀ ਲਗਭਗ 24 ਘੰਟਿਆਂ ਤੱਕ ਖੂਹ ਵਿੱਚ ਇੱਕਲੇ ਅਤੇ ਬੇਵੱਸ ਫਸੇ ਰਹੇ।

ਇੰਝ ਕੱਢਿਆ ਗਿਆ ਲਕਸ਼ਮੀ ਨੂੰ ਖੂਹ 'ਚੋਂ ਬਾਹਰ

ਖੂਹ ਵਿੱਚੋਂ ਕੱਢੇ ਜਾਣ ਦੌਰਾਨ ਲਕਸ਼ਮੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਖੇਤ ਦੇ ਮਾਲਕ ਅਤੇ ਹੋਰ ਪਿੰਡ ਵਾਲਿਆਂ ਨੇ ਮੰਜੇ ਅਤੇ ਰੱਸੀਆਂ ਦੀ ਮਦਦ ਨਾਲ ਲਕਸ਼ਮੀ ਨੂੰ ਖੂਹ ਵਿੱਚੋਂ ਕੱਢਿਆ

ਬੀਬੀਸੀ ਨਾਲ ਗੱਲ ਕਰਦਿਆਂ, ਨੁਸਥੁੱਲਾਪੁਰ ਦੇ ਕਿਸਾਨ ਬੰਗਾਰਾ ਸ੍ਰੀਨਿਵਾਸ ਰੈੱਡੀ ਨੇ ਕਿਹਾ, "ਇਹ ਖੂਹ ਸਾਡੇ ਖੇਤ ਦੇ ਬਿਲਕੁਲ ਨਾਲ ਹੈ। ਮੈਂ ਇਹ ਜਰਜਰ ਖੂਹ ਠੇਕੇ 'ਤੇ ਲਿਆ ਹੋਇਆ ਸੀ।"

"ਹਾਲ ਹੀ ਵਿੱਚ ਖੂਹ ਦੀ ਮੋਟਰ ਖਰਾਬ ਹੋ ਗਈ ਸੀ। ਜਦੋਂ ਮੈਂ ਉਸ ਨੂੰ ਮੁਰੰਮਤ ਲਈ ਭੇਜਣ ਦਾ ਪ੍ਰਬੰਧ ਕਰ ਰਿਹਾ ਸੀ ਤਾਂ ਮੈਂ ਖੂਹ ਦੇ ਅੰਦਰ ਇੱਕ ਮਹਿਲਾ ਨੂੰ ਦੇਖਿਆ। ਜਦੋਂ ਮੈਂ ਉਨ੍ਹਾਂ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਸਨ।"

ਕਿਸਾਨ ਸ੍ਰੀਨਿਵਾਸ ਰੈੱਡੀ ਨੇ ਕਿਹਾ, "ਮੈਂ ਮਦਦ ਲਈ ਕੁਝ ਹੋਰ ਪਿੰਡ ਵਾਸੀਆਂ ਨੂੰ ਬੁਲਾਇਆ। ਅਸੀਂ ਖੇਤ ਵਿੱਚ ਆਰਾਮ ਕਰਨ ਲਈ ਵਰਤੇ ਜਾਣ ਵਾਲੇ ਮੰਜੇ ਦੇ ਚਾਰੇ ਕੋਨਿਆਂ ਨਾਲ ਰੱਸੀਆਂ ਬੰਨ੍ਹੀਆਂ ਅਤੇ ਉਸ ਨੂੰ ਖੂਹ ਵਿੱਚ ਹੇਠਾਂ ਉਤਾਰ ਦਿੱਤਾ।"

"ਉਨ੍ਹਾਂ ਦੇ ਮੰਜੇ 'ਤੇ ਬੈਠਣ ਤੋਂ ਬਾਅਦ ਅਸੀਂ ਯਕੀਨੀ ਬਣਾਇਆ ਕਿ ਉਹ ਸੁਰੱਖਿਅਤ ਹਨ ਅਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਉਦੋਂ ਤੱਕ ਅਸੀਂ ਇੱਕ ਵਿਅਕਤੀ ਨੂੰ ਖੂਹ ਵਿੱਚ ਹੇਠਾਂ ਉਤਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਖਾਣਾ ਅਤੇ ਪਹਿਨਣ ਲਈ ਸੁੱਕੇ ਕੱਪੜੇ ਦੇ ਦਿੱਤੇ ਸਨ। ਪੁਲਿਸ ਦੇ ਆਉਣ ਤੋਂ ਬਾਅਦ ਅਸੀਂ ਮੰਜੇ ਨੂੰ ਉੱਪਰ ਖਿੱਚਿਆ ਅਤੇ ਬਚਾਅ ਕਾਰਜ ਪੂਰਾ ਕੀਤਾ।"

ਵੰਗਲਾ ਸ੍ਰੀਨਿਵਾਸ ਰੈੱਡੀ ਕਹਿੰਦੇ ਹਨ, "ਮੈਨੂੰ ਲੱਗਿਆ ਕਿ ਰੱਬ ਨੇ ਮੈਨੂੰ ਕਿਸੇ ਦੀ ਜਾਨ ਬਚਾਉਣ ਦਾ ਮੌਕਾ ਦਿੱਤਾ ਹੈ।"

'ਆਨਲਾਈਨ ਜੂਏ ਕਾਰਨ ਕਰਜ਼ੇ ਵਿੱਚ ਡੁੱਬਣਾ...'

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਚੋਰੀ ਕੀਤੇ ਗਹਿਣਿਆਂ ਦੇ ਨਾਲ-ਨਾਲ 5,000 ਰੁਪਏ ਨਕਦ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ

ਤਸਵੀਰ ਸਰੋਤ, karimnagar police

ਤਸਵੀਰ ਕੈਪਸ਼ਨ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਚੋਰੀ ਕੀਤੇ ਗਹਿਣਿਆਂ ਦੇ ਨਾਲ-ਨਾਲ 5,000 ਰੁਪਏ ਨਕਦ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ

ਕਰੀਮਨਗਰ ਦੇ ਪੁਲਿਸ ਕਮਿਸ਼ਨਰ ਕੌਸ ਆਲਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 21 ਸਾਲਾ ਧੰਮਾ ਦਿਨੇਸ਼ ਰੈੱਡੀ ਨੂੰ ਸਬੰਧਤ ਸਬੂਤਾਂ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ, "ਦਿਨੇਸ਼ ਰੈੱਡੀ, ਜਿਸ ਨੂੰ ਆਨਲਾਈਨ ਜੂਏ, ਕਲਰ ਟ੍ਰੇਡਿੰਗ ਅਤੇ ਲਾਟਰੀ ਗੇਮਾਂ ਦੀ ਲਤ ਹੈ, ਇਸ ਸਭ ਵਿੱਚ 4 ਲੱਖ ਰੁਪਏ ਹਾਰ ਚੁੱਕਾ ਹੈ। ਸੂਦਖੋਰਾਂ ਤੋਂ ਲਏ ਕਰਜ਼ੇ ਕਾਰਨ ਉਹ ਭਾਰੀ ਦਬਾਅ 'ਚ ਸੀ ਅਤੇ ਉਸ ਨੇ ਆਸਾਨੀ ਨਾਲ ਪੈਸੇ ਕਮਾਉਣ ਦੇ ਮਕਸਦ ਨਾਲ ਇਸ ਅਪਰਾਧ ਦੀ ਯੋਜਨਾ ਬਣਾਈ ਸੀ।''

''ਅਸੀਂ ਉਸ ਨੂੰ ਕਰੀਮਨਗਰ ਬਾਜ਼ਾਰ ਵਿੱਚ ਸ਼ਹੀਦ ਸਮਾਰਕ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਅਗਵਾ ਕਰਨ, ਲੁੱਟ ਕਰਨ ਅਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।''

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਚੋਰੀ ਕੀਤਾ ਸਮਾਨ, ਜਿਸ ਵਿੱਚ ਪੰਜ ਗ੍ਰਾਮ ਸੋਨੇ ਦੇ ਗਹਿਣੇ ਅਤੇ 20 ਗ੍ਰਾਮ ਚਾਂਦੀ ਸ਼ਾਮਲ ਸੀ, ਕਰੀਮਨਗਰ ਦੇ ਟਾਵਰ ਸਰਕਲ ਇਲਾਕੇ ਵਿੱਚ ਇੱਕ ਜੌਹਰੀ ਨੂੰ 30,000 ਰੁਪਏ ਵਿੱਚ ਵੇਚਿਆ ਗਿਆ ਸੀ। ਚੋਰੀ ਕੀਤੇ ਗਹਿਣਿਆਂ ਦੇ ਨਾਲ-ਨਾਲ ਪੁਲਿਸ ਨੇ 5,000 ਰੁਪਏ ਨਕਦ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।

ਪੁਲਿਸ ਕਮਿਸ਼ਨਰ ਨੇ ਇਸ ਕੇਸ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ "ਔਨਲਾਈਨ ਜੂਆ ਅਤੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਵਿਅਕਤੀਆਂ ਨੂੰ ਵਿੱਤੀ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਕਰ ਰਹੇ ਹਨ। ਇਸ ਦਾ ਨਤੀਜਾ ਗੰਭੀਰ ਅਪਰਾਧ ਹੋ ਸਕਦੇ ਹਨ।''

ਉਨ੍ਹਾਂ ਹਿਦਾਇਤ ਦਿੱਤੀ ਕਿ, ''ਕਾਮਿਆਂ ਨੂੰ ਅਜਨਬੀਆਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਇਕੱਲੇ ਨਹੀਂ ਜਾਣਾ ਚਾਹੀਦਾ। ਪਰਿਵਾਰ ਜਾਂ ਸਾਥੀ ਕਾਮਿਆਂ ਨੂੰ ਉਸ ਵਿਅਕਤੀ ਦੇ ਵੇਰਵਿਆਂ ਬਾਰੇ ਸੂਚਿਤ ਕਰਨਾ ਲਾਜ਼ਮੀ ਹੈ ਜੋ ਉਨ੍ਹਾਂ ਨੂੰ ਕੰਮ 'ਤੇ ਲੈਕੇ ਜਾਵੇਗਾ, ਜਿਵੇਂ ਕਿ ਵਾਹਨ ਨੰਬਰ ਅਤੇ ਕਿੱਥੇ ਜਾਣਾ ਹੈ ਆਦਿ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)