ਕਾਕਰੋਚ ਜਨਤਾ ਪਾਰਟੀ ਦਾ ਭਵਿੱਖ ਕੀ ਹੈ? ਹੁਣ ਇਹ ਪਾਰਟੀ ਅੱਗੇ ਕੀ ਕਰੇਗੀ?

ਤਸਵੀਰ ਸਰੋਤ, ANI
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਧਰਮੇਂਦਰ ਪ੍ਰਧਾਨ ਦੇ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇ ਨਾਲ ਹੀ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਖ਼ਤਮ ਹੋ ਚੁੱਕਾ ਹੈ ਅਤੇ ਦਿੱਲੀ ਦੇ ਜੰਤਰ-ਮੰਤਰ 'ਤੇ ਹੁਣ ਹਾਲਾਤ ਆਮ ਦਿਨਾਂ ਵਾਂਗ ਹੋ ਗਏ ਹਨ।
ਐੱਨਡੀਐੱਮਸੀ ਦੇ ਕਰਮਚਾਰੀ ਇੱਥੇ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਪ੍ਰਦਰਸ਼ਨਾਂ ਦੀ ਹਰ ਨਿਸ਼ਾਨੀ ਮਿਟਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਇੱਕ ਪਾਸੇ ਕੰਧਾਂ 'ਤੇ ਲਿਖੇ ਗਏ ਨਾਅਰੇ ਹਟਾਏ ਜਾ ਰਹੇ ਹਨ, ਤਾਂ ਦੂਜੇ ਪਾਸੇ ਇੱਥੋਂ ਦੀਆਂ ਸੜਕਾਂ ਦੀ ਵੀ ਸਫ਼ਾਈ ਕੀਤੀ ਗਈ ਹੈ।
ਇਸ ਦੇ ਨਾਲ ਹੀ ਸੀਜੇਪੀ ਦੇ ਮੁਖੀ ਅਭਿਜੀਤ ਦੀਪਕੇ ਅਤੇ ਉਨ੍ਹਾਂ ਦੇ ਸਮਰਥਕ ਵੀ ਜੰਤਰ-ਮੰਤਰ ਤੋਂ ਵਾਪਸ ਜਾ ਚੁੱਕੇ ਹਨ।
ਤਾਂ ਕੀ ਕਾਕਰੋਚ ਜਨਤਾ ਪਾਰਟੀ ਅਤੇ ਇਸ ਦਾ ਮਕਸਦ ਪੂਰਾ ਹੋ ਚੁੱਕਾ ਹੈ? ਕੀ ਭਾਰਤੀ ਰਾਜਨੀਤੀ ਵਿੱਚ ਇੱਕ ਮਹੀਨੇ ਤੱਕ ਸੁਰਖ਼ੀਆਂ ਵਿੱਚ ਰਹੀ ਸੀਜੇਪੀ ਹੁਣ ਚਰਚਾ ਤੋਂ ਗਾਇਬ ਹੋ ਜਾਵੇਗੀ ਜਾਂ ਇਸ ਦਾ ਕੋਈ ਭਵਿੱਖ ਵੀ ਹੈ?
ਇਸ ਕਹਾਣੀ ਵਿੱਚ ਅਸੀਂ ਕੁਝ ਮਾਹਰਾਂ ਨਾਲ ਗੱਲਬਾਤ ਦੇ ਆਧਾਰ 'ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੋਸ਼ਲ ਮੀਡੀਆ 'ਤੇ ਇੱਕ ਵਿਅੰਗ ਰਾਹੀਂ ਬਣਿਆ ਜਨਰੇਸ਼ਨ ਜ਼ੀ (ਜੈੱਨ ਜ਼ੀ) ਦਾ ਇਹ ਪਲੇਟਫਾਰਮ ਕੀ ਆਉਣ ਵਾਲੇ ਦਿਨਾਂ ਵਿੱਚ ਵੀ ਆਪਣਾ ਪ੍ਰਭਾਵ ਦਿਖਾ ਸਕਦਾ ਹੈ?

ਤਸਵੀਰ ਸਰੋਤ, ANI
ਕੀ ਹੋਵੇਗਾ ਸੀਜੇਪੀ ਦਾ ਭਵਿੱਖ?
ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਪੂਰੀ ਤਰ੍ਹਾਂ ਗ਼ੈਰ-ਰਾਜਨੀਤਕ ਨਜ਼ਰ ਆਇਆ। ਹਾਲਾਂਕਿ, ਉਨ੍ਹਾਂ ਦੇ ਮੰਚ 'ਤੇ ਕਾਂਗਰਸ, ਸਮਾਜਵਾਦੀ ਪਾਰਟੀ, ਟੀਐੱਮਸੀ, ਸ਼ਿਵ ਸੈਨਾ (ਊਧਵ ਠਾਕਰੇ ਧੜਾ), ਐੱਨਸੀਪੀ (ਸ਼ਰਦ ਪਵਾਰ ਧੜਾ) ਵਰਗੀਆਂ ਕਈ ਸਿਆਸੀ ਪਾਰਟੀਆਂ ਦੇ ਆਗੂ ਨਜ਼ਰ ਆਏ।
ਇਸ ਦੇ ਨਾਲ ਹੀ ਫ਼ਿਲਮ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਨੂੰ ਵੀ ਸੀਜੇਪੀ ਦੇ ਨਾਲ ਖੜ੍ਹੇ ਦੇਖਿਆ ਗਿਆ।
ਜੇਐੱਨਯੂ ਦੇ ਸੈਂਟਰ ਫ਼ਾਰ ਪਾਲੀਟਿਕਲ ਸਟੱਡੀਜ਼ ਦੇ ਪ੍ਰੋਫੈਸਰ ਡਾ. ਸੁਧੀਰ ਕੁਮਾਰ ਕਹਿੰਦੇ ਹਨ,
"ਸੀਜੇਪੀ ਨੇ ਆਪਣੀ ਲੰਬੇ ਸਮੇਂ ਦੀ ਰਾਜਨੀਤਕ ਇੱਛਾ ਬਾਰੇ ਕੁਝ ਨਹੀਂ ਕਿਹਾ ਹੈ, ਪਰ ਹੁਣ ਤੱਕ ਉਨ੍ਹਾਂ ਦੀ ਜੋ ਸ਼ੈਲੀ ਰਹੀ ਹੈ, ਉਸ ਤੋਂ ਨਹੀਂ ਲੱਗਦਾ ਕਿ ਉਨ੍ਹਾਂ ਦੀ ਕੋਈ ਰਾਜਨੀਤਕ ਇੱਛਾ ਹੈ।"
ਡਾਕਟਰ ਸੁਧੀਰ ਕੁਮਾਰ ਦੇ ਮੁਤਾਬਕ, "ਮਹੱਤਵਪੂਰਨ ਗੱਲ ਇਹ ਹੈ ਕਿ ਸਿੱਖਿਆ ਨੂੰ ਲੈ ਕੇ ਦਿੱਲੀ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਵਿਦਿਆਰਥੀਆਂ ਦੇ ਕਈ ਅੰਦੋਲਨ ਹੋਏ ਹਨ ਅਤੇ ਜਦੋਂ ਉਹ ਥਕਾਵਟ ਮਹਿਸੂਸ ਕਰ ਰਹੇ ਸਨ, ਇਸ ਅੰਦੋਲਨ ਨੇ ਉਨ੍ਹਾਂ ਵਿੱਚ ਇੱਕ ਨਵੀਂ ਊਰਜਾ ਭਰੀ ਹੈ।"

ਤਸਵੀਰ ਸਰੋਤ, Ritesh Shukla/Getty Images
ਡਾਕਟਰ ਸੁਧੀਰ ਕੁਮਾਰ ਨੇ ਕਿਹਾ, "ਇਸ ਅੰਦੋਲਨ ਵਿੱਚ ਕੁਝ ਖ਼ਾਸ ਤਰੱਕੀ ਹੋਈ ਹੈ। ਰਾਜਨੀਤਕ ਪਾਰਟੀਆਂ ਨੇ ਬਹੁਤ ਤੇਜ਼ੀ ਨਾਲ ਅੰਦੋਲਨ ਦੀਆਂ ਮੰਗਾਂ ਨੂੰ ਆਪਣੇ ਏਜੰਡੇ 'ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਕਾਰਵਾਈ, ਲੋਕਾਂ ਦੀ ਹਿਰਾਸਤ ਅਤੇ ਐੱਫਆਈਆਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਬਹੁਤ ਤੇਜ਼ੀ ਨਾਲ ਸਰਗਰਮ ਹੋਈਆਂ ਹਨ।"
ਤਾਂ ਕੀ ਕਾਕਰੋਚ ਜਨਤਾ ਪਾਰਟੀ ਦੀਆਂ ਮੁੱਖ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਇਹ ਅੰਦੋਲਨ ਅਤੇ ਸੀਜੇਪੀ ਹੁਣ ਖ਼ਤਮ ਹੋ ਜਾਵੇਗੀ?
ਸੀਨੀਅਰ ਪੱਤਰਕਾਰ ਅਤੇ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਮੈਂਬਰ ਰਹੇ ਆਸ਼ੂਤੋਸ਼ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਸੀਜੇਪੀ ਨੇ ਇੱਕ ਇਤਿਹਾਸਕ ਭੂਮਿਕਾ ਨਿਭਾ ਦਿੱਤੀ ਹੈ ਅਤੇ ਉਨ੍ਹਾਂ ਨੇ ਇੱਕ ਰਸਤਾ ਦਿਖਾਇਆ ਹੈ ਕਿ ਨਰਿੰਦਰ ਮੋਦੀ ਵਰਗੇ ਤਾਕਤਵਰ ਨੇਤਾ ਨੂੰ ਝੁਕਾਇਆ ਜਾ ਸਕਦਾ ਹੈ ਅਤੇ ਇੱਕ ਮੰਤਰੀ ਤੋਂ ਅਸਤੀਫ਼ਾ ਲਿਆ ਜਾ ਸਕਦਾ ਹੈ।"
"ਜੇ ਕੋਈ ਇਹ ਸੋਚਦਾ ਹੈ ਕਿ ਸੀਜੇਪੀ ਦੁਬਾਰਾ ਕਿਸੇ ਮੁੱਦੇ 'ਤੇ ਸੜਕਾਂ 'ਤੇ ਉਤਰੇਗੀ ਤਾਂ ਅਜਿਹਾ ਨਹੀਂ ਹੋਵੇਗਾ ਅਤੇ ਨਾ ਹੀ ਇਹ ਕੋਈ ਰਾਜਨੀਤਕ ਪਾਰਟੀ ਬਣਨ ਵਾਲੀ ਹੈ। ਇਹ ਚੰਗਾ ਵੀ ਰਹੇਗਾ ਕਿਉਂਕਿ ਇਸ ਨਾਲ ਅੰਦੋਲਨ ਦੀ ਮਾਣ-ਮਰਿਆਦਾ ਖ਼ਤਮ ਹੋ ਜਾਂਦੀ ਹੈ। ਪੂਰੀ ਦੁਨੀਆ ਨੇ ਦੇਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਬਾਅਦ ਵਿੱਚ ਕੀ ਹਸ਼ਰ ਹੋਇਆ ਹੈ।"

ਤਸਵੀਰ ਸਰੋਤ, ANI
ਨੌਜਵਾਨਾਂ ਦੇ ਅੰਦੋਲਨ ਦਾ ਸੰਦੇਸ਼
ਪਟਨਾ ਦੇ ਏਐੱਨ ਸਿਨ੍ਹਾ ਇੰਸਟੀਚਿਊਟ ਆਫ਼ ਸੋਸ਼ਲ ਸੱਟਡੀਜ਼ ਦੇ ਸਾਬਕਾ ਨਿਰਦੇਸ਼ਕ ਡੀਐੱਮ ਦਿਵਾਕਰ ਕਹਿੰਦੇ ਹਨ, "ਅੰਦੋਲਨਾਂ ਤੋਂ ਹੀ ਰਾਜਨੀਤਕ ਪਾਰਟੀਆਂ ਨਿਕਲਦੀਆਂ ਹਨ। ਤੁਸੀਂ ਦੇਖੋਗੇ ਕਿ 1974 ਦਾ ਅੰਦੋਲਨ ਵੀ 'ਵਿਦਿਆਰਥੀ ਸੰਘਰਸ਼ ਵਾਹਿਨੀ' ਵੱਲੋਂ ਕੀਤਾ ਜਾ ਰਿਹਾ ਸੀ।"
"ਬਾਅਦ ਵਿੱਚ ਇਸੇ ਤੋਂ ਜਨਤਾ ਪਾਰਟੀ ਨਿਕਲੀ ਅਤੇ ਉਨ੍ਹਾਂ ਨੇ ਕੇਂਦਰ ਵਿੱਚ ਇੰਦਰਾ ਗਾਂਧੀ ਨੂੰ ਹਰਾਇਆ। ਫਿਰ ਵਿਦਿਆਰਥੀ ਅੰਦੋਲਨ ਦੇ ਆਗੂਆਂ ਨੇ ਹੀ ਕਈ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਨੂੰ ਹਟਾਇਆ।"
ਡੀਐੱਮ ਦਿਵਾਕਰ ਦਾ ਕਹਿਣਾ ਹੈ, "ਸੀਜੇਪੀ ਕੋਈ ਰਾਜਨੀਤਕ ਪਾਰਟੀ ਨਹੀਂ ਹੈ, ਪਰ ਇਸ ਦਾ ਏਜੰਡਾ ਰਾਜਨੀਤਕ ਹੈ। ਤੁਸੀਂ ਉਨ੍ਹਾਂ ਦੇ ਬਿਆਨਾਂ ਨੂੰ ਦੇਖੋਗੇ ਤਾਂ ਉਹ ਪ੍ਰਣਾਲੀ ਵਿੱਚ ਸੁਧਾਰ ਅਤੇ ਭਾਜਪਾ ਨੂੰ ਹਟਾਉਣ ਵਰਗੀਆਂ ਗੱਲਾਂ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਸੀਜੇਪੀ ਜ਼ੈੱਨ ਜ਼ੀ ਨੂੰ ਨਾਲ ਲੈ ਕੇ ਇੱਕ ਆਉਣ ਵਾਲੇ ਸਮੇਂ ਦੀ ਰਾਜਨੀਤਕ ਪਾਰਟੀ ਬਣ ਸਕਦੀ ਹੈ।"
ਡੀਐੱਮ ਦਿਵਾਕਰ ਕਹਿੰਦੇ ਹਨ, "ਬੇਸ਼ੱਕ 1974 ਵਿੱਚ ਵਿਦਿਆਰਥੀਆਂ ਨੇ ਖ਼ੁਦ ਜੇਪੀ ਨੂੰ ਕਹਿ ਕੇ ਉਨ੍ਹਾਂ ਨੂੰ ਆਪਣਾ ਆਗੂ ਬਣਾਇਆ ਸੀ, ਪਰ ਤੁਸੀਂ ਧਿਆਨ ਦਿਓ ਤਾਂ ਆਮ ਆਦਮੀ ਪਾਰਟੀ ਵਿੱਚ ਵੀ ਕੋਈ ਅਜਿਹਾ ਆਗੂ ਨਹੀਂ ਸੀ, ਜਿਸ ਕੋਲ ਕੋਈ ਰਾਜਨੀਤਕ ਤਜਰਬਾ ਹੋਵੇ। ਫਿਰ ਵੀ ਉਹ ਰਾਜਨੀਤਕ ਤੌਰ 'ਤੇ ਸਫ਼ਲ ਹੋਏ।"
ਉਹ ਕਹਿੰਦੇ ਹਨ, "ਸੋਨਮ ਵਾਂਗਚੁਕ ਪੜ੍ਹੇ-ਲਿਖੇ ਹਨ। ਉਹ ਚੰਗੇ ਸਮਾਜਿਕ ਮੋਬਿਲਾਈਜ਼ਰ ਹਨ ਅਤੇ ਦੂਰਦਰਸ਼ੀ ਵੀ ਹਨ, ਪਰ ਉਹ ਜੇਪੀ ਨਹੀਂ ਹਨ ਅਤੇ ਇਹ ਇੱਕ ਕਮੀ ਮੈਨੂੰ ਜੈੱਨ ਜ਼ੀ ਦੇ ਅੰਦੋਲਨ ਵਿੱਚ ਦਿਖਦੀ ਹੈ। ਪਰ ਇਹ ਸੰਭਵ ਹੈ ਕਿ ਸੀਜੇਪੀ ਦੇ ਮੈਂਬਰਾਂ ਵਿੱਚੋਂ ਹੀ ਕੋਈ ਇੱਕ ਆਗੂ ਬਣ ਜਾਵੇ।"
ਭਾਰਤ ਵਿੱਚ ਹਾਲੀਆ ਸਮੇਂ ਦੀ ਸਭ ਤੋਂ ਨਵੀਂ ਅਤੇ ਸਫ਼ਲ ਰਾਜਨੀਤਕ ਪਾਰਟੀ ਦੀ ਗੱਲ ਕਰੀਏ ਤਾਂ ਉਹ 'ਆਮ ਆਦਮੀ ਪਾਰਟੀ' ਹੈ। ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਮ 'ਤੇ ਚੱਲ ਰਿਹਾ ਇੱਕ ਅੰਦੋਲਨ ਇੱਕ ਰਾਜਨੀਤਕ ਪਾਰਟੀ ਵਿੱਚ ਬਦਲ ਗਿਆ।
ਹਾਲਾਂਕਿ ਇਸਦੇ ਆਗੂ ਵੀ ਸ਼ੁਰੂ ਵਿੱਚ ਇਸ ਗੱਲ ਤੋਂ ਇਨਕਾਰ ਕਰਦੇ ਸਨ ਕਿ ਉਨ੍ਹਾਂ ਦੇ ਅੰਦੋਲਨ ਦੇ ਪਿੱਛੇ ਕੋਈ ਰਾਜਨੀਤਕ ਇੱਛਾ ਹੈ, ਜਦਕਿ ਉਨ੍ਹਾਂ ਦਾ ਅੰਦੋਲਨ ਕਈ ਮਹੀਨਿਆਂ ਤੱਕ ਚੱਲਿਆ।
ਅਜਿਹੇ ਵਿੱਚ ਸਿਰਫ਼ ਕੁਝ ਹਫ਼ਤੇ ਪੁਰਾਣੇ ਸੀਜੇਪੀ ਦੇ ਅੰਦੋਲਨ ਬਾਰੇ ਭਵਿੱਖਬਾਣੀ ਕਰਨਾ ਬਹੁਤ ਆਸਾਨ ਨਹੀਂ ਹੋਵੇਗਾ।
'ਕਾਕਰੋਚ' ਪ੍ਰਤੀਕ

ਤਸਵੀਰ ਸਰੋਤ, Ritesh Shukla/Getty Images)
ਡਾਕਟਰ ਸੁਧੀਰ ਕੁਮਾਰ ਮੰਨਦੇ ਹਨ ਕਿ ਇਹ ਸੀਜੇਪੀ ਨਾਲੋਂ ਵੀ ਵੱਧ ਭਾਰਤ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਅੰਦੋਲਨ ਸੀ।
ਉਨ੍ਹਾਂ ਦਾ ਕਹਿਣਾ ਹੈ, "ਇਸ ਅੰਦੋਲਨ ਦੀ ਇੱਕ ਮਹੱਤਵਪੂਰਨ ਗੱਲ 'ਕਾਕਰੋਚ' ਦਾ ਪ੍ਰਤੀਕ ਹੈ, ਕਿਉਂਕਿ ਇਹ ਪ੍ਰਤੀਕ ਸਾਡੀ ਰਾਜਨੀਤੀ ਵਿੱਚ ਬਹੁਤ ਵੱਖਰਾ ਹੈ। ਕਾਕਰੋਚ ਨੂੰ ਸਾਡੇ ਸਮਾਜ ਵਿੱਚ ਬਹੁਤ ਵੱਖਰੇ ਢੰਗ ਨਾਲ ਵੇਖਿਆ ਜਾਂਦਾ ਹੈ।"
"ਧਰਨਾ-ਪ੍ਰਦਰਸ਼ਨ ਸਮਾਪਤ ਕਰਦੇ ਹੋਏ ਅਭਿਜੀਤ ਦੀਪਕੇ ਨੇ ਕਿਹਾ ਕਿ 'ਤੁਸੀਂ ਸਮਝ ਸਕਦੇ ਹੋ ਕਿ ਕਾਕਰੋਚ ਕੀ ਕਰ ਸਕਦੇ ਹਨ।' ਇਹ ਇੱਕ ਵੱਡਾ ਸੰਦੇਸ਼ ਹੈ। ਜਿਨ੍ਹਾਂ ਨੂੰ ਸਮਾਜ ਵਿੱਚ ਦੱਬਿਆ-ਕੁਚਲਿਆ ਸਮਝਿਆ ਜਾਂਦਾ ਹੈ, ਜਿਨ੍ਹਾਂ ਨੂੰ ਹਾਸ਼ੀਏ 'ਤੇ ਸਮਝਿਆ ਜਾਂਦਾ ਹੈ, ਇਹ ਉਨ੍ਹਾਂ ਦੀ ਆਵਾਜ਼ ਦੀ ਹੀ ਗੂੰਜ ਹੈ।"
ਡਾਕਟਰ ਸੁਧੀਰ ਕੁਮਾਰ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਸਿਰਫ਼ ਵੋਟ ਪਾਉਣ ਦਾ ਅਧਿਕਾਰ ਨਹੀਂ ਚਾਹੀਦਾ, ਸਗੋਂ ਉਨ੍ਹਾਂ ਨੇ ਦੱਸਿਆ ਹੈ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ ਅਤੇ ਜਦੋਂ ਵੀ ਉਨ੍ਹਾਂ ਨੂੰ ਲੱਗੇਗਾ ਕਿ ਉਸ ਭੂਮਿਕਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਉਹ ਸੜਕਾਂ 'ਤੇ ਉਤਰ ਕੇ ਉਸ ਭੂਮਿਕਾ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਡਾਕਟਰ ਸੁਧੀਰ ਕੁਮਾਰ ਦੀ ਇਸ ਗੱਲ ਨਾਲ ਆਸ਼ੁਤੋਸ਼ ਵੀ ਸਹਿਮਤ ਦਿਖਦੇ ਹਨ।
ਆਸ਼ੁਤੋਸ਼ ਨੇ ਕਿਹਾ, "ਸੀਜੇਪੀ ਦੇ ਅੰਦੋਲਨ ਨੇ ਜੈੱਨ ਜ਼ੀ ਦੇ ਅੰਦਰ ਇੱਕ ਲੋਕਤੰਤਰੀ ਚੇਤਨਾ ਸਥਾਪਤ ਕੀਤੀ ਹੈ। ਲੋਕ ਕਹਿੰਦੇ ਸਨ ਕਿ ਅੱਜ ਦੇ ਨੌਜਵਾਨ ਮੀਮ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਰੁੱਝੇ ਰਹਿੰਦੇ ਹਨ, ਪਰ ਲੋਕਾਂ ਦਾ ਇਹ ਭਰਮ ਟੁੱਟ ਗਿਆ ਹੈ ਅਤੇ ਜੈੱਨ ਜ਼ੀ ਨੇ ਦਿਖਾ ਦਿੱਤਾ ਹੈ ਕਿ ਲੋੜ ਪੈਣ 'ਤੇ ਉਹ ਸੜਕਾਂ 'ਤੇ ਵੀ ਉਤਰਣਗੇ।"
ਉਨ੍ਹਾਂ ਦਾ ਕਹਿਣਾ ਹੈ, "ਨੌਜਵਾਨਾਂ ਨੇ ਇੱਕ ਮਨਮਰਜ਼ੀ ਵਾਲੀ ਸਰਕਾਰ ਨੂੰ ਲੋਕਤੰਤਰੀ ਰਸਤੇ 'ਤੇ ਵਾਪਸ ਆਉਣ ਲਈ ਮਜਬੂਰ ਕੀਤਾ ਹੈ। ਕਿਸ ਨੇ ਸੋਚਿਆ ਸੀ ਕਿ ਅਮਰੀਕਾ ਤੋਂ ਆ ਕੇ ਇੱਕ ਮੁੰਡਾ ਇਸ ਤਰ੍ਹਾਂ ਦਾ ਅੰਦੋਲਨ ਖੜ੍ਹਾ ਕਰ ਦੇਵੇਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਤ ਦੇ 12 ਵਜੇ ਰੀਲ ਬਣਾਉਣੀ ਪਵੇਗੀ।"

ਤਸਵੀਰ ਸਰੋਤ, Sonu Mehta/Hindustan Times via Getty Images
ਸੋਸ਼ਲ ਮੀਡੀਆ ਦਾ ਅਸਰ
ਸੀਜੇਪੀ ਨੂੰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਅਸਰ ਨਾਲ ਪੈਦਾ ਹੋਇਆ ਇੱਕ ਅੰਦੋਲਨ ਮੰਨਿਆ ਜਾਂਦਾ ਹੈ। ਇਸਦੀ ਸ਼ੁਰੂਆਤ ਵੀ ਸੋਸ਼ਲ ਮੀਡੀਆ ਤੋਂ ਹੀ ਹੋਈ ਸੀ।
ਦਰਅਸਲ 15 ਮਈ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਸੂਰਿਆਕਾਂਤ ਇੱਕ ਸੀਨੀਅਰ ਵਕੀਲ ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤੇ ਜਾਣ ਦੀ ਮੰਗ ਨਾਲ ਸੰਬੰਧਿਤ ਇੱਕ ਵਕੀਲ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਨਿਆਂਪਾਲਿਕਾ 'ਤੇ ਵੱਧ ਰਹੇ 'ਅਣਉਚਿਤ ਹਮਲਿਆਂ' ਬਾਰੇ ਸਖ਼ਤ ਟਿੱਪਣੀ ਕੀਤੀ।
ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਕਿਹਾ, "ਕੁਝ ਨੌਜਵਾਨ ਅਜਿਹੇ ਹਨ, ਜੋ ਰੁਜ਼ਗਾਰ ਨਾ ਮਿਲਣ ਅਤੇ ਪੇਸ਼ੇ ਵਿੱਚ ਥਾਂ ਨਾ ਬਣਾ ਸਕਣ ਕਾਰਨ ਕਾਕਰੋਚਾਂ ਵਾਂਗ ਹਰ ਜਗ੍ਹਾ ਫੈਲ ਜਾਂਦੇ ਹਨ। ਉਨ੍ਹਾਂ ਵਿੱਚੋਂ ਕੁਝ ਮੀਡੀਆ ਬਣ ਜਾਂਦੇ ਹਨ, ਕੁਝ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਜਾਂਦੇ ਹਨ, ਕੁਝ ਆਰਟੀਆਈ ਕਾਰਕੁਨ ਬਣ ਜਾਂਦੇ ਹਨ, ਕੁਝ ਹੋਰ ਕਿਸਮ ਦੇ ਐਕਟਿਵਿਸਟ ਬਣ ਜਾਂਦੇ ਹਨ ਅਤੇ ਫਿਰ ਹਰ ਕਿਸੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ।"
ਹਾਲਾਂਕਿ 16 ਮਈ ਨੂੰ ਉਨ੍ਹਾਂ ਨੇ ਕਿਹਾ ਕਿ ਮੀਡੀਆ ਦੇ ਇੱਕ ਵਰਗ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ।
ਲਾਈਵ ਲਾਅ ਅਤੇ ਬਾਰ ਐਂਡ ਬੈਂਚ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਸਿਰਫ਼ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਨ, ਜਿਨ੍ਹਾਂ ਨੇ ਜਾਅਲੀ ਜਾਂ ਨਕਲੀ ਡਿਗਰੀਆਂ ਦੇ ਸਹਾਰੇ ਵਕਾਲਤ ਵਰਗੇ ਪੇਸ਼ਿਆਂ ਵਿੱਚ ਦਾਖ਼ਲਾ ਲਿਆ ਹੈ, ਨਾ ਕਿ ਆਮ ਤੌਰ 'ਤੇ ਨੌਜਵਾਨਾਂ ਦੇ ਖ਼ਿਲਾਫ਼।
ਪਰ ਉਦੋਂ ਤੱਕ ਉਨ੍ਹਾਂ ਦੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਕਾਕਰੋਚ' ਸ਼ਬਦ ਨੂੰ ਲੈ ਕੇ ਕਈ ਲੋਕਾਂ ਨੇ ਚਰਚਾ ਸ਼ੁਰੂ ਕਰ ਦਿੱਤੀ ਸੀ। ਇਸ ਚਰਚਾ ਦੇ ਕੇਂਦਰ ਵਿੱਚ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ) ਰਹੀ।
ਇੰਟਰਨੈੱਟ 'ਤੇ ਇਸਦੇ ਨਾਮ ਨਾਲ ਵੈੱਬਸਾਈਟ ਬਣ ਗਈ ਅਤੇ ਇੰਸਟਾਗ੍ਰਾਮ 'ਤੇ ਇਸਦੇ ਲੱਖਾਂ ਫਾਲੋਅਰ ਹੋ ਗਏ।
ਇੱਥੋਂ ਹੀ ਸੀਜੇਪੀ ਵੱਲੋਂ ਨੀਟ ਪੇਪਰ ਲੀਕ ਬਾਰੇ ਚਰਚਾ ਅਤੇ ਉਸ ਵੇਲੇ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਸ਼ੁਰੂ ਹੋਈ। ਉਨ੍ਹਾਂ ਨੇ ਇਸ ਮੰਗ ਨਾਲ ਪਹਿਲੀ ਵਾਰ 6 ਜੂਨ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ, ਫਿਰ ਭਾਰਤ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਪ੍ਰਦਰਸ਼ਨ ਕੀਤੇ।
ਆਖ਼ਿਰਕਾਰ ਉਨ੍ਹਾਂ ਨੇ 20 ਜੂਨ ਤੋਂ ਜੰਤਰ-ਮੰਤਰ 'ਤੇ ਅੰਦੋਲਨ ਸ਼ੁਰੂ ਕਰ ਦਿੱਤਾ, ਜਿਸ ਦਾ ਅੰਜਾਮ 25 ਜੁਲਾਈ, ਸ਼ਨੀਵਾਰ ਨੂੰ ਵੇਖਣ ਨੂੰ ਮਿਲਿਆ, ਜਦੋਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ।
ਡਾਕਟਰ ਸੁਧੀਰ ਕੁਮਾਰ ਕਹਿੰਦੇ ਹਨ, "ਇਹ ਆਸਾਨ ਨਹੀਂ ਹੁੰਦਾ, ਇੱਕ ਮਹੀਨਾ ਘਰ ਛੱਡ ਕੇ ਬਾਹਰ ਰਹਿਣਾ, ਮਾਪਿਆਂ ਦਾ ਦਬਾਅ, ਪੜ੍ਹਾਈ ਦਾ ਦਬਾਅ, ਕਰੀਅਰ ਦਾ ਦਬਾਅ। ਜੇਕਰ ਸੀਜੇਪੀ ਆਪਣੇ ਹੋਰ ਮੁੱਦਿਆਂ ਨੂੰ ਅੱਗੇ ਨਾ ਵੀ ਵਧਾ ਸਕੇ ਤਾਂ ਵੀ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਉਠਾਇਆ ਹੈ।"
ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਉਨ੍ਹਾਂ ਮੁੱਦਿਆਂ ਨੂੰ ਕਿਵੇਂ ਉਠਾਉਂਦੀਆਂ ਹਨ, ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















